Share on Facebook Share on Twitter Share on Google+ Share on Pinterest Share on Linkedin ਗਮਾਡਾ ਨੇ ਬਲੌਂਗੀ ਵਿੱਚ ਪਲਾਟ ’ਤੇ ਕੀਤੀ ਜਾ ਰਹੀ ਉਸਾਰੀ ਦਾ ਕੰਮ ਰੋਕਿਆ ਜ਼ਮੀਨ ਮਾਲਕ ਤੇ ਪੰਚ ਨੇ ਗਮਾਡਾ ’ਤੇ ਲਾਇਆ ਪੱਖਪਾਤ ਕਰਨ ਦਾ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਬਲੌਂਗੀ ਦੀ ਏਕਤਾ ਕਲੋਨੀ ਮਾਰਕੀਟ ਵਿੱਚ ਅੱਜ ਪਲਾਟ ’ਤੇ ਕੀਤੀ ਜਾ ਰਹੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਹੈ। ਜ਼ਮੀਨ ਮਾਲਕ ਦਾ ਕਹਿਣਾ ਹੈ ਕਿ ਉਸ ਨੇ ਕਈ ਸਾਲ ਪਹਿਲਾਂ ਇੱਥੇ ਪਲਾਟ ਲਿਆ ਸੀ ਪਰ ਹੁਣ ਜਦੋਂ ਉਸ ਨੇ ਆਪਣੇ ਰਹਿਣ ਲਈ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਗਮਾਡਾ ਨੇ ਉਸਾਰੀ ਕਰਨ ਤੋਂ ਰੋਕ ਦਿੱਤਾ। ਹਾਲਾਂਕਿ ਪਹਿਲਾਂ ਵੀ ਸਬੰਧਤ ਵਿਅਕਤੀ ਵੱਲੋਂ ਪਲਾਟ ’ਤੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹਰ ਵਾਰ ਗਮਾਡਾ ਦੀ ਟੀਮ ਮੌਕੇ ’ਤੇ ਪਹੁੰਚ ਕੰਮ ਬੰਦ ਕਰਵਾ ਦਿੱਤੀ ਸੀ ਲੇਕਿਨ ਹੁਣ ਗਮਾਡਾ ਨੇ ਇੱਥੇ ਆਪਣੇ ਦੋ ਕਰਮਚਾਰੀ ਪੱਕੇ ਤੌਰ ’ਤੇ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਮੁੜ ਉਸਾਰੀ ਨਾ ਕੀਤੀ ਜਾ ਸਕੇ। ਜ਼ਮੀਨ ਮਾਲਕ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਲਾਟ ’ਤੇ ਉਸਾਰੀ ਕਰਨ ਤੋਂ ਰੋਕਣ ਲਈ ਗਮਾਡਾ ਵੱਲੋਂ ਇੱਥੇ ਦੋ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ। ਬੀਤੇ ਦਿਨ ਗਮਾਡਾ ਦੀ ਟੀਮ ਅਤੇ ਪਟਵਾਰੀ ਇੱਥੇ ਆਏ ਸਨ ਪਰ ਉਹ ਮੌਕੇ ’ਤੇ ਮੌਜੂਦ ਨਹੀਂ ਸਨ। ਗਮਾਡਾ ਟੀਮ ਨੇ ਉਸਾਰੀ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਵੀ ਡਰਾਇਆ ਧਮਕਾਇਆ ਗਿਆ ਅਤੇ ਪਾਣੀ ਦੀ ਪਾਈਪ ਵੀ ਚੁੱਕ ਕੇ ਲੈ ਗਏ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਉਨ੍ਹਾਂ ਨੂੰ ਇਸ ਪਲਾਟ ’ਤੇ ਉਸਾਰੀ ਕਰਨ ਤੋਂ ਇਹ ਕਹਿ ਕੇ ਰੋਕਿਆ ਜਾਂਦਾ ਹੈ ਕਿ ਇਹ ਅਣਅਧਿਕਾਰਤ ਉਸਾਰੀ ਹੈ। ਜਦੋਂਕਿ ਬਲੌਂਗੀ ਤੇ ਆਸਪਾਸ ਵੱਡੀ ਗਿਣਤੀ ਲੋਕਾਂ ਨੇ ਪੀਜੀ ਬਣਾਏ ਹਨ ਅਤੇ ਹੋਰ ਥਾਵਾਂ ’ਤੇ ਅਣਅਧਿਕਾਰਤ ਉਸਾਰੀਆਂ ਦਾ ਕੰਮ ਜਾਰੀ ਹੈ ਪ੍ਰੰਤੂ ਗਮਾਡਾ ਨੂੰ ਸ਼ਾਇਦ ਇਹ ਕੁੱਝ ਨਜ਼ਰ ਨਹੀਂ ਆਉਂਦਾ ਹੈ ਅਤੇ ਸਿਰਫ਼ ਉਨ੍ਹਾਂ ਨੂੰ ਆਪਣੇ ਪਲਾਟ ’ਤੇ ਮਕਾਨ ਦੀ ਉਸਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰ ਵਿਕਾਸ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਕਿ ਉਨ੍ਹਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ। ਏਕਤਾ ਕਲੋਨੀ ਦੇ ਪੰਚ ਵਿਜੈ ਪਾਠਕ ਨੇ ਕਿਹਾ ਕਿ ਗਮਾਡਾ ਵੱਲੋਂ ਬਲੌਂਗੀ ਵਿੱਚ ਹੋਰ ਕਿਸੇ ਵੀ ਅਣਅਧਿਕਾਰਤ ਉਸਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇਸ ਵਿਅਕਤੀ ਨੂੰ ਮਕਾਨ ਦੀ ਉਸਾਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਗਮਾਡਾ ਨੇ ਕਾਰਵਾਈ ਕਰਨੀ ਹੈ ਤਾਂ ਬਲੌਂਗੀ ਵਿੱਚ ਹੋ ਰਹੀਆਂ ਸਾਰੀਆਂ ਅਣਅਧਿਕਾਰਤ ਉਸਾਰੀਆਂ ਨੂੰ ਰੋਕਣਾ ਚਾਹੀਦਾ ਹੈ ਨਾ ਕਿ ਸਿਰਫ਼ ਕਿਸੇ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਏਕਤਾ ਕਲੋਨੀ ਵਿੱਚ ਹੋ ਰਹੀ ਅਣਅਧਿਕਾਰਤ ਉਸਾਰੀ ਦੀ ਗਮਾਡਾ ਨੂੰ ਸ਼ਿਕਾਇਤ ਕੀਤੀ ਸੀ ਅਤੇ ਮੌਕੇ ’ਤੇ ਪਹੁੰਚੀ ਗਮਾਡਾ ਟੀਮ ਨੇ ਸਮਾਨ ਵੀ ਚੁੱਕ ਲਿਆ ਸੀ ਪਰ ਕੁਝ ਦੂਰੀ ’ਤੇ ਜਾ ਕੇ ਉਸਾਰੀ ਕਰਨ ਵਾਲੇ ਵਿਅਕਤੀ ਨੂੰ ਉਹ ਸਾਰਾ ਸਮਾਨ ਵਾਪਸ ਕਰ ਦਿੱਤਾ ਅਤੇ ਹੁਣ ਉਸ ਥਾਂ ’ਤੇ ਇਮਾਰਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਸਾਰੀਆਂ ਅਣਅਧਿਕਾਰਤ ਉਸਾਰੀਆਂ ਵਿਰੁੱਧ ਕੀਤੀ ਜਾਵੇ। ਗਮਾਡਾ ਦੇ ਜੂਨੀਅਰ ਇੰਜੀਨੀਅਰ (ਜੇਈ) ਵਰੁਣ ਕੁਮਾਰ ਨੇ ਪੱਖਪਾਤ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਮਲ ਕਰਦਿਆਂ ਉਕਤ ਇਹ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਇਸ ਸਬੰਧੀ ਕੋਈ ਵੀ ਡਿਟੇਲ ਜਾਣਕਾਰੀ ਜ਼ਿਲ੍ਹਾ ਯੋਜਨਾਕਾਰ ਹੀ ਦੇ ਸਕਦੇ ਹਨ। ਇਸ ਸਬੰਧੀ ਜ਼ਿਲ੍ਹਾ ਯੋਜਨਾਕਾਰ ਹਰਪ੍ਰੀਤ ਸਿੰਘ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ