ਭਾਜਪਾ ਆਗੂ ਜੀਤੀ ਸਿੱਧੂ ਨੇ ਮੁੜ ਸੰਭਾਲਿਆ ਮੇਅਰ ਦਾ ਅਹੁਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨਾਲ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਵਾਈ। ਇਸ ਉਪਰੰਤ ਜੀਤੀ ਸਿੱਧੂ ਵੱਡੇ ਕਾਫ਼ਲੇ ਨਾਲ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਸਮਰਥਕਾਂ ਨੇ ਖ਼ੁਸ਼ੀ ਵਿੱਚ ਭੰਗੜੇ ਪਾਏ ਅਤੇ ਲੱਡੂ ਵੰਡੇ।
ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੱਲੋਂ 30 ਦਸੰਬਰ ਨੂੰ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 63 ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਵਿੱਚ ਮੇਅਰ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਮੌਜੂਦਾ ਤੇ ਕੁੱਝ ਸਾਬਕਾ ਕੌਂਸਲਰਾਂ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਮੇਅਰ ਨੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਲੇਬਰ ਸੁਸਾਇਟੀ ਅੰਮ੍ਰਿਤਪ੍ਰੀਤ ਕੋਆਪਰੇਟਿਵ ਐਲ/ਸੀ ਸੁਸਾਇਟੀ ਲਿਮਟਿਡ ਨੂੰ ਕਰੋੜਾਂ ਰੁਪਏ ਦੇ ਕੰਮ ਅਲਾਟ ਕੀਤੇ ਗਏ ਹਨ। ਜੀਤੀ ਸਿੱਧੂ ਪੰਜਾਬ ਵਿੱਚ ਭਾਜਪਾ ਦੇ ਇਕਲੌਤੇ ਮੇਅਰ ਹਨ।
ਵਿਦੇਸ਼ ’ਚੋਂ ਵਾਪਸ ਪਰਤ ਕੇ ਜੀਤੀ ਸਿੱਧੂ ਨੇ ਸਰਕਾਰ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਸੀ ਅਤੇ ਉੱਚ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੀਤੇ ਦਿਨੀਂ ਮੇਅਰ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਦੇ ਉਨ੍ਹਾਂ ਹੁਕਮਾਂ ਖ਼ਿਲਾਫ਼ ਸਟੇਅ ਆਰਡਰ ਜਾਰੀ ਕੀਤੇ ਗਏ, ਜਿਨ੍ਹਾਂ ਰਾਹੀਂ ਪ੍ਰਮੁੱਖ ਸਕੱਤਰ ਵੱਲੋਂ ਕੁੱਝ ਦਿਨ ਪਹਿਲਾਂ ਉਨ੍ਹਾਂ (ਜੀਤੀ ਸਿੱਧੂ) ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਸਮੇਤ ਜਸਬੀਰ ਸਿੰਘ ਮਣਕੂ, ਸੁੱਚਾ ਸਿੰਘ ਕਲੌੜ, ਪਰਮਜੀਤ ਸਿੰਘ ਹੈਪੀ, ਰਵਿੰਦਰ ਸਿੰਘ, ਦਵਿੰਦਰ ਕੌਰ ਵਾਲੀਆ, ਅਨੁਰਾਧਾ ਆਨੰਦ, ਰੁਪਿੰਦਰ ਕੌਰ ਰੀਨਾ, ਬਲਰਾਜ ਕੌਰ ਧਾਲੀਵਾਲ, ਮੀਨਾ ਕੌਂਡਲ, ਸੁਮਨ, ਨਮਰਤਾ ਢਿੱਲੋਂ, ਕੁਲਜਿੰਦਰ ਕੌਰ ਬਾਛਲ, ਹਰਸ਼ਪ੍ਰੀਤ ਕੌਰ ਭੰਵਰਾ, ਕਮਲਪ੍ਰੀਤ ਸਿੰਘ ਬੰਨੀ, ਐਨਐਸ ਸਿੱਧੂ, ਜਗਦੀਸ਼ ਸਿੰਘ ਜੱਗਾ (ਸਾਰੇ ਕੌਂਸਲਰ), ਜਤਿੰਦਰ ਸਿੰਘ ਸੋਢੀ, ਗੁਰਚਰਨ ਸਿੰਘ ਭੰਵਰਾ, ਨਵਜੋਤ ਸਿੰਘ ਬਾਛਲ, ਜਤਿੰਦਰ ਆਨੰਦ ਟਿੰਕੂ, ਗਗਨ ਧਾਲੀਵਾਲ, ਪ੍ਰਦੀਪ ਸੋਨੀ, ਸੁਦਾਗਰ ਖਾਨ, ਇੰਦਰਜੀਤ ਸਿੰਘ ਢਿੱਲੋਂ, ਗੁਰਸਾਹਿਬ ਸਿੰਘ, ਨਛੱਤਰ ਸਿੰਘ, ਲਖਬੀਰ ਸਿੰਘ ਸਮੇਤ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦੇ, ਸਾਬਕਾ ਫੌਜੀ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਉੱਚ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਨਸਾਫ਼ ਪਸੰਦ ਸ਼ਹਿਰੀ ਹਨ ਅਤੇ ਉਨ੍ਹਾਂ ਨੂੰ ਨਿਆਂਪਾਲਕਾ ’ਤੇ ਪੂਰਾ ਭਰੋਸਾ ਸੀ, ਜਦੋਂਕਿ ਹੁਕਮਰਾਨਾਂ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਮੇਅਰ ਦੇ ਅਹੁਦੇ ਤੋਂ ਲਾਂਭੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਪ੍ਰੰਤੂ ਅਦਾਲਤ ਨੇ ਸਰਕਾਰ ਦਾ ਇੱਕਪਾਸੜ ਫ਼ੈਸਲਾ ਰੱਦ ਕਰਕੇ ਉਨ੍ਹਾਂ ਨਾਲ ਇਨਸਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਆਪ ਕੌਂਸਲਰਾਂ ਨੇ ਮੇਅਰ ਬਣਨ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ, ਪ੍ਰੰਤੂ ਵਿਰੋਧੀ ਧਿਰ ਦੀਆਂ ਸਾਰੀਆਂ ਚਾਲਾਂ ਪੁੱਠੀਆਂ ਪੈ ਗਈਆਂ।
ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਬਦਲਾਖ਼ੋਰੀ ਤਹਿਤ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਸਰਕਾਰ ਤੋਂ ਵਿਕਾਸ ਕੰਮਾਂ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ ਦੀ ਭਾਵਨਾ ਤਿਆਗ ਕੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੇ ਪਿੱਛੇ ਪਈ ਹੋਈ ਹੈ ਅਤੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਕਮਜ਼ੋਰ ਅਤੇ ਪਰਿਵਾਰ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹੁਕਮਰਾਨ ਪਿਛਲੇ 8 ਮਹੀਨਿਆਂ ਤੋਂ ਕਾਬਜ਼ ਧਿਰ ਦੇ ਕੌਂਸਲਰਾਂ ਨੂੰ ਤੋੜਨ ਵਿੱਚ ਲੱਗੇ ਹੋਏ ਹਨ। ਲੇਕਿਨ ਜਦੋਂ ਕੋਈ ਵਾਹ ਨਹੀਂ ਚੱਲੀ ਤਾਂ ਸਰਕਾਰ ਨੇ ਗਲਤ ਤਰੀਕੇ ਨਾਲ ਛੋਟੇ ਭਰਾ ਨੂੰ ਮੇਅਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਪ੍ਰੰਤੂ ਉੱਚ ਅਦਾਲਤ ਨੇ ਇਨਸਾਫ਼ ਕਰਕੇ ਸੱਚ ਨੂੰ ਜ਼ਿੰਦਾ ਰੱਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…