ਸਰਹੱਦੀ ਸੂਬੇ ਪੰਜਾਬ ਦੀ ਗੜਬੜੀ ਦੇਸ਼ ਲਈ ਨੁਕਸਾਨਦੇਹ : ਪ੍ਰੋ: ਸਰਚਾਂਦ ਸਿੰਘ ਖਿਆਲਾ।

ਰਾਸ਼ਟਰੀ ਸੁਰੱਖਿਆ ਅਤੇ ਭਾਈਚਾਰਕ ਸਾਂਝ ਨੂੰ ਚੁਨੌਤੀ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਣ ਚਾਹੀਦਾ ।

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 11 ਦਸੰਬਰ:
ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਕਿਸਤਾਨ ਤੋਂ ਸੰਚਾਲਿਤ ਅਤਿਵਾਦ ਅਤੇ ਪੰਜਾਬ ਦੇ ਗੈਂਗਸਟਰਾਂ ਦੇ ਗੱਠਜੋੜ ਕਾਰਨ ਪੈਦਾ ਹੋਏ ’ਹਾਈਬ੍ਰਿਡ ਅਤਿਵਾਦ’ ਨਾਲ ਨਜਿੱਠਣਾ ਪੰਜਾਬ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਨਵੀਂ ਚੁਨੌਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਨੂੰ ਇਕ ਦੂਜੇ ’ਤੇ ਦੋਸ਼ ਮੜ੍ਹਨ ਦੀ ਬਜਾਏ ਦੇਸ਼ ਤੇ ਸਮਾਜ ਵਿਰੋਧੀ ਤਾਕਤਾਂ ਨੂੰ ਮਾਤ ਦੇਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਜੁੱਟਤਾ ਅਤੇ ਗੰਭੀਰਤਾ ਦਿਖਾਉਣ ਦੀ ਲੋੜ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਸਰਹਾਲੀ ਥਾਣੇ ’ਤੇ ਅਤੇ ਇਸ ਤੋਂ ਪਹਿਲਾਂ ਮਈ ਦੇ ਮਹੀਨੇ ਦੌਰਾਨ ਮੁਹਾਲੀ ਵਿਖੇ ਪੁਲੀਸ ਖ਼ੁਫ਼ੀਆ ਵਿਭਾਗ ਦੇ ਹੈੱਡ ਕੁਆਟਰ ’ਤੇ ਆਰ ਪੀ ਜੀ ਹਮਲੇ ਤੋ ਇਲਾਵਾ ਰੋਪੜ ਦੀਆਂ ਪੁਲੀਸ ਚੌਕੀਆਂ ਉੱਤੇ ਕੀਤੇ ਗਏ ਗਰਨੇਡ ਹਮਲਿਆਂ ਅਤੇ ਅਨੇਕਾਂ ਟਾਰਗੈਟ ਕਿਲਿੰਗ ਆਦਿ ਪੰਜਾਬ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦੀਆਂ ਚੁਨੌਤੀਆਂ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਣ ਚਾਹੀਦਾ । ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ ਲੋੜ ਪੈਣ ’ਤੇ ਕੇਂਦਰ ਸਰਕਾਰ ਤਕ ਵੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ’ਚ ਹੱਤਿਆਵਾਂ ਅਤੇ ਘਟਨਾਵਾਂ ਵਿਚ ਆਈ ਤੇਜ਼ੀ ਨਾਲ ਕਾਲੇ ਦਿਨਾਂ ਦੀ ਆਹਟ ਫਿਰ ਤੋਂ ਸੁਣਾਈ ਦੇਣ ਲੱਗੀ ਹੈ। ਰਾਜ ਸਰਕਾਰ ਅਮਨ ਕਾਨੂੰਨ ਬਣਾਈ ਰੱਖਣ ’ਚ ਬੁਰੀ ਤਰਾਂ ਫੇਲ ਹੋ ਰਹੀ ਹੈ। ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਬੇਕਾਬੂ ਅਪਰਾਧਿਕ ਅਨਸਰਾਂ ਨਾਲ ਨਜਿੱਠਣ ਲਈ ਪੁਲੀਸ ਫੋਰਸ ਦਾ ਮਨੋਬਲ ਬਣਾਈ ਰੱਖਣ ਲਈ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਲੋਕ ਮਨਾਂ ਵਿਚ ਡਰ ਪੈਦਾ ਕਰ ਰਹੀ ਹੈ। ਕੁਝ ਮਹੀਨੇ ਪਹਿਲਾਂ ਤਕ ਨਸ਼ਿਆਂ ਦੀ ਸਪਲਾਈ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਦੀ ਮੰਗ ਨੂੰ ਲੈ ਕੇ ਪੰਜਾਬ ਨੂੰ ਗੈਂਗਲੈਡ ਸਮਝਿਆ ਜਾ ਰਿਹਾ ਸੀ। ਪਰ ਇਹ ਹੋਰ ਵੀ ਖ਼ਤਰਨਾਕ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਪਾਕਿਸਤਾਨ ਦੀ ਬਦਨਾਮ ਏਜੰਸੀ ਆਈ ਐਸ ਆਈ ਭਾਰਤ ਵਿਚ ਹਿੰਸਾ ਫੈਲਾਉਣ ਦੇ ਨਾਪਾਕ ਮਕਸਦ ਲਈ ਉੱਥੇ ਬੈਠੇ ਆਤੰਕੀ ਤੱਤਾਂ ਦੀ ਵਰਤੋਂ ਕਰ ਰਹੀ ਹੈ। ਸਰਹੱਦ ਪਾਰ ਤੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਵਿੱਚ ਅਨੇਕਾਂ ਥਾਵਾਂ ’ਤੇ ਲਗਾਤਾਰ ਹਥਿਆਰ – ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦਾ ਸੁੱਟਿਆ ਜਾਣਾ ਪਾਕਿਸਤਾਨ ਦੀ ਭਾਰਤ ਵਿਰੋਧ ਅੱਤਵਾਦ ਦੀ ਲੁਕਵੀਂ ਜੰਗ ਦਾ ਹਿੱਸਾ ਹੈ। ਗੈਂਗਸਟਰ ਦੇ ਹੱਥਾਂ ਵਿਚ ਆਧੁਨਿਕ ਹਥਿਆਰਾਂ ਦਾ ਪਹੁੰਚਣਾ ਦੇਸ਼ ਦੀ ਸੁਰੱਖਿਆ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਸਰਹੱਦੀ ਸੂਬੇ ਪੰਜਾਬ ’ਚ ਕੋਈ ਵੀ ਗੜਬੜੀ ਦੇਸ਼ ਲਈ ਨੁਕਸਾਨਦੇਹ ਹੈ। ਵਿਦੇਸ਼ੀ ਤਾਕਤਾਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਭਾਰਤ ਵਿਰੁੱਧ ਉਕਸਾ ਵੀ ਰਹੀਆਂ ਹਨ। ਅਮਨ ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਨੂੰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…