Share on Facebook Share on Twitter Share on Google+ Share on Pinterest Share on Linkedin ਨਸ਼ਿਆਂ ਤੇ ਜੁਰਮ ਨੂੰ ਠੱਲ੍ਹ ਪਾਉਣ ਲਈ ਪੁਲੀਸ ਦੀ ਨਿਵੇਕਲੀ ਪਹਿਲਕਦਮੀ ਪਿੰਡਾਂ ਵਿੱਚ ਸ਼ਿਕਾਇਤ, ਸੁਝਾਅ ਤੇ ਗੁਪਤ ਸੂਚਨਾ ਦੇਣ ਲਈ ਵਿਸ਼ੇਸ਼ ਬਕਸੇ ਲਗਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਬੁੱਕਲ ਵਿੱਚ ਵਸਦੇ ਆਈਟੀ ਸਿਟੀ ਅਤੇ ਵੀਆਈਪੀ ਜ਼ਿਲ੍ਹਾ ਮੁਹਾਲੀ ਵਿੱਚ ਨਸ਼ਿਆਂ ਅਤੇ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲੀਸ ਨੇ ਨਿਵੇਕਲੀ ਪਹਿਲਕਦਮੀ ਕੀਤੀ ਹੈ। ਜਿਸ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਲਾਂਡਰਾਂ-ਸਰਹਿੰਦ ਮਾਰਗ ਅਤੇ ਨੇੜਲੇ ਕਰੀਬ ਦੋ ਦਰਜਨ ਪਿੰਡਾਂ ਵਿੱਚ ਮਜਾਤ ਪੁਲੀਸ ਚੌਂਕੀ ਦੇ ਇੰਚਾਰਜ ਕਮਲ ਤਨੇਜਾ ਵੱਲੋਂ ਪੁਲੀਸ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਤੇ ਸੁਝਾਅ ਦੇਣ ਅਤੇ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਗੁਪਤ ਸੂਚਨਾ ਦੇਣ ਲਈ ਵਿਸ਼ੇਸ਼ ਬਕਸੇ ਲਗਾਏ ਗਏ ਹਨ। ਜਿਸ ਦੀ ਚਾਬੀ ਪੁਲੀਸ ਚੌਂਕੀ ਇੰਚਾਰਜ ਅਤੇ ਮੁਨਸ਼ੀ ਕੋਲ ਹੀ ਹੁੰਦੀ ਹੈ। ਪੁਲੀਸ ਚੌਂਕੀ ਦੇ ਇੰਚਾਰਜ ਕਮਲ ਤਨੇਜਾ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤ ਤੇ ਸੁਝਾਅ ਬਕਸਿਆਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਗੁਪਤ ਸੂਚਨਾਵਾਂ ਨੂੰ ਆਧਾਰ ਬਣਾ ਕੇ ਹੁਣ ਤੱਕ ਨਸ਼ਾ ਵੇਚਣ ਵਾਲਿਆਂ ਵਿਰੁੱਧ ਦੋ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਉਂਜ ਕਈ ਲਾਗ-ਡਾਟ ਅਤੇ ਕੁੱਝ ਝੂਠੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਬਕਸਾ ਲਗਾਉਣ ਤੋਂ ਪਹਿਲਾਂ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਬਾਅਦ ਇਨ੍ਹਾਂ ਸ਼ਿਕਾਇਤ\ਸੁਝਾਅ ਬਕਸਿਆਂ ਨੂੰ ਖੋਲ੍ਹਿਆ ਜਾਂਦਾ ਹੈ। ਉਧਰ, ਮੁਹਾਲੀ ਦੇ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲੀਸ ਲੋਕਾਂ ਦੀ ਸੱਚੀ ਮਿੱਤਰ ਹੈ ਅਤੇ ਪੁਲੀਸ ਦੀ ਕੋਸ਼ਿਸ਼ ਲੋਕਾਂ ਲਈ ਇੱਕ ਚੰਗਾ ਮਾਹੌਲ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣਾ ਨਾਮ ਤੇ ਪਤਾ ਦੱਸੇ ਬਿਨਾਂ ਚਿੱਠੀ ਪੱਤਰ ਲਿਖ ਕੇ ਪੁਲੀਸ ਤੱਕ ਪੁੱਜਦੀ ਕਰ ਸਕਦਾ ਹੈ। ਉਂਜ ਵੀ ਜੇਕਰ ਕੋਈ ਪਿੰਡ ਵਾਸੀ ਨਸ਼ਾ ਵੇਚਣ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਬਾਰੇ ਪੁਲੀਸ ਨੂੰ ਇਤਲਾਹ ਦਿੰਦਾ ਹੈ ਤਾਂ 100 ਫੀਸਦੀ ਉਸ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਇਸ ਲਈ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਆਮ ਲੋਕ ਬੇਖ਼ੌਫ਼ ਹੋ ਕੇ ਪੁਲੀਸ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਵਿੱਚ ਪਹਿਲਾਂ ਨਾਲੋਂ ਵਧੇਰੇ ਪੁਲੀਸ ਗਸ਼ਤ ਵਧਾਈ ਗਈ ਹੈ ਅਤੇ ਰਿਹਾਇਸ਼ੀ ਸੁਸਾਇਟੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ