ਐਨਕੇ ਸ਼ਰਮਾ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦੈ: ਬਲਬੀਰ ਸਿੱਧੂ

ਅਕਾਲੀ ਦਲ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਉੱਤੇ ਆਮ ਆਦਮੀ ਪਾਰਟੀ ਦੀ ਬੋਲੀ ਬੋਲਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਹੁਣ ਉਸ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦਾ ਹੈ। ਸ੍ਰੀ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨ.ਕੇ. ਸ਼ਰਮਾ ਨੇ ਪਿਛਲੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਉਮੀਦਵਾਰ ਦੀ ਥਾਂ ਆਪਣੇ ਵਪਾਰਕ ਭਾਈਵਾਲ ਕੁਲਵੰਤ ਸਿੰਘ ਦੀ ਮਦਦ ਕੀਤੀ ਸੀ। ਜਿਸ ਕਰਕੇ ਅਕਾਲੀ ਉਮੀਦਵਾਰ ਆਪਣੀ ਪਾਰਟੀ ਦੀ ਪੱਕੀ ਵੋਟ ਵੀ ਨਹੀਂ ਸੀ ਲਿਜਾ ਸਕਿਆ। ਉਨ੍ਹਾਂ ਕਿਹਾ ਕਿ ਐਨ.ਕੇ. ਸ਼ਰਮਾ ਦਾ ਉਹਨਾਂ ਵਿਰੁੱਧ ਛਪਿਆ ਬਿਆਨ ਦਰਅਸਲ ਉਹਨਾਂ ਦੇ ਸਿਆਸੀ ਵਿਰੋਧੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਹੀ ਬਿਆਨ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਹਰ ਮਾਮਲੇ ਉੱਤੇ ਹਰ ਤਰਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਖਰੀਦੀਆਂ ਗਈਆਂ ਦਵਾਈਆਂ, ਕਿੱਟਾਂ ਅਤੇ ਹੋਰ ਸਾਜ਼ੋ-ਸਮਾਨ ਦੀ ਖ਼ਰੀਦ ਉਸ ਵੇਲੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਅਗਵਾਈ ਹੇਠ ਬਣੀ ਹੋਈ ਸੀਨੀਅਰ ਅਫਸਰਾਂ ਦੀ ਇਕ ਕਮੇਟੀ ਹੀ ਕਰਦੀ ਸੀ, ਇਸ ਲਈ ਉਹਨਾਂ ਦਾ ਉਸ ਸਮੇਂ ਹੋਈਆਂ ਖਰੀਦਾਂ ਨਾਲ ਕੋਈ ਸਬੰਧ ਨਹੀਂ ਹੈ, ਇਹ ਸਭ ਬੇਬੁਨਿਆਦ ਦੋਸ਼ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ ਦੌਰਾਨ ਉਨ੍ਹਾਂ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਲੋਂ ਦਿਨ ਰਾਤ ਕੀਤੀ ਗਈ ਸਖ਼ਤ ਮਿਹਨਤ ਸਦਕਾ ਹੀ ਪੰਜਾਬ ਦੇ ਹਾਲਾਤ ਹੋਰ ਸੂਬਿਆਂ ਨਾਲੋਂ ਕਿਤੇ ਬਿਹਤਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਖਾਸ ਕਰਕੇ ਦਿੱਲੀ ਦੇ ਲੋਕ ਵੀ ਪੰਜਾਬ ਵਿੱਚ ਇਲਾਜ ਕਰਵਾਉਣ ਆਉਂਦੇ ਸਨ।
ਭਾਜਪਾ ਆਗੂ ਨੇ ਕਿਹਾ ਕਿ ਵੱਖ-ਵੱਖ ਅਖ਼ਬਾਰਾਂ ਦੇ ਹਵਾਲੇ ਤੋਂ ਆਈ ਖ਼ਬਰ ਅਨੁਸਾਰ ਜਿਵੇਂ ਚੰਡੀਗੜ੍ਹ ਵਿੱਚ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਵਿੱਚ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਦਾ ਕੰਮ ਕਰ ਰਹੀ ਹੈ। ਉਸ ਤਰਾਂ ਹੀ ਪੰਜਾਬ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਬਣੀ ਹੋਈ ਹੈ। ਉਨ੍ਹਾਂ ਅਕਾਲੀ ਆਗੂਆਂ ਖਾਸ ਕਰਕੇ ਐਨਕੇ ਸ਼ਰਮਾ ਨੂੰ ਪੁੱਛਿਆ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਜਨਤਾ ਲੈਂਡ ਪ੍ਰਮੋਟਰਜ਼ ਦੇ ਮਾਲਕ ਕੁਲਵੰਤ ਸਿੰਘ ਵੱਲੋਂ ਵੱਖ-ਵੱਖ ਪ੍ਰਾਜੈਕਟਾਂ ਅਧੀਨ 500 ਕਰੋੜ ਦੇ ਕਰੀਬ ਦੱਬੀ ਹੋਈ ਪੰਚਾਇਤੀ ਜ਼ਮੀਨ ਦਾ ਮਾਮਲਾ ਉਜਾਗਰ ਹੋਣ ਤੇ ਕੋਈ ਸਵਾਲ ਕਿਊ ਨਹੀਂ ਚੁੱਕਿਆ? ਸਿੱਧੂ ਨੇ ਅਗੇ ਪੁੱਛਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਮਜੀਠੀਆ ਨੇ ਹਾਲੇ ਤੱਕ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ? ਉਨ੍ਹਾਂ ਕਿਹਾ ਇਹ ਗੱਲਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਦੀ ਅੰਦਰਖਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਇਕ ਗੱਲ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …