ਸਾਬਕਾ ਫੌਜੀ ਦੀ ਤਰਸਯੋਗ ਹਾਲਤ ’ਚ ਰਹਿ ਰਹੀ ਵਿਧਵਾ ਨੂੰ ਪਰਿਵਾਰਕ ਪੈਨਸ਼ਨ ਮਿਲੀ

ਇਕਮੁਸ਼ਤ 18 ਲੱਖ ਰੁਪਏ ਤੇ ਹਰ ਮਹੀਨੇ 16 ਹਜ਼ਾਰ ਦੀ ਪੈਨਸ਼ਨ ਮਿਲੇਗੀ: ਕਰਨਲ ਸੋਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਸਾਬਕਾ ਫੌਜੀਆਂ ਦੇ ਮਸਲੇ ਹੱਲ ਕਰਵਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੀ ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈਲ ਨੇ ਆਪਣੀ ਸਥਾਪਨਾ ਦੇ 22 ਸਾਲ ਪੂਰੇ ਕਰਨ ਮੌਕੇ ਸਾਬਕਾ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦਿਵਾਉਣ ਦੇ ਮਾਮਲੇ ਵਿੱਚ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ। ਸੰਸਥਾ ਦੇ ਉਪਰਾਲਿਆਂ ਨਾਲ ਪਿਛਲੇ ਕਈ ਸਾਲਾਂ ਤੋਂ ਬੇਹੱਦ ਦੁੱਖ ਝੱਲ ਰਹੀ ਇਕ ਬਜ਼ੁਰਗ ਵਿਧਵਾ ਨੂੰ ਪਰਿਵਾਰਕ ਪੈਨਸ਼ਨ ਮਿਲਣ ਲੱਗ ਗਈ ਹੈ, ਜਿਸ ਨਾਲ ਹੁਣ ਉਹ ਅਤੇ ਉਸ ਦੀ 51 ਸਾਲਾ ਧੀ ਉਹ ਇੱਜ਼ਤ ਭਰੀ ਜ਼ਿੰਦਗੀ ਜੀ ਸਕਣਗੇ।
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗਰੀਵੈਂਸਿਜ਼ ਸੈਲ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਨੇ ਦੱਸਿਆ ਕਿ ਸਾਬਕਾ ਫੌਜੀ ਦੀ ਵਿਧਵਾ ਰਣਜੀਤ ਕੌਰ ਨੂੰ ਬਹੁਤ ਦੁੱਖ ਝੱਲਣ ਤੋਂ ਬਾਅਦ ਨਿਆਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਕੌਰ ਦੀ ਬੇਟੀ ਸੁਰਿੰਦਰ ਕੌਰ (51 ਸਾਲ) ਨੇ ਅਗਸਤ 2021 ਵਿੱਚ ਆਪਣੀ ਮਾਂ ਦੇ ਫੈਮਿਲੀ ਪੈਨਸ਼ਨ ਦੇ ਕੇਸ ਬਾਰੇ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਸੀ। ਕੇਸ ਸੱਚਾ ਸੀ ਪਰ ਉਸ ਕੋਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਸੀ।
ਉਸਨੇ ਦੱਸਿਆ ਕਿ ਉਸਦੇ ਪਿਤਾ ਹੌਲਦਾਰ ਪ੍ਰੇਮ ਸਿੰਘ ਪੁਰੀ, ਪਿੰਡ ਪੰਜਕੋਹਾ (ਮੋਰਿੰਡਾ) ਵਿਖੇ ਰਹਿ ਰਹੇ ਸਨ, ਜਿੱਥੋਂ ਉਸਦੀ ਮਾਤਾ ਰਣਜੀਤ ਕੌਰ ਨੇ ਲੰਬੇ ਸਮੇਂ ਦੇ ਪਰਿਵਾਰਕ ਤਸ਼ੱਦਦ ਤੋਂ ਬਾਅਦ 1973 ਵਿੱਚ ਪਤੀ ਦਾ ਘਰ ਛੱਡ ਦਿੱਤਾ ਸੀ ਅਤੇ ਉਹ ਮੁਹਾਲੀ ਵਿਖੇ ਆਪਣੇ ਪਿਤਾ ਹ”ੌਲਦਾਰ ਪੂਰਨ ਸਿੰਘ ਨਾਲ ਰਹਿਣ ਲੱਗ ਗਈ ਸੀ।
ਸ੍ਰੀ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰਣਜੀਤ ਕੌਰ ਨੂੰ ਮਿਲਣ ਗਈ। ਰਣਜੀਤ ਕੌਰ ਫੇਜ਼-2 ਵਿੱਚ ਤਰਸਯੋਗ ਹਾਲਤ ਵਿੱਚ ਸੀ ਅਤੇ ਕੁਝ ਵੀ ਬਿਆਨ ਕਰਨ ਤੋਂ ਅਸਮਰੱਥ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਪਿੰਡ ਪੰਜਕੋਹਾ ਵਿਖੇ ਭੇਜੀ, ਜਿਸ ਨੂੰ ਦੱਸਿਆ ਗਿਆ ਕਿ ਹੌਲਾਦਾਰ ਪ੍ਰੇਮ ਸਿੰਘ ਪੁਰੀ ਦੀ ਕਰੀਬ 14 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੇ ਇਸ ਤੋਂ ਪਹਿਲਾਂ ਜਾਇਦਾਦ (ਘਰ) ਵੇਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੰਸਥਾ ਦੀ ਟੀਮ ਉਸਦੇ ਨਜ਼ਦੀਕੀ ਸਹਿਯੋਗੀ, ਇੱਕ ਕੈਮਿਸਟ ਓਮ ਪ੍ਰਕਾਸ਼ ਨੂੰ ਮਿਲੀ, ਜਿਸ ਨੇ ਸੰਸਥਾ ਦਾ ਦੌਰਾ ਕੀਤਾ, ਵੇਰਵੇ ਦੱਸੇ ਅਤੇ ਕਾਗਜ਼ਾਂ ਦਾ ਇੱਕ ਪੈਕੇਟ ਸੌਂਪਿਆ। ਵਿਧਵਾ ਦੇ ਪਤੀ ਦਾ 4.9.2007 ਦਾ ਮੌਤ ਦਾ ਸਰਟੀਫਿਕੇਟ ਅਤੇ ਕੋਰ ਆਫ ਸਿਗਨਲਜ਼ (ਆਰਮੀ) ਦੀ ਹਵਾਲਦਾਰ ਪ੍ਰੇਮ ਸਿੰਘ ਪੁਰੀ ਦੀ ਕਾਪੀ ਵੀ ਮਿਲੀ।
ਉਨ੍ਹਾਂ ਕਿਹਾ ਕਿ ਸੰਸਥਾ ਨੇ ਇਸ ਕੇਸ ਨੂੰ 21.9.2021 ਨੂੰ ਫੌਜ ਕੋਲ ਚੁਕਿਆ ਅਤੇ ਖੁਸ਼ਕਿਸਮਤੀ ਨਾਲ ਆਰਮੀ ਦੇ ਰਿਕਾਰਡ ਤੋੱ ਸਕਾਰਾਤਮਕ ਜਵਾਬ ਮਿਲਿਆ। ਬਹੁਤ ਸਾਰੇ ਦਸਤਾਵੇਜ਼ ਪੂਰੇ ਕੀਤੇ ਜਾਣੇ ਸਨ, ਜਿਸ ਵਿੱਚ ਕਾਫ਼ੀ ਸਮਾਂ ਲੱਗਿਆ। ਉਹਨਾਂ ਕਿਹਾ ਕਿ ਇਸ ਦੌਰਾਨ ਸੰਸਥਾ ਨੇ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ (ਬ੍ਰਿਗ. ਸਤਿੰਦਰ ਸਿੰਘ ਅਤੇ ਜ਼ਿਲ੍ਹਾ ਸੈਨਿਕ ਬੋਰਡ ਮੁਹਾਲੀ) ਨੂੰ ਵੀ ਰਣਜੀਤ ਕੌਰ ਲਈ ਕੁਝ ਵਿੱਤੀ ਮਦਦ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਵਲਦਾਰ ਪੂਰਨ ਸਿੰਘ ਨੇ ਇਹਨਾਂ ਦੇ ਰਹਿਣ ਲਈ ਇੱਕ ਕਮਰੇ ਦਾ ਪ੍ਰਬੰਧ ਕੀਤਾ ਸੀ, ਵੱਡੀ ਧੀ ਦਾ ਵਿਆਹ ਕੀਤਾ ਅਤੇ 2006 ਵਿੱਚ ਆਪਣੀ ਮੌਤ ਤੋੱ ਪਹਿਲਾਂ ਕੁਝ ਪੈਸੇ ਛੱਡ ਗਏ ਸਨ। ਇਸ ਦੌਰਾਨ, ਉਨ੍ਹਾਂ ਦੀ ਸੰਸਥਾ ਵੀ ਉਸ ਦੀ ਵਿੱਤੀ ਸਹਾਇਤਾ ਕਰਦੀ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਰਣਜੀਤ ਕੌਰ ਦੀ ਧੀ ਅਤੇ ਦੇਖਭਾਲ ਕਰਨ ਵਾਲੀ ਸੁਰਿੰਦਰ ਕੌਰ ਅਜੇ ਵੀ ਅਣਵਿਆਹੀ ਹੈ ਅਤੇ ਮਾਂ ਤੇ ਨਿਰਭਰ ਹੈ, ਜਿਹੜੀ ਆਪਣੀ ਮਾਂ ਤੋੱ ਬਾਅਦ ਉਸੇ ਫੈਮਿਲੀ ਪੈਨਸ਼ਨ ਦੀ ਹੱਕਦਾਰ ਬਣ ਜਾਵੇਗੀ। ਉਨ੍ਹਾ ਕਿਹਾ ਕਿ ਉਹਨਾਂ ਨੇ ਫੈਮਲੀ ਪੈਨਸ਼ਨ ਦੀ ਛੇਤੀ ਰਿਲੀਜ਼ ਲਈ ਇਲਾਹਾਬਾਦ ਵਿਖੇ ਆਪਣੇ ਜਨਰਲ ਬੈਂਸਲਾ ਨਾਲ ਵੀ ਸੰਪਰਕ ਕੀਤਾ, ਜਿੱਥੋੱ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਪੈਨਸ਼ਨ ਲਈ ਪੱਤਰ 16.2.2022 ਨੂੰ ਜਾਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੈਂਸ਼ਨ ਦੀ ਰਕਮ ਦੀ ਅਦਾਇਗੀ ਤੋੱ ਪਹਿਲਾਂ ਸਟੇਟ ਬੈਂਕ ਦੇ ਕਰਮਚਾਰੀ ਜਦੋੱ ਵੈਰੀਫਿਕੇਸ਼ਨ ਵਾਸਤੇ ਰਣਜੀਤ ਕੌਰ ਦੇ ਘਰ ਗਏ, ਉਦੋੱ ਉਹਨਾਂ ਨੇ ਰਣਜੀਤ ਕੌਰ ਦੀ ਸਿਹਤ ਖਰਾਬ ਹੋਣ ਕਾਰਨ ਉਸਨੂੰ ਪਛਾਣਨ ਅਤੇ ਪੈਨਸ਼ਨ ਦੇਣ ਤੋੱ ਇਨਕਾਰ ਕਰ ਦਿੱਤਾ ਸੀ, ਪਰੰਤੂ ਉਹਨਾਂ ਦੀ ਸੰਸਥਾ ਨੇ ਤੱਥਾਂ ਨੂੰ ਸਾਬਤ ਕੀਤਾ ਅਤੇ ਬੈਂਕ ਵਾਲਿਆਂ ਦੀ ਤਸੱਲੀ ਹੋਣ ਤੇ ਹੁਣ ਰਣਜੀਤ ਕੌਰ ਨੂੰ 2007 ਤੋੱ 18 ਲੱਖ ਰੁਪਏ ਦੇ ਬਕਾਏ ਮਿਲੇ ਹਨ। ਇਸਦੇ ਨਾਲ ਹੀ ਉਸਨੂੰ 16000/- ਰੁਪਏ ਦੀ ਨਿਯਮਤ ਪੈਨਸ਼ਨ, ਮੁਫਤ ਮੈਡੀਕਲ, ਸੀ ਐਸ ਡੀ ਕੰਟੀਨ ਅਤੇ ਐਕਸ ਸਰਵਿਸਮੈਨ ਦੀਆਂ ਹੋਰ ਸਾਰੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ ਜਿਸ ਨਾਲ ਰਣਜੀਤ ਕੌਰ ਅਤੇ ਉਸਦੀ ਧੀ ਸੁਰਿੰਦਰ ਕੌਰ ਮਾਣ ਅਤੇ ਸਨਮਾਨ ਨਾਲ ਆਪਣੀ ਇਸ ਜ਼ਿੰਦਗੀ ਨੂੰ ਜਿਉਣਗੀਆਂ।
22 ਸਾਲਾਂ ਦੌਰਾਨ 400 ਤੋਂ ਵੱਧ ਸਾਬਕਾ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦਿਵਾਈ : ਸੋਹੀ
ਕਰਨਲ ਸੋਹੀ ਨੇ ਕਿਹਾ ਕਿ ਪਿਛਲੇ 22 ਸਾਲਾਂ ਤੋੱ ਉਨ੍ਹਾਂ ਦੀ ਸੰਸਥਾ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੱਕਾਂ ਲਈ ਲਗਾਤਾਰ ਲੜਾਈ ਲੜਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੇਵਾ ਹਮਾਰਾ ਧਰਮ ਸੰਸਥਾ ਦਾ ਆਦਰਸ਼ ਹੈ ਤਾਂ ਜੋ ਐਕਸ ਸਰਵਿਸਮੈਨ ਇੱਜ਼ਤ ਅਤੇ ਸਨਮਾਨ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 400 ਤੋਂ ਵੱਧ ਸਾਬਕਾ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦਿਵਾਈ ਹੈ ਅਤੇ ਫੌਜ ਦੇ 9-10 ਨਿਯਮਾਂ ਵਿੱਚ ਵੀ ਤਬਦੀਲੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਸੰਸਥਾ ਦੇ ਸਾਰੇ ਮੈਂਬਰ ਪਿਛਲੇ 22 ਸਾਲਾਂ ਤੋੱ ਫੌਜੀ ਕੰਟੀਨ ਦੇ ਸਾਹਮਣੇ ਦਰਖਤ ਦੇ ਹੇਠਾਂ ਬੈਠ ਕੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਤੇ ਉਹਨਾਂ ਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਹਨ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ 22 ਸਾਲ ਪੂਰੇ ਹੋਣ ਮੌਕੇ ਕੇਕ ਵੀ ਕੱਟਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…