Share on Facebook Share on Twitter Share on Google+ Share on Pinterest Share on Linkedin ਲੰਪੀ ਸਕਿਨ: ਬਿਮਾਰੀ ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ ਮੁਹਾਲੀ ਤੋਂ ਹੋਵੇਗੀ ਸ਼ੁਰੂ ਆਪ ਸਰਕਾਰ ਨੇ ਗਊਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ 25 ਲੱਖ ਖ਼ੁਰਾਕਾਂ ਖ਼ਰੀਦੀਆਂ: ਭੁੱਲਰ ਪਸ਼ੂ ਹਸਪਤਾਲਾਂ ਤੇ ਡਿਸਪੈਂਸਰੀ ਪੱਧਰ ’ਤੇ 773 ਟੀਮਾਂ ਬਣਾ ਕੇ ਕੀਤਾ ਜਾਵੇਗਾ ਟੀਕਾਕਰਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ: ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ ਮੁਹਾਲੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਅਗਾਊਂ ਤਿਆਰੀਆਂ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਇਸ ਸਾਲ ਦੌਰਾਨ ਲੰਪੀ ਸਕਿਨ ਬਿਮਾਰੀ ਤੋਂ ਗਊਆਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਿੱਢਣ ਲਈ ਸੂਬੇ ਵਿੱਚ 25 ਲੱਖ ਗਊਆਂ ਨੂੰ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਦੇ ਟੀਕਾਕਰਨ ਕਰਨ ਦਾ ਟੀਚਾ ਮਿਥਿਆ ਹੈ। ਪਿਛਲੇ ਵਰ੍ਹੇ ਦੂਜੇ ਸੂਬਿਆਂ ਰਾਹੀਂ ਪੰਜਾਬ ’ਚ ਫੈਲੀ ਇਸ ਬਿਮਾਰੀ ਨਾਲ ਪਸ਼ੂ-ਧਨ ਦਾ ਬਹੁਤ ਨੁਕਸਾਨ ਹੋਇਆ ਸੀ। ਇਹ ਬਿਮਾਰੀ ਮੁੜ ਕਿਰਸਾਨੀ, ਪਸ਼ੂ-ਧਨ ਅਤੇ ਸਬੰਧਤ ਕਿੱਤਿਆਂ ਦਾ ਨੁਕਸਾਨ ਨਾ ਕਰ ਸਕੇ, ਇਸ ਲਈ ਸਰਕਾਰ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਗਠਤ ਕੀਤੇ ਗਏ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਏ ਫ਼ੈਸਲੇ ਅਨੁਸਾਰ 15 ਫਰਵਰੀ ਤੋਂ ਰਾਜ ਪੱਧਰੀ ਮੈਗਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 75 ਦਿਨ ਤੱਕ ਚੱਲਣ ਵਾਲੀ ਇਸ ਟੀਕਾਕਰਨ ਮੁਹਿੰਮ ਦੌਰਾਨ 30 ਅਪਰੈਲ ਤੱਕ ਸੂਬੇ ਦੇ ਸਮੁੱਚੇ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਸਟੇਟ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ ਹੈਦਰਾਬਾਦ ਤੋਂ 25 ਲੱਖ ਖ਼ੁਰਾਕਾਂ ਖ਼ਰੀਦ ਕੇ ਲੁਧਿਆਣਾ ਸਥਿਤ ਪੰਜਾਬ ਵੈਟਰਨਰੀ ਵੈਕਸੀਨ ਸੰਸਥਾ ਵਿਖੇ ਵਿਗਿਆਨਕ ਤਰੀਕੇ ਨਾਲ ਸੁਰੱਖਿਅਤ ਸਟੋਰ ਕੀਤੀਆਂ ਗਈਆਂ ਹਨ, ਜਿੱਥੋਂ ਇਨ੍ਹਾਂ ਖ਼ੁਰਾਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਨੂੰ ਤੇਲੰਗਾਨਾ ਤੋਂ ਟਰਾਂਸਪੋਰਟ ਕਰਦੇ ਸਮੇਂ ਵੈਕਸੀਨ ਦੀ ਗੁਣਵੱਤਾ ਲਈ ਕੋਲਡ ਚੇਨ ਬਰਕਰਾਰ ਰੱਖਣ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਡਾਇਰੈਕਟੋਰੇਟ ਵਿੱਚ ਸੰਯੁਕਤ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਰੋਜ਼ਾਨਾ ਪ੍ਰਗਤੀ ਦੀ ਪੈਰਵਾਈ ਕਰੇਗਾ ਅਤੇ ਤਾਲਮੇਲ ਰੱਖੇਗਾ। ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਤਾਇਨਾਤ ਸਮੂਹ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ, ਵੈਟਰਨਰੀ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀਆਂ ’ਤੇ ਆਧਾਰਿਤ 773 ਟੀਮਾਂ ਬਣਾ ਕੇ ਟੀਕਾਕਰਨ ਕੀਤਾ ਜਾਵੇਗਾ ਅਤੇ ਟੀਕਾਕਰਨ ਦੌਰਾਨ ਕੋਲਡ ਚੇਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਸ਼ਾਣੂਆਂ ਤੋਂ ਹੋਣ ਵਾਲੀ ਲੰਪੀ ਸਕਿਨ ਬਿਮਾਰੀ ਨੇ ਜੁਲਾਈ 2022 ਵਿੱਚ ਪੰਜਾਬ ਦੇ ਗਊਧਨ ਨੂੰ ਵੱਡੀ ਪੱਧਰ ’ਤੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸਮੂਹ ਜ਼ਿਲ੍ਹਿਆਂ ਵਿੱਚ ਕਰੀਬ 1.75 ਲੱਖ ਗਊਧਨ ਪ੍ਰਭਾਵਿਤ ਹੋਇਆ ਸੀ ਅਤੇ ਲਗਪਗ 18 ਹਜ਼ਾਰ ਗਊਧਨ ਦੀ ਮੌਤ ਹੋਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ