nabaz-e-punjab.com

ਮੁਹਾਲੀ ਦੇ ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ: ਪੁਲੀਸ ਮੁਕਾਬਲੇ ਤੋਂ ਬਾਅਦ ਦੋ ਮੁਲਜ਼ਮ ਕਾਬੂ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਮੁਹਾਲੀ ਦੇ ਐਸਐਸਪੀ ਡਾ. ਸੰਦੀਪ ਗਰਗ ਨੇ ਕੀਤੀ ਪੁਸ਼ਟੀ

ਪੀੜਤ ਨੌਜਵਾਨ ਦੀਆਂ ਉਂਗਲਾਂ ਵੱਢੇ ਜਾਣ ਦੀ ਸੋਸ਼ਲ ਮੀਡੀਆ ’ਤੇ ਹੋਈ ਸੀ ਵਾਇਰਲ ਵੀਡੀਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਮੁਹਾਲੀ ਦੇ ਇੱਕ ਨੌਜਵਾਨ ਹਰਦੀਪ ਸਿੰਘ ਉਰਫ਼ ਰਾਜੂ ਨੂੰ ਘਰੋਂ ਅਗਵਾ ਕਰਕੇ ਉਸ ਦੇ ਹੱਥ ਦੀਆਂ ਉਂਗਲਾਂ ਵੱਢੇ ਜਾਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਦੋ ਮੁਲਜ਼ਮਾਂ ਗੌਰਵ ਸ਼ਰਮਾ ਉਰਫ਼ ਗੋਰੀ ਅਤੇ ਤਰੁਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਦੇਰ ਸ਼ਾਮ ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਸਬੰਧ ਗੈਂਗਸਟਰ ਭੂਪੀ ਰਾਣਾ ਨਾਲ ਦੱਸੇ ਜਾ ਰਹੇ ਹਨ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਅਪਰਾਧਿਕ ਦਰਜ ਕੀਤਾ ਗਿਆ ਹੈ।
ਮੁਲਜ਼ਮ ਗੌਰਵ ਸ਼ਰਮਾ ਮਹੀਨਾ ਕੁ ਪਹਿਲਾਂ ਹੀ ਅੰਬਾਲਾ ਜੇਲ੍ਹ ਤੋਂ ਬਾਹਰ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਕਤ ਦਿਲ ਕੰਬਾਊਂ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਮੁਹਾਲੀ ਦੇ ਐਸਪੀ (ਡੀ) ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ।
ਅੱਜ ਪੁਲੀਸ ਨੂੰ ਮੁਲਜ਼ਮਾਂ ਬਾਰੇ ਭਿਣਕ ਪਈ ਸੀ ਕਿ ਉਹ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਹਨ ਤਾਂ ਉਕਤ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੰਭੂ ਬੈਰੀਅਰ ਨੇੜੇ ਮੁਲਜ਼ਮਾਂ ਨੇ ਪੁਲੀਸ ਨੂੰ ਦੇਖ ਕੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਮੁਲਜ਼ਮਾਂ ਨੇ ਪੁਲੀਸ ਦੇ ਵਾਹਨ ਦੇ ਟਾਇਰ ਵਿੱਚ ਗੋਲੀ ਮਾਰੀ ਗਈ ਤਾਂ ਜੋ ਪੁਲੀਸ ਦਾ ਰਾਹ ਰੋਕਿਆ ਜਾ ਸਕੇ ਪ੍ਰੰਤੂ ਪੁਲੀਸ ਨੇ ਦਲੇਰੀ ਨਾਲ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਸਾਹਮਣੇ ਤੋਂ ਗੋਲੀ ਚਲਾ ਦਿੱਤੀ। ਪੁਲੀਸ ਨੇ ਵੀ ਆਪਣੇ ਬਚਾਅ ਵਿੱਚ ਗੋਲੀ ਚਲਾਈ। ਪੁਲੀਸ ਮੁਕਾਬਲੇ ਤੋਂ ਬਾਅਦ ਗੌਰਵ ਸ਼ਰਮਾ ਅਤੇ ਤਰੁਣ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਗੌਰਵ ਸ਼ਰਮਾ ਦੇ ਪੱਟ ਵਿੱਚ ਵੀ ਗੋਲੀ ਲੱਗੀ ਹੈ ਅਤੇ ਤਰੁਣ ਵੀ ਜ਼ਖ਼ਮੀ ਹੋਇਆ ਹੈ। ਦੋਵੇਂ ਮੁਲਜ਼ਮ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਪਿਸਤੌਲ ਅਤੇ ਸਵਿੱਫ਼ਟ ਕਾਰ ਵੀ ਬਰਾਮਦ ਕੀਤੀ ਗਈ ਹੈ, ਜੋ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਰੀ ਦੇ ਭਰਾ ਦਾ ਕੁੱਝ ਸਮਾਂ ਕਤਲ ਹੋ ਗਿਆ ਸੀ ਅਤੇ ਉਸ ਨੂੰ ਪੀੜਤ ਹਰਦੀਪ ਦੇ ਭਰਾ ’ਤੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਜਿਸ ਕਾਰਨ ਮੁਲਜ਼ਮ ਨੇ ਪੀੜਤ ਨੌਜਵਾਨ ਦੇ ਇੱਕ ਹੱਥ ਦੀਆਂ ਚਾਰ ਉਂਗਲਾਂ ਵੱਢ ਦਿੱਤੀਆਂ।
ਪੀੜਤ ਹਰਦੀਪ ਸਿੰਘ ਦੇ ਦੱਸਣ ਅਨੁਸਾਰ ਕੁੱਝ ਦਿਨ ਪਹਿਲਾਂ 2 ਵਿਅਕਤੀ ਖ਼ੁਦ ਨੂੰ ਸੀਆਈਏ ਸਟਾਫ਼ ਦੇ ਕਰਮਚਾਰੀ ਦੱਸ ਕੇ ਉਸ ਨੂੰ ਇਹ ਕਹਿ ਕੇ ਮੁਹਾਲੀ ਪਿੰਡ ਦੀ ਸਬਜ਼ੀ ਮੰਡੀ ਦੇ ਸਾਹਮਣੇ ਖੇੜੇ ਤੋਂ ਫੜ ਕੇ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ, ਕਿਸੇ ਮਾਮਲੇ ਵਿੱਚ ਉਸ ਤੋਂ ਪੁੱਛਗਿੱਛ ਕਰਨੀ ਹੈ। ਹਰਦੀਪ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਅੱਗੇ ਗੋਰੀ ਨਾਂਅ ਦਾ ਨੌਜਵਾਨ ਵੀ ਉਨ੍ਹਾਂ ਨਾਲ ਮਿਲ ਗਿਆ ਅਤੇ ਉਹ ਉਸ ਨੂੰ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਲੈ ਗਏ। ਜਿੱਥੇ ਗੋਰੀ ਦੇ ਭਰਾ ਬੰਟੀ ਦਾ ਪਿਛਲੇ ਸਾਲ ਕਤਲ ਕੀਤਾ ਗਿਆ ਸੀ। ਉਸਨੇ ਹਰਦੀਪ ਨੂੰ ਕਿਹਾ ਕਿ ਉਹ ਬੰਟੀ ਦੇ ਕਾਤਲਾਂ ਬਾਰੇ ਦੱਸ ਦੇਵੇ, ਨਹੀਂ ਤਾਂ ਉਸ ਦੀ ਖੈਰ ਨਹੀਂ। ਹਰਦੀਪ ਅਨੁਸਾਰ ਉਹ ਬੰਟੀ ਦਾ ਜਾਣਕਾਰ ਸੀ ਅਤੇ ਗੋਰੀ ਨੂੰ ਇਹ ਸੰਕਾ ਸੀ ਕਿ ਬੰਟੀ ਦੇ ਕਤਲ ਵਿੱਚ ਉਸਦਾ ਰੋਲ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਘਰ ਪੁੱਜਾ ਅਤੇ ਫਿਰ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…