Share on Facebook Share on Twitter Share on Google+ Share on Pinterest Share on Linkedin ਪੇਅ ਪੈਰਿਟੀ ਨੂੰ ਲੈ ਕੇ ਵੈਟਰਨਰੀ ਡਾਕਟਰਾਂ ਵੱਲੋਂ ਪੰਦਰਵਾੜਾ ਸੰਘਰਸ਼ ਵਿੱਢਿਆ, ਨਾਅਰੇਬਾਜ਼ੀ ਕੀਤੀ ਰੋਸ ਪੰਦਰਵਾੜੇ ਦੇ ਪਹਿਲੇ ਦਿਨ ਡਿਪਟੀ ਡਾਇਰੈਕਟਰ ਦਫ਼ਤਰ ਅੱਗੇ ਦਿੱਤਾ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ: ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਵੈਟਰਨਰੀ ਅਫ਼ਸਰਾਂ ਵੱਲੋਂ ਆਪਣੇ ਹਮ ਰੁਤਬਾ ਮੈਡੀਕਲ ਅਫ਼ਸਰਾਂ ਨਾਲ ਚਿਰਾਂ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਦੀ ਬਹਾਲੀ ਲਈ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। 21 ਫਰਵਰੀ ਤੱਕ ਚੱਲਣ ਵਾਲੇ ਇਸ ਰੋਸ ਪੰਦਰਵਾੜੇ ਬਾਰੇ ਜਾਣਕਾਰੀ ਦਿੰਦਿਆਂ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ ਪੈਰਿਟੀ ਦੇ ਕੋ ਕਨਵੀਨਰ ਡਾ. ਅਬਦੁਲ ਮਜੀਦ ਅਤੇ ਮੀਡੀਆ ਸਲਾਹਕਾਰ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਵੈਟਰਨਰੀ ਅਫ਼ਸਰਾਂ ਦਾ ਐਂਟਰੀ ਸਕੇਲ 56100 ਤੋਂ ਘਟਾ ਕੇ 47600 ਕਰ ਦਿੱਤਾ ਸੀ। ਇਸ ਘੋਰ ਬੇਇਨਸਾਫ਼ੀ ਖ਼ਿਲਾਫ਼ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਇਹ ਮਸਲਾ ਦੋ ਸਾਲ ਤੋਂ ਠੰਢੇ ਬਸਤੇ ਵਿੱਚ ਪਿਆ ਹੈ। ਜਿਸ ਕਾਰਨ ਵੈਟਰਨਰੀ ਡਾਕਟਰਾਂ ਨੂੰ ਸੰਘਰਸ਼ ਦਾ ਬਿਗਲ ਵਜਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਅਫ਼ਸਰਾਂ ਨਾਲ ਪੇਅ ਪੈਰਿਟੀ ਦਾ ਮਸਲਾ ਮਹਿਜ਼ ਕੋਈ ਆਰਥਿਕ ਮਸਲਾ ਨਹੀਂ ਹੈ, ਸਗੋਂ ਇਹ ਸਮੁੱਚੇ ਵੈਟਰਨਰੀ ਪ੍ਰੋਫੈਸ਼ਨ ਦੀ ਆਨ-ਸ਼ਾਨ ਤੇ ਸਮਾਜਿਕ ਰੁਤਬੇ ਦਾ ਮਾਮਲਾ ਹੈ। ਇਸ ਮੌਕੇ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਆਰਗੇਨਾਈਜਰ ਡਾ. ਪ੍ਰੇਮ ਕੁਮਾਰ ਅਤੇ ਡਾ. ਹਰਪ੍ਰੀਤ ਤੂਰ ਨੇ ਕਿਹਾ ਕਿ ਤੋੜੀ ਗਈ ਇਸ ਪੇਅ ਪੈਰਿਟੀ ਦਾ ਅਹਿਮ ਮਸਲਾ ਉਹ ਪਹਿਲਾਂ ਵੀ ਕਈ ਵਾਰ ਲਿਖਤੀ ਰੂਪ ਵਿੱਚ ਮੌਜੂਦਾ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਨ ਪਰ ਸਰਕਾਰ ਝੂਠੇ ਲਾਰੇ ਲਗਾ ਕੇ ਟਾਲ ਮਟੋਲ ਵਾਲੀ ਨੀਤੀ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੇਅ ਪੈਰਿਟੀ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਹੁਣ ਵੀ ਉਨ੍ਹਾਂ ਨਾਲ ਇਨਸਾਫ਼ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਡਾ. ਗਰਦੀਪ ਬੇਦੀ, (ਸੇਵਾਮੁਕਤ ਵੈਟਰਨਰੀ ਅਫ਼ਸਰ), ਡਾ. ਜਰਨੈਲ ਸਿੰਘ, ਡਾ. ਮੁਨੀਸ਼ ਕੁਮਾਰ, ਡਾ. ਵਿਕਾਸ ਗੌਤਮ ਸਮੇਤ ਹੋਰ ਵੈਟਰਨਰੀ ਡਾਕਟਰਾਂ ਨੇ ਹਿੱਸਾ ਲਿਆ। ਅਖੀਰ ਵਿੱਚ ਵੈਟਰਨਰੀ ਡਾਕਟਰਾਂ ਨੇ ਡਿਪਟੀ ਡਾਇਰੈਕਟਰ ਡਾ. ਸ਼ਿਵਕਾਂਤ ਗੁਪਤਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ