Share on Facebook Share on Twitter Share on Google+ Share on Pinterest Share on Linkedin ਭਾਜਪਾ ਦੇ ਮੇਅਰ ਜੀਤੀ ਸਿੱਧੂ ਸੋਮਵਾਰ ਨੂੰ ਸੰਭਾਲਣਗੇ ਆਪਣੇ ਅਹੁਦੇ ਦਾ ਮੁੜ ਚਾਰਜ ਆਪਣੇ ਸਮਰਥਕ ਕੌਂਸਲਰਾਂ ਤੇ ਮੀਡੀਆ ਦੀ ਮੌਜੂਦਗੀ ਵਿੱਚ ਲੈਣਗੇ ਅਹੁਦੇ ਦਾ ਚਾਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ: ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਣ ਉਪਰੰਤ ਮੁਹਾਲੀ ਨਗਰ ਨਿਗਮ ਦੇ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਭਲਕੇ ਸੋਮਵਾਰ ਨੂੰ ਆਪਣੇ ਸਮਰਥਕ ਕੌਂਸਲਰਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਮੁੜ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ। ਇਸ ਤੋਂ ਪਹਿਲਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਵਰਕਰਾਂ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਵੇਰੇ ਸਾਢੇ 10 ਵਜੇ ਨਤਮਸਤਕ ਹੋਣਗੇ। ਉਪਰੰਤ 11 ਵਜੇ ਨਗਰ ਨਿਗਮ ਦਫ਼ਤਰ ਪਹੁੰਚ ਕੇ ਆਪਣਾ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਬੀਤੀ 30 ਦਸੰਬਰ ਨੂੰ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 63 ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਵਿੱਚ ਮੇਅਰ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਇਹ ਕਾਰਵਾਈ ਆਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸ੍ਰੀਮਤੀ ਗੁਰਮੀਤ ਕੌਰ, ਅਰੁਣਾ ਵਿਸ਼ਿਸ਼ਟ, ਕਰਮਜੀਤ ਕੌਰ, ਸਰਬਜੀਤ ਸਿੰਘ ਸਮਾਣਾ ਅਤੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਅਤੇ ਫੂਲਰਾਜ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਮੇਅਰ ਜੀਤੀ ਸਿੱਧੂ ਨੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਲੇਬਰ ਸੁਸਾਇਟੀ ਅੰਮ੍ਰਿਤਪ੍ਰੀਤ ਕੋਆਪਰੇਟਿਵ ਐਲ/ਸੀ ਸੁਸਾਇਟੀ ਲਿਮਟਿਡ ਨੂੰ ਕਰੋੜਾਂ ਰੁਪਏ ਦੇ ਕੰਮ ਅਲਾਟ ਕੀਤੇ ਗਏ ਹਨ। ਹਾਲਾਂਕਿ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਕੋਲ ਨਿੱਜੀ ਸੁਣਵਾਈ ਤੋਂ ਬਾਅਦ ਸਰਕਾਰ ਦੀ ਪ੍ਰਵਾਨਗੀ ਲੈ ਕੇ ਮੇਅਰ ਜੀਤੀ ਸਿੱਧੂ ਵਿਦੇਸ਼ ਦੌਰੇ ’ਤੇ ਗਏ ਸਨ ਪ੍ਰੰਤੂ ਪਿੱਛੋਂ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਹੁਕਮਰਾਨਾਂ ਨੇ ਆਪਣਾ ਮੇਅਰ ਬਣਾਉਣ ਲਈ ਕਾਫ਼ੀ ਹੱਥ ਪੈਰ ਮਾਰੇ ਗਏ ਅਤੇ ਆਪ ਦੇ ਕਈ ਕੌਂਸਲਰਾਂ ਨੇ ਮੇਅਰ ਬਣਨ ਦੇ ਸੁਪਨੇ ਲੈਣੇ ਵੀ ਸ਼ੁਰੂ ਕਰ ਦਿੱਤੇ ਸਨ ਪ੍ਰੰਤੂ ਉੱਚ ਅਦਾਲਤ ਦੇ ਫ਼ੈਸਲੇ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਜੀਤੀ ਸਿੱਧੂ ਪੰਜਾਬ ਵਿੱਚ ਭਾਜਪਾ ਦੇ ਇਕਲੌਤੇ ਮੇਅਰ ਹਨ। ਵਿਦੇਸ਼ ’ਚੋਂ ਵਾਪਸ ਪਰਤ ਕੇ ਜੀਤੀ ਸਿੱਧੂ ਨੇ ਸਰਕਾਰ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਸੀ ਅਤੇ ਉੱਚ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੇਅਰ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਦੇ ਉਨ੍ਹਾਂ ਹੁਕਮਾਂ ਖ਼ਿਲਾਫ਼ ਸਟੇਅ ਆਰਡਰ ਜਾਰੀ ਕੀਤੇ ਗਏ, ਜਿਨ੍ਹਾਂ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਕੁੱਝ ਦਿਨ ਪਹਿਲਾਂ ਉਨ੍ਹਾਂ (ਜੀਤੀ ਸਿੱਧੂ) ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਜੀਤੀ ਸਿੱਧੂ ਨੇ ਆਪਣੇ ਵੱਡੇ ਭਰਾ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਉਦੋਂ ਵੀ ਆਪ ਲੀਡਰਸ਼ਿਪ ਨੇ ਕਾਂਗਰਸ ਦੇ ਕੁੱਝ ਕੌਂਸਲਰਾਂ ਨਾਲ ਅੰਦਰਖਾਤੇ ਗੰਢ-ਤੁਪ ਕਰਕੇ ਨਗਰ ਨਿਗਮ ’ਤੇ ਆਪਣਾ ਕਬਜ਼ਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਬਹੁਗਿਣਤੀ ਕਾਂਗਰਸੀ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਦੇ ਮੁੱਦੇ ’ਤੇ ਜੀਤੀ ਸਿੱਧੂ ਨੂੰ ਆਪਣਾ ਸਮਰਥਨ ਜਾਰੀ ਰੱਖਣ ਦਾ ਫ਼ੈਸਲਾ ਲਿਆ। ਇਸ ਤਰ੍ਹਾਂ ਭਾਜਪਾ ਦਾ ਇਕਲੌਤਾ ਮੇਅਰ ਹੋਣ ਦੇ ਬਾਵਜੂਦ ਅੱਜ ਵੀ ਜੀਤੀ ਸਿੱਧੂ ਕੋਲ ਸਪੱਸ਼ਟ ਰੂਪ ਵਿੱਚ ਬਹੁਮਤ ਹਾਸਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ