ਪਿੰਡ ਬੜਮਾਜਰਾ ਵਿੱਚ ਹੋਲੀ ਮੌਕੇ ਝਗੜੇ ਦੌਰਾਨ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਪਿੰਡ ਬੜਮਾਜਰਾ ਦੀ ਸ਼ਿਵ ਕਲੋਨੀ ਵਿੱਚ ਹੋਲੀ ਦੇ ਮੌਕੇ ਬੱਚਿਆਂ ਵੱਲੋਂ ਪਾਣੀ ਭਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਕਰੀਬ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖ਼ੀ ਹੋ ਗਏ। ਨੀਰਜ ਕੁਮਾਰ, ਕ੍ਰਿਸ਼ਨ ਕੁਮਾਰ, ਅਭਿਸ਼ੇਕ, ਭਾਗੀਰਥ ਅਤੇ ਹੋਰਨਾਂ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਮੌਕੇ ਦੋ ਬੱਚਿਆਂ ਵੱਲੋਂ ਪਾਣੀ ਭਰਨ ਦੌਰਾਨ ਇਕ ਬੱਚੇ ’ਤੇ ਪਾਣੀ ਡਿੱਗਣ ਕਾਰਨ ਝਗੜਾ ਹੋ ਗਿਆ। ਹਾਲਾਂਕਿ ਮੋਹਤਬਰ ਵਿਅਕਤੀਆਂ ਨੇ ਬੱਚਿਆਂ ਨੂੰ ਸਮਝਾ ਦੇ ਕੇ ਝਗੜਾ ਖ਼ਤਮ ਕਰਵਾ ਦਿੱਤਾ ਲੇਕਿਨ ਕੁੱਝ ਸਮੇਂ ਬਾਅਦ ਇੱਕ ਲੜਕਾ ਆਪਣੇ 10-12 ਸਾਥੀਆਂ ਨਾਲ ਉੱਥੇ ਆਇਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਦੇ ਕੁੱਝ ਹੋਰ ਸਾਥੀ ਵੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਝਗੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਕਲੋਨੀ ਵਾਸੀਆਂ ਨੂੰ ਵੀ ਨੂੰ ਬੁਰੀ ਤਰ੍ਹਾਂ ਕੁੱਟਿਆ। ਹਮਲਾਵਰਾਂ ਕੋਲ ਕਿਰਪਾਨਾਂ, ਡੰਡੇ ਅਤੇ ਸਾਈਕਲ ਦੀ ਗਰਾਰੀ ਨਾਲ ਬਣਾਏ ਮਾਰੂ ਹਥਿਆਰ ਸਨ।
ਇਸ ਦੌਰਾਨ ਕਲੋਨੀ ਵਾਸੀਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਪ੍ਰੰਤੂ ਹਮਲਾਵਰ ਦਰਵਾਜਾ ਤੋੜ ਕੇ ਕਮਰੇ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਾਲਾਂਕਿ ਕਲੋਨੀ ਵਾਲਿਆਂ ਨੇ ਤੁਰੰਤ ਮੁਹਾਲੀ ਪੁਲੀਸ ਕੰਟਰੋਲ ਰੂਮ ਦੇ 112 ਨੰਬਰ ’ਤੇ ਫੋਨ ਕਰਕੇ ਘਟਨਾ ਬਾਰੇ ਇਤਲਾਹ ਦਿੱਤੀ ਗਈ ਲੇਕਿਨ ਪੁਲੀਸ ਕਰਮਚਾਰੀ ਕਰੀਬ ਤਿੰਨ ਘੰਟੇ ਬਾਅਦ ਉੱਥੇ ਪਹੁੰਚੇ। ਕਲੋਨੀ ਵਾਸੀਆਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਉਧਰ, ਇਸ ਸਬੰਧੀ ਬਲੌਂਗੀ ਥਾਣਾ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਕਿਹਾ ਪੁਲੀਸ ਕਰਮਚਾਰੀਆਂ ਨੂੰ ਜ਼ਖ਼ਮੀਆਂ ਦੇ ਬਿਆਨ ਲੈਣ ਲਈ ਭੇਜਿਆਂ ਗਿਆ ਹੈ। ਪੀੜਤਾਂ ਦੇ ਬਿਆਨਾਂ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਮਲਾਵਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…