Share on Facebook Share on Twitter Share on Google+ Share on Pinterest Share on Linkedin ਹੱਡ ਚੀਰਵੀਂ ਠੰਢ: ਇੱਕ ਹੋਰ ਆਰਜ਼ੀ ਸ਼ੈਲਟਰ ਫਾਰ ਅਰਬਨ ਹੋਮ ਲੈਸ ਦਾ ਪ੍ਰਬੰਧ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਪੈਣ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਨੇ ਵੀ ਅਗਲੇ ਹੋਰ ਦਿਨਾਂ ਤੱਕ ਠੰਢ ਦਾ ਜ਼ੋਰ ਵਧਣ ਅਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਉਧਰ, ਹੱਡ ਚੀਰਵੀਂ ਠੰਢ ਦੇ ਮੱਦੇਨਜ਼ਰ ਮੁਹਾਲੀ ਨਗਰ ਨਿਗਮ ਨੇ ਪਹਿਲਕਦਮੀ ਕਰਦਿਆਂ ਸ਼ਹਿਰ ਵਿੱਚ ਆਰਜ਼ੀ ਤੌਰ ’ਤੇ ਇੱਕ ਹੋਰ ਸ਼ੈਲਟਰ ਫਾਰ ਅਰਬਨ ਹੋਮ ਲੈਸ (ਰੈਣ ਬਸੇਰਾ) ਦੀ ਵਿਵਸਥਾ ਕੀਤੀ ਗਈ ਹੈ। ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਦੇ ਬਿਲਕੁਲ ਨਾਲ ਵਾਲੀ ਖਾਲੀ ਇਮਾਰਤ ਵਿੱਚ ਬਣਾਏ ਗਏ ਰੈਣ ਬਸੇਰੇ ਦਾ ਦੌਰਾ ਕਰਕੇ ਨਗਰ ਨਿਗਮ ਦੇ ਸਕੱਤਰ ਰਣਜੀਵ ਕੁਮਾਰ ਨੇ ਪ੍ਰਬੰਧਾਂ ਦਾ ਜਾਇਜ਼ਾ ਅਤੇ ਸਟਾਫ਼ ਨੂੰ ਕੁੱਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫਿਲਹਾਲ ਇੱਥੇ ਛੇ ਬੈੱਡ ਲਗਾਏ ਗਏ ਹਨ। ਇੱਥੇ ਇੱਕ ਸੁਪਰਵਾਈਜ਼ਰ ਸਤਿੰਦਰ ਸਿੰਘ, ਸਿਟੀ ਮਿਸ਼ਨ ਮੈਨੇਜਰ ਪੂਜਾ ਪਾਠਕ ਅਤੇ ਕਮਿਊਨਿਟੀ ਆਰਗੇਨਾਈਜ਼ਰ ਵਰਿੰਦਰ ਕੌਰ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਲੋੜ ਅਨੁਸਾਰ ਹੋਰ ਬੈੱਡਾਂ ਅਤੇ ਬਿਸਤਰਿਆਂ ਦੀ ਵਿਵਸਥਾ ਕੀਤੀ ਜਾਵੇਗੀ। ਉਂਜ ਦਾਰਾ ਸਟੂਡੀਓ ਫੇਜ਼-6 ਨੇੜੇ ਪਹਿਲਾਂ ਤੋਂ ਸਥਾਪਿਤ ਰੈਣ ਬਸੇਰਾ 24 ਘੰਟੇ ਖੁੱਲ੍ਹਾ ਰਹਿੰਦਾ ਹੈ, ਉੱਥੇ ਮੰਜੇ, ਬਿਸਤਰਿਆਂ ਸਮੇਤ ਪਾਣੀ, ਪਖਾਨੇ ਅਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਹਨ। ਸੁਪਰਵਾਈਜ਼ਰ ਸਤਿੰਦਰ ਸਿੰਘ ਅਤੇ ਸਿਟੀ ਮਿਸ਼ਨ ਮੈਨੇਜਰ ਪੂਜਾ ਪਾਠਕ ਨੇ ਦੱਸਿਆ ਕਿ ਸ਼ੈਲਟਰ ਫਾਰ ਅਰਬਨ ਹੋਮ ਲੈਸ ਵਿੱਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਰਾਤ ਸਮੇਂ ਕਰੀਬ 10 ਵਜੇ ਤੋਂ ਬਾਅਦ ਸ਼ਹਿਰੀ ਖੇਤਰ ਵਿੱਚ ਗਸ਼ਤ ਕਰਕੇ ਸੜਕ ਕਿਨਾਰੇ ਅਤੇ ਬੱਸ ਕਿਊ ਸ਼ੈਲਟਰਾਂ ਵਿੱਚ ਠੰਢ ਵਿੱਚ ਠਰ ਰਹੇ ਲਾਵਾਰਿਸ ਵਿਅਕਤੀਆਂ ਨੂੰ ਰੈਣ ਬਸੇਰੇ ਵਿੱਚ ਆ ਕੇ ਰਹਿਣ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਸਿਰ ’ਤੇ ਛੱਤ ਮੁਹੱਈਆ ਕਰਵਾ ਕੇ ਠੰਢ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਰਜਿਸਟਰ ਵੀ ਲਗਾਇਆ ਗਿਆ ਹੈ। ਜਿਸ ਵਿੱਚ ਇੱਥੇ ਆ ਕੇ ਰਹਿਣ ਵਾਲੇ ਵਿਅਕਤੀਆਂ ਦਾ ਵੇਰਵਾ ਦਰਜ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ