Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਹੋਈ ਤਿੱਖੀ ਬਹਿਸ ਸਫ਼ਾਈ, ਠੇਕੇਦਾਰਾਂ ਤੋਂ ਕਮਿਸ਼ਨ ਲੈਣ, ਆਵਾਰਾ ਕੁੱਤੇ, ਪੱਖਪਾਤ, ਨਾਜਾਇਜ਼ ਰੇਹੜੀਆਂ ਦੇ ਮੁੱਦੇ ’ਤੇ ਤਿੱਖੀ ਬਹਿਸ ਰਿਸ਼ਵ ਜੈਨ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਦਾ ਦੋਸ਼ ਲਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ: ਮੁਹਾਲੀ ਨਗਰ ਨਿਗਮ ਦੀ ਮੀਟਿੰਗ ਅੱਜ ਇੱਥੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਰੋਧੀ ਧਿਰ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਮਨਜੀਤ ਸਿੰਘ ਸੇਠੀ ਨੇ ਕਈ ਮੁੱਦਿਆਂ ’ਤੇ ਮੇਅਰ ਨੂੰ ਘੇਰਿਆ ਅਤੇ ਅਧਿਕਾਰੀਆਂ ’ਤੇ ਵੀ ਨਿਸ਼ਾਨਾ ਸਾਧਿਆ। ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਪੀਲ ’ਤੇ ਮੇਅਰ ਦੀ ਮਾਤਾ ਅਤੇ ਮਹਿਲਾ ਕੌਂਸਲਰ ਦੀ ਸੱਸ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਸੈਕਟਰੀ ਨੇ ਹਾਲੇ ਮੀਟਿੰਗ ਦਾ ਏਜੰਡਾ ਪੜ੍ਹਨਾ ਸ਼ੁਰੂ ਹੀ ਕੀਤਾ ਸੀ ਤਾਂ ਵਿਰੋਧੀ ਧਿਰ ਦੇ ਕੌਂਸਲਰ ਸੁਖਦੇਵ ਪਟਵਾਰੀ ਨੇ ਸਮੇਂ ਸਿਰ ਮੀਟਿੰਗ ਨਾ ਬੁਲਾਉਣ ਦਾ ਮੁੱਦਾ ਚੁੱਕਦਿਆਂ ਮੇਅਰ ’ਤੇ ਮਿਉਂਸਪਲ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਐਕਟ ਨੂੰ ਹਰ ਮਹੀਨੇ ਘੱਟੋ-ਘੱਟ ਇੱਕ ਮੀਟਿੰਗ ਜ਼ਰੂਰ ਹੋਣੀ ਚਾਹੀਦੀ ਹੈ। ਮਨਜੀਤ ਸਿੰਘ ਸੇਠੀ ਨੇ ਠੇਕੇਦਾਰਾਂ ਕੋਲੋਂ ਕਮਿਸ਼ਨ ਲੈਣ ਦਾ ਮੁੱਦਿਆਂ ਚੁੱਕਿਆਂ ਤਾਂ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਸੂਝਿਆ। ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਟੋਕਦਿਆਂ ਕਿਹਾ ਕਿ ਇੱਕ ਪਾਸੇ ਉਹ ਮੀਟਿੰਗ ਨਾ ਸੱਦਣ ਦੇ ਦੋਸ਼ ਲਗਾਉਂਦੇ ਹਨ, ਦੂਜੇ ਪਾਸੇ ਹੁਣ ਮੀਟਿੰਗ ਸ਼ੁਰੂ ਨਹੀਂ ਹੋਣ ਦੇ ਰਹੇ। ਪਹਿਲਾਂ ਹੀ ਰੌਲਾ ਪਾ ਕੇ ਬੈਠ ਗਏ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਅਤੇ ਅਧਿਕਾਰੀ ’ਤੇ ਗੱਲ ਨਾ ਸੁਣਨ ਦਾ ਦੋਸ਼ ਲਾਇਆ ਤਾਂ ਕਮਿਸ਼ਨਰ ਨਵਜੋਤ ਕੌਰ ਨੇ ਜੈਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਸਬੰਧੀ ਮੌਕੇ ਦੀਆਂ ਫੋਟੋਆਂ ਦਿਖਾਈਆਂ। ਕਾਂਗਰਸੀ ਕੌਂਸਲਰ ਵਿਨੀਤ ਮਲਕ ਨੇ ਆਵਾਰਾ ਕੁੱਤਿਆਂ ਦਾ ਮੁੱਦਾ ਚੁੱਕਿਆ, ਕੁਲਵੰਤ ਸਿੰਘ ਕਲੇਰ ਨੇ ਸ਼ਹਿਰ ਵਿੱਚ ਨਾਜਾਇਜ਼ ਰੇਹੜੀਆਂ ਦਾ ਮੁੱਦਾ ਚੁੱਕਿਆ। ਜਿਸ ਦਾ ਪੂਰੇ ਹਾਊਸ ਨੇ ਸਮਰਥਨ ਕੀਤਾ। ਮਨਜੀਤ ਸੇਠੀ ਨੇ ਦਫ਼ਤਰੀ ਕਰਮਚਾਰੀ ’ਤੇ ਰੋਜ਼ਾਨਾ ਸ਼ਾਮ ਨੂੰ ਰੇਹੜੀਆਂ ਤੋਂ ਪੈਸੇ ਇਕੱਠੇ ਕਰਨ ਦਾ ਦੋਸ਼ ਲਾਇਆ। ਰਜਿੰਦਰ ਸਿੰਘ ਰਾਣਾ ਨੇ ਸੀਵਰੇਜ ਕਾਰਨ ਪੁੱਟੀ ਬਾਵਾ ਹਾਊਸ ਤੋਂ ਸੈਕਟਰ-57 ਤੱਕ ਸੜਕ ਜਲਦੀ ਬਣਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ ਸਫ਼ਾਈ ਦੀ ਮਾੜੀ ਹਾਲਤ ’ਤੇ ਵੀ ਸਵਾਲ ਚੁੱਕੇ ਗਏ। ਮੀਟਿੰਗ ਤੋਂ ਬਾਅਦ ਅਕਾਲੀ ਦਲ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਸਫ਼ਾਈ ਦੇ ਮੁੱਦੇ ’ਤੇ ਮੇਅਰ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠ ਗਈ। ਉਨ੍ਹਾਂ ਵਿਕਾਸ ਪੱਖੋਂ ਸੋਹਾਣਾ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ। ਮੇਅਰ ਜੀਤੀ ਸਿੱਧੂ ਨੇ ਉਨ੍ਹਾਂ ਨੂੰ ਧਰਨਾ ਖ਼ਤਮ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਤਿਹਾਸਕ ਨਗਰ ਸੋਹਾਣਾ ਦੇ ਜੋ ਵੀ ਕੰਮ ਪੈਂਡਿੰਗ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮਗਰੋਂ ਉਹ ਧਰਨੇ ਤੋਂ ਉੱਠ ਗਏ। ‘ਆਪ’ ਦੀ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਵੀ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਨਾਲ ਪੱਖਪਾਤ ਦਾ ਦੋਸ਼ ਲਾਇਆ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਅਧੂਰੇ ਪਏ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਨਾਜਾਇਜ਼ ਰੇਹੜੀਆਂ ਅਤੇ ਪੈਸਿਆਂ ਦੀ ਵਸੂਲੀ ਬਾਰੇ ਉਨ੍ਹਾਂ ਕਿਹਾ ਕਿ ਅੱਜ ਹਾਊਸ ਵਿੱਚ ਇੱਕ ਕਰਮਚਾਰੀ ਦਾ ਨਾਮ ਸਾਹਮਣੇ ਆਇਆ ਹੈ, ਜਿਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸੰਯੁਕਤ ਕਮਿਸ਼ਨਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਯਕੀਨੀ ਬਣਾਈ ਜਾਵੇਗੀ। ਲਾਇਸੈਂਸੀ ਰੇਹੜੀਆਂ ਵੱਲੋਂ ਨਿਯਮਾਂ ਦੇ ਖ਼ਿਲਾਫ਼ ਵਾਧੂ ਏਰੀਆ ਘੇਰਨ ਵਾਲਿਆਂ ’ਤੇ ਵੀ ਕਾਰਵਾਈ ਕਰਨ ਦੀ ਗੱਲ ਆਖੀ। ਮੇਅਰ ਨੇ ਕਿਹਾ ਕਿ ਸੀਵਰੇਜ ਪਾਉਣ ਕਾਰਨ ਇੱਕ ਸਾਈਡ ਤੋਂ ਪੁੱਟੀ ਸੜਕ ਦਾ ਨਿਰਮਾਣ ਜਲਦੀ ਪੂਰਾ ਕੀਤਾ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ