ਸਾਬਕਾ ਫੌਜੀ ਦੀ ਬਜ਼ੁਰਗ ਵਿਧਵਾ ਨੂੰ 5 ਦਹਾਕੇ ਬਾਅਦ ਮਿਲੀ ਪਰਿਵਾਰਕ ਪੈਨਸ਼ਨ

ਪੈਨਸ਼ਨ ਹਾਸਲ ਕਰਨ ਲਈ 50 ਸਾਲਾਂ ਸੰਘਰਸ਼ ਕਰ ਰਹੀ ਸੀ ਅਮਰਜੀਤ ਕੌਰ ਸੰਘੋਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਯਤਨਸ਼ੀਲ ਐਕਸ ਸਰਵਿਸਮੈਨ ਗਰੀਵੈਂਸਿਜ ਸੈਲ ਦੇ ਯਤਨਾਂ ਸਦਕਾ ਇੱਕ 80 ਸਾਲਾ ਸਾਬਕਾ ਫੌਜੀ ਦੀ ਵਿਧਵਾ ਨੂੰ ਕਰੀਬ 5 ਦਹਾਕਿਆਂ ਦੀ ਖੱਜਲ-ਖੁਆਰੀ ਬਾਅਦ ਪਰਿਵਾਰਕ ਪੈਨਸ਼ਨ ਮਿਲਣੀ ਸ਼ੁਰੂ ਹੋਈ ਹੈ। ਪੀੜਤ ਅਮਰਜੀਤ ਕੌਰ ਸੰਘੋਲ ਪਿਛਲੇ 50 ਵਰ੍ਹਿਆਂ ਤੋਂ ਆਪਣਾ ਹੱਕ ਹਾਸਲ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਸੀ। ਹੁਣ ਉਸ ਨੂੰ ਪਿਛਲੇ ਏਰੀਅਰ ਦੇ ਨਾਲ-ਨਾਲ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਇਸ ਤਰ੍ਹਾਂ ਹੁਣ ਉਹ ਸਨਮਾਨਜਨਕ ਜ਼ਿੰਦਗੀ ਜਿਊਣ ਦੇ ਕਾਬਲ ਹੋਵੇਗੀ।
ਇੱਥੇ ਪੱਤਰਕਾਰ ਸੰਮੇਲਨ ਦੌਰਾਨ ਐਕਸ ਸਰਵਿਸਮੈਨ ਗਰੀਵੈਂਸਿਜ਼ ਸੈਲ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਦੱਸਿਆ ਕਿ ਅਮਰਜੀਤ ਕੌਰ (80) ਸਾਬਕਾ ਸਰਪੰਚ ਪਿੰਡ ਸੰਘੋਲ (ਫਤਹਿਗੜ੍ਹ ਸਾਹਿਬ) ਪਰਿਵਾਰਕ ਪੈਨਸ਼ਨ ਲਈ ਸਾਰੀ ਉਮੀਦਾਂ ਖੋਹ ਚੁੱਕੀ ਸੀ। ਉਨ੍ਹਾਂ ਦੱਸਿਆ ਕਿ 2017 ਵਿੱਚ ਅਮਰਜੀਤ ਕੌਰ ਆਪਣੀ ਸਹੇਲੀ ਕਮਲਜੀਤ ਕੌਰ ਰਾਹੀਂ ਉਨ੍ਹਾਂ ਦੀ ਸੰਸਥਾ ਨਾਲ ਤਾਲਮੇਲ ਕਰਕੇ ਆਪਬੀਤੀ ਦੱਸੀ ਸੀ। ਉਨ੍ਹਾਂ ਨੇ ਅਮਰਜੀਤ ਕੌਰ ਕੋਲੋਂ ਲੋੜੀਂਦੇ ਦਸਤਾਵੇਜ਼ ਲੈ ਕੇ ਆਰਮਡ ਫੋਰਸਿਜ਼ ਟ੍ਰਿਬਿਊਨਲ ਚੰਡੀਗੜ੍ਹ ਵਿੱਚ ਕੇਸ ਦਾਇਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਰਜੀਤ ਕੌਰ ਦੇ ਪਤੀ ਸੀਪੀਐਲ ਬਲਦੇਵ ਸਿੰਘ ਗੋਰਾਇਆ ਨੇ 14 ਮਾਰਚ 1956 ਤੋਂ 25 ਜੂਨ 1966 (10 ਸਾਲ) ਤੱਕ ਭਾਰਤੀ ਹਵਾਈ ਸੈਨਾ ਵਿੱਚ ਨੌਕਰੀ ਕੀਤੀ ਸੀ ਪ੍ਰੰਤੂ ਉਸ ਨੂੰ ਉਸਦੀ ਇੱਛਾ ਦੇ ਵਿਰੁੱਧ ਬਿਨਾਂ ਪੈਨਸ਼ਨ ਤੋਂ ਜਬਰੀ ਰਿਟਾਇਰ ਕਰਕੇ ਘਰ ਭੇਜ ਦਿੱਤਾ ਗਿਆ। ਬਲਦੇਵ ਸਿੰਘ ਦੀ 5 ਸਤੰਬਰ 2002 ਨੂੰ ਮੌਤ ਹੋ ਗਈ ਸੀ।
ਕਰਨਲ ਸੋਹੀ ਨੇ ਦੱਸਿਆ ਕਿ ਟ੍ਰਿਬਿਊਨਲ ਵਿੱਚ ਲੰਮੀ ਚਰਚਾ ਅਤੇ ਬਹਿਸ ਉਪਰੰਤ ਸੰਸਥਾ ਦੇ ਵਕੀਲ ਆਰਐਨ ਓਝਾ ਨੇ ਆਪਣੀ ਦਲੀਲ ਵਿੱਚ ਕਿਹਾ ਕਿ ਬਲਦੇਵ ਸਿੰਘ ਨੂੰ ਉਸ ਦੀ ਇੱਛਾ ਦੇ ਵਿਰੁੱਧ ਘਰ ਭੇਜਿਆ ਗਿਆ ਸੀ, ਵਰਨਾ ਉਹ ਪੈਨਸ਼ਨ ਲਈ 15 ਸਾਲ ਦੀ ਸੇਵਾ ਪੂਰੀ ਕਰ ਸਕਦਾ ਸੀ। ਉਸ ਨਾਲ ਜਾਣਬੁੱਝ ਕੇ ਅਜਿਹਾ ਕੀਤਾ ਗਿਆ। ਅਤੇ ਭਾਰਤੀ ਹਵਾਈ ਫੌਜ ਨੇ ਰਾਸ਼ਟਰ ਲਈ ਕੀਤੀ ਗਈ ਉਸ ਦੀ 14 ਸਾਲ ਦੀ ਸੇਵਾ ਵੀ ਬਰਬਾਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਟ੍ਰਿਬਿਊਨਲ ਨੇ ਫੌਜੀ ਦੀ ਵਿਧਵਾ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਉਸ ਨੂੰ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਪਰਿਵਾਰਕ ਪੈਨਸ਼ਨ ਸਮੇਤ 5 ਸਤੰਬਰ 2002 ਤੋਂ ਬਕਾਇਆ ਮਹਿੰਗਾਈ ਭੱਤਾ ਅਤੇ ਮੁਫ਼ਤ ਮੈਡੀਕਲ ਸੁਵਿਧਾ ਦੇ ਯੋਗ ਕਰਾਰ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…