ਅਧਿਆਪਕ ਮੰਗਾਂ: ਡੀਟੀਐਫ਼ ਨੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਦਿੱਤੀ ਸੰਘਰਸ਼ ਦੀ ਚਿਤਾਵਨੀ

ਓਡੀਐੱਲ ਅਧਿਆਪਕਾਂ ਦੇ 11 ਸਾਲ ਤੋਂ ਰੋਕੇ ਰੈਗੂਲਰ ਆਰਡਰ ਜਾਰੀ ਕੀਤੇ ਜਾਣ: ਡੀਟੀਐੱਫ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ਼) ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਦੀ ਅਗਵਾਈ ਹੇਠ ਅੱਜ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਭੇਜਿਆ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਵੱਲੋਂ ਪੈਨਲ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ 15 ਜਨਵਰੀ 2023 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਮੌਕੇ ਡੀਟੀਐੱਫ਼ ਦੇ ਆਗੂ ਰੁਪਿੰਦਰ ਸਿੰਘ, ਅਮਨਦੀਪ ਕੌਰ, ਚਰਨਜੀਤ ਸਿੰਘ ਅਤੇ ਰਮੇਸ਼ ਕੁਮਾਰ ਨੇ ਮੰਗਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਂਡਿੰਗ 125 ਰੈਗੂਲਰ ਆਰਡਰ ਜਾਰੀ ਕਰਨ, 180 ਈਟੀਟੀ ਅਧਿਆਪਕਾਂ ’ਤੇ ਮੁੱਢਲੀ ਭਰਤੀ (4500 ਈਟੀਟੀ) ਦੇ ਸਾਰੇ ਲਾਭ ਬਹਾਲ ਕਰਨ, ਸਾਲ 2018 ਦੇ ਅਧਿਆਪਕ ਮਾਰੂ ਸੇਵਾ ਨਿਯਮਾਂ ਤਹਿਤ ਲਾਗੂ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ, ਈਟੀਟੀ ਤੋਂ ਮਾਸਟਰ ਕਾਡਰ ਸਮੇਤ ਟੀਚਿੰਗ ਤੇ ਨਾਨ-ਟੀਚਿੰਗ ਦੀਆਂ ਸਾਰੀਆਂ ਤਰੱਕੀਆਂ ਮੁਕੰਮਲ ਕਰਨ, ਮਾਸਟਰ ਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਵਿੱਚ ਰਹਿੰਦੇ ਨਾਮ ਸ਼ਾਮਲ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, 5178 ਅਧਿਆਪਕਾਂ ਨਾਲ ਹੋਇਆ ਪੱਖਪਾਤ ਦੂਰ ਕਰਨ ਤੇ ਨਵੰਬਰ 2017 ਤੋਂ ਪੂਰੇ ਸਕੇਲ ਅਨੁਸਾਰ ਬਕਾਇਆ ਦੇਣ, 8886 ਅਧਿਆਪਕਾਂ ਨੂੰ 1 ਅਪਰੈਲ 2018 ਤੋਂ ਪੂਰਾ ਬਕਾਇਆ ਦੇਣ ਤੇ ਸੀਨੀਆਰਤਾ ਤੈਅ ਕਰਨ, ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੀ ਥਾਂ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਨ, ਦੂਰ-ਦੁਰਾਡੇ ਤਾਇਨਾਤ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ, ਵੱਖ-ਵੱਖ ਸ਼ਰਤਾਂ ਕਾਰਨ ਪੁਰਾਣੇ ਸਟੇਸ਼ਨਾਂ ’ਤੇ ਹੀ ਡੈਪੂਟੇਸ਼ਨ ਅਧੀਨ ਅਧਿਆਪਕਾਂ ਦੀ ਬਦਲੀ ਹਕੀਕੀ ਰੂਪ ਵਿੱਚ ਲਾਗੂ ਕਰਨ, ਪੈਂਡਿੰਗ ਭਰਤੀ ਪ੍ਰਕਿਰਿਆ ਪੂਰੀ ਕਰਨ, ਕੰਪਿਊਟਰ ਅਧਿਆਪਕਾਂ ’ਤੇ ਛੇਵਾਂ ਤਨਖ਼ਾਹ ਕਮਿਸ਼ਨ ਤੇ ਸੇਵਾ ਨਿਯਮ ਲਾਗੂ ਕਰਕੇ ਵਿਭਾਗ ’ਚ ਮਰਜ਼ ਕਰਨ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਤੇਜ਼ ਕਰਨ, ਇੱਕ ਕਲਰਕ ਨੂੰ ਇੱਕ ਸਕੂਲ ਹੀ ਦਾ ਚਾਰਜ ਦੇਣ, ਬੀਪੀਈਓ ਦਫ਼ਤਰਾਂ ਵਿੱਚ ਸ਼ਿਫ਼ਟ ਕੀਤੇ 228 ਪੀਟੀਆਈ ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ, ਬੀਐੱਲਓ ਡਿਊਟੀਆਂ ਅਤੇ ਪੜ੍ਹੋ-ਪੰਜਾਬ ਪ੍ਰਾਜੈਕਟ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਫਾਰਗ ਕਰਕੇ ਸਿਰਫ਼ ਪੜਾਉਣ ਦਾ ਕਾਰਜ ਦੇਣ, ਪੇਂਡੂ ਇਲਾਕਾ ਭੱਤਾ ਬਹਾਲ ਕਰਨ, ਬਾਰਡਰ ਭੱਤਾ, ਏਸੀਪੀ ਦਾ ਲਾਭ, ਪੁਰਾਣੀ ਪੈਨਸ਼ਨ ਅਤੇ 17 ਜੁਲਾਈ 2020 ਤੋਂ ਬਾਅਦ ਲਾਗੂ ਨਵੇਂ ਤਨਖ਼ਾਹ ਸਕੇਲਾਂ ਦੀ ਥਾਂ ਪੰਜਾਬ ਦੇ ਤਨਖ਼ਾਹ ਸਕੇਲ ਬਹਾਲ ਕੀਤੇ ਜਾਣ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…