Share on Facebook Share on Twitter Share on Google+ Share on Pinterest Share on Linkedin ਪਲਾਟ ਦੀ ਅਲਾਟਮੈਂਟ: ਸਰਕਾਰੀ ਰਿਕਾਰਡ ਨੂੰ ਨਸ਼ਟ ਕਰਨ ਵਾਲਾ ਗਮਾਡਾ ਦਾ ਈਓ ਗ੍ਰਿਫ਼ਤਾਰ ਮੁਲਜ਼ਮ ਅਧਿਕਾਰੀ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ’ਚ ਦਰਜ ਕੀਤਾ ਭ੍ਰਿਸ਼ਟਾਚਾਰ ਦਾ ਕੇਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਗਮਾਡਾ ਦੇ ਕਾਰਜਕਾਰੀ ਅਫ਼ਸਰ (ਤਾਲਮੇਲ) ਮਹੇਸ਼ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੇ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਪੁੱਡਾ\ਗਮਾਡਾ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਪੁੱਡਾ\ਗਮਾਡਾ ਦੇ ਅਫ਼ਸਰਾਂ ’ਤੇ ਪੈਸੇ ਲੈ ਕੇ ਕੰਮ ਕਰਨ ਦੇ ਦੋਸ਼ ਲੱਗਦੇ ਆ ਰਹੇ ਹਨ ਅਤੇ ਵਿਜੀਲੈਂਸ ਪਿਛਲੇ ਕਾਫ਼ੀ ਸਮੇਂ ਤੋਂ ਅੰਦਰਖਾਤੇ ਪੜਤਾਲ ਕਰ ਰਹੀ ਸੀ। ਇਸ ਸਬੰਧੀ ਵਿਜੀਲੈਂਸ ਵੱਲੋਂ ਮੁਹਾਲੀ ਥਾਣੇ ਵਿੱਚ 17 ਜਨਵਰੀ ਨੂੰ ਦਰਜ ਕੀਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) (ਏ) ਅਤੇ 13 (2) ਅਤੇ ਆਈਪੀਸੀ ਦੀ ਧਾਰਾ 409, 420, 120-ਬੀ ਮਾਮਲੇ ਵਿੱਚ ਪੁੱਡਾ ਅਧਿਕਾਰੀ ਮਹੇਸ਼ ਬਾਂਸਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਉਮੇਸ਼ ਗੋਇਲ, ਸੈਕਟਰ-80 ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮਹੇਸ਼ ਬਾਂਸਲ ਸਮੇਤ ਸੁਨੇਹਰਾ ਸਿੰਘ ਵਾਸੀ ਸੋਨੀਪਤ, ਹਰਿਆਣਾ, ਡਾ. ਪਰਮਿੰਦਰਜੀਤ ਸਿੰਘ, ਦਲਜੀਤ ਸਿੰਘ, ਸੀਨੀਅਰ ਸਹਾਇਕ ਅਤੇ ਰਿਕਾਰਡ ਕੀਪਰ ਗੁਰਦੀਪ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਅਨੁਸਾਰ ਸ਼ਿਕਾਇਤ ਦੀ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਗਮਾਡਾ ਵੱਲੋਂ ਮੁਹਾਲੀ ਵਿੱਚ 500 ਵਰਗ ਗਜ਼ ਦਾ ਇੱਕ ਰਿਹਾਇਸ਼ੀ ਪਲਾਟ ਸਾਲ 2016 ਵਿੱਚ ਸੁਨੇਹਰਾ ਸਿੰਘ ਦੇ ਨਾਂ ’ਤੇ ਅਲਾਟ ਕੀਤਾ ਗਿਆ ਸੀ। ਇਸ ਮਗਰੋਂ ਸੁਨੇਹਰਾ ਸਿੰਘ ਨੇ ਸ਼ਿਕਾਇਤਕਰਤਾ ਉਮੇਸ਼ ਗੋਇਲ ਨਾਲ 29 ਮਈ 2017 ਨੂੰ ਉਕਤ ਪਲਾਟ ਵੇਚਣ ਲਈ ਸਮਝੌਤਾ ਲਿਖਿਆ ਸੀ ਪਰ ਇਸ ਖ਼ਰੀਦ/ਵੇਚ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਅਲਾਟੀ ਨੇ ਇਹ ਪਲਾਟ ਡਾ. ਪਰਮਿੰਦਰਜੀਤ ਸਿੰਘ ਅਤੇ ਹੋਰਾਂ ਦੇ ਨਾਮ ’ਤੇ ਤਬਦੀਲ ਕਰ ਦਿੱਤਾ। ਸ਼ਿਕਾਇਤਕਰਤਾ ਨੇ ਉਕਤ ਪਲਾਟ ਕਿਸੇ ਵੀ ਧਿਰ ਨੂੰ ਅੱਗੇ ਤਬਦੀਲ ਨਾ ਕਰਨ ਸਬੰਧੀ ਗਮਾਡਾ ਦੇ ਅਸਟੇਟ ਅਫ਼ਸਰ ਕੋਲ ਦੋ ਦਰਖਾਸਤਾਂ ਦਿੱਤੀਆਂ ਸਨ ਪ੍ਰੰਤੂ ਮੁਲਜ਼ਮ ਮਹੇਸ਼ ਬਾਂਸਲ ਈਓ ਗਮਾਡਾ ਨੇ ਸ਼ਿਕਾਇਤਕਰਤਾ ਉਮੇਸ਼ ਗੋਇਲ ਨੂੰ ਸੁਣਵਾਈ ਦਾ ਕੋਈ ਮੌਕਾ ਨਹੀਂ ਦਿੱਤਾ, ਸਗੋਂ ਪਰਮਿੰਦਰਜੀਤ ਸਿੰਘ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਉਕਤ ਪਲਾਟ ਪਰਮਿੰਦਰਜੀਤ ਦੇ ਨਾਂ ’ਤੇ ਟਰਾਂਸਫ਼ਰ ਕਰਵਾ ਦਿੱਤਾ ਅਤੇ ਇਹ ਜੁਰਮ ਛੁਪਾਉਣ ਲਈ ਉਸ ਨੇ ਇਸ ਸਬੰਧੀ ਦਫ਼ਤਰ ’ਚੋਂ ਸਬੰਧਤ ਫਾਈਲ ਨੂੰ ਖ਼ੁਰਦ-ਬੁਰਦ ਕਰ ਦਿੱਤਾ ਗਿਆ। ਅੱਜ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਗਮਾਡਾ ਅਧਿਕਾਰੀ ਮਹੇਸ਼ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਵਿਜੀਲੈਂਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੜਤਾਲ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ