nabaz-e-punjab.com

ਪੰਜਾਬ ਪੁਲੀਸ ਵੱਲੋਂ ਮੁਹਾਲੀ ਆਰਪੀਜੀ ਹਮਲੇ ਦਾ 11ਵਾਂ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਹਮਲੇ ਵਾਲੀ ਰਾਤ ਮੁਲਜ਼ਮ ਨੇ ਦੋ ਸ਼ੂਟਰਾਂ ਨੂੰ ਆਪਣੇ ਘਰ ਵਿੱਚ ਦਿੱਤੀ ਸੀ ਪਨਾਹ

ਮੁਲਜ਼ਮ ਗੁਰਪਿੰਦਰ ਪਿੰਦੂ ਕੈਨੇਡਾ ਸਥਿਤ ਅਤਿਵਾਦੀ ਲਖਬੀਰ ਲੰਡਾ ਦਾ ਹੈ ਕਰੀਬੀ: ਡੀਜੀਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਪੰਜਾਬ ਪੁਲੀਸ ਵੱਲੋਂ ਰਾਕੇਟ ਪ੍ਰੋਪੇਲਡ ਗਰੇਨੇਡ (ਆਰਪੀਜੀ) ਹਮਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰਪਿੰਦਰ ਉਰਫ਼ ਪਿੰਦੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜੰਗ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਗੱਲ ਦਾ ਖੁਲਾਸਾ ਡੀਜੀਪੀ ਗੌਰਵ ਯਾਦਵ ਨੇ ਕੀਤਾ। ਦੱਸਣਯੋਗ ਹੈ ਕਿ 9 ਮਈ 2022 ਨੂੰ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਦੇਰ ਸ਼ਾਮ ਨੂੰ ਆਰਪੀਜੀ ਹਮਲਾ ਹੋਇਆ ਸੀ।
ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਪਿੰਦੂ ਖੇਮਕਰਨ ਦੇ ਪਿੰਡ ਭੂਰਾ ਕੋਨਾ ਦਾ ਵਸਨੀਕ ਹੈ, ਜੋ ਕੈਨੇਡਾ ਆਧਾਰਿਤ ਅਤਿਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਹੈ ਅਤੇ ਉਕਤ ਹਮਲੇ ਦੌਰਾਨ ਮੁਲਜ਼ਮ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਦੇ ਲਗਾਤਾਰ ਸੰਪਰਕ ਵਿੱਚ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 25 ਅਪਰੈਲ 2022 ਨੂੰ ਮੁਲਜ਼ਮ ਚੜ੍ਹਤ ਸਿੰਘ, ਨਿਸ਼ਾਨ ਸਿੰਘ ਅਤੇ ਬਲਜਿੰਦਰ ਰੈਂਬੋ ਆਰਪੀਜੀ ਅਤੇ ਅਸਾਲਟ ਰਾਈਫਲ ਦੀ ਖੇਪ ਤਰਨਤਾਰਨ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ ਅਤੇ ਇਸ ਖੇਪ ਨੂੰ ਅੰਮ੍ਰਿਤਸਰ ਦੇ ਅਲਫਾ ਮਾਲ ਨੇੜੇ ਪਿੰਦੂ ਦੇ ਘਰ ਰੱਖਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਉਸੇ ਰਾਤ ਦੋਨਾਂ ਸ਼ੂਟਰਾਂ-ਦੀਪਕ ਅਤੇ ਇੱਕ ਨਾਬਾਲਗ ਨੂੰ ਆਪਣੇ ਘਰ ਵਿੱਚ ਪਨਾਹ ਵੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਮੁਲਜ਼ਮ ਗੁਰਪਿੰਦਰ ਪਿੰਦੂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਇੱਕ ਹੋਰ ਮੁਲਜ਼ਮ ਜੋ ਨਾਬਾਲਗ ਹੈ ਅਤੇ ਹਮਲਾ ਕਰਨ ਵਿੱਚ ਸ਼ਾਮਲ ਸੀ, ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਇੱਕ ਹੋਰ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ, ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਇਸ ਤੋਂ ਪਹਿਲਾਂ ਚੜ੍ਹਤ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਬਾਠ, ਅਨੰਤਦੀਪ ਸਿੰਘ ਸੋਨੂੰ, ਬਲਜੀਤ ਕੌਰ ਸੁੱਖੀ, ਲਵਪ੍ਰੀਤ ਸਿੰਘ ਵਿੱਕੀ ਨੂੰ ਪੰਜਾਬ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਯਤਨਸ਼ੀਲ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …