nabaz-e-punjab.com

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਧਰਮਸੋਤ ਦੇ ਬੇਟੇ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ

ਸਾਬਕਾ ਮੰਤਰੀ ਦੇ ਪੁੱਤ ਨੂੰ ਸਾਜ਼ਿਸ਼ ਤਹਿਤ ਸਸਤਾ ਪਲਾਟ ਵੇਚਣ ਦੇ ਦੋਸ਼ ਵਿੱਚ ਦੋ ਮੁਲਜ਼ਮ ਕਾਬੂ

ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ 6 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਪੰਜਾਬ ਵਿਜੀਲੈਂਸ ਬਿਉਰੋ ਨੇ ਹੁਣ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਬੇਟੇ ਹਰਪ੍ਰੀਤ ਸਿੰਘ ਖ਼ਿਲਾਫ਼ ਵੀ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਕਰ ਲਈ ਹੈ। ਵਿਜੀਲੈਂਸ ਨੇ ਧਰਮਸੋਤ ਦੇ ਮੁੰਡੇ ਨੂੰ 60 ਲੱਖ ਰੁਪਏ ਵਿੱਚ ਪਲਾਟ ਖਰੀਦ ਕੇ ਸਾਜ਼ਿਸ਼ ਤਹਿਤ ਉਸੇ ਦਿਨ ਸਿਰਫ਼ 25 ਲੱਖ ਰੁਪਏ ਵਿੱਚ ਸਸਤੇ ਭਾਅ ਵਿੱਚ ਵੇਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਰਾਜੇਸ਼ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 6 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਬੀਤੀ 6 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਹੈ। ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਮੁਲਜ਼ਮ ਰਾਜ ਨਾਗਪਾਲ ਵਾਸੀ ਸੈਕਟਰ-8, ਪੰਚਕੂਲਾ ਵੱਲੋਂ ਪਲਾਟ ਨੰਬਰ 2023, ਸੈਕਟਰ-88 ਮੁਹਾਲੀ ਦੀ ਐਲਓਆਈ ਗੁਰਮਿੰਦਰ ਸਿੰਘ ਗਿੱਲ ਵਾਸੀ ਫੇਜ਼-3ਬੀ-2 ਮੁਹਾਲੀ ਤੋਂ 27 ਨਵੰਬਰ 2018 ਨੂੰ 60 ਲੱਖ ਰੁਪਏ ਵਿੱਚ ਖਰੀਦ ਕੀਤੀ ਗਈ ਸੀ ਅਤੇ ਉਸੇ ਦਿਨ ਉਸੇ ਅਸਟਾਮ ਦੀ ਲੜੀ ਵਿੱਚ ਇੱਕ ਹੋਰ ਅਸਟਾਮ ਖਰੀਦ ਕੇ ਮੁਲਜ਼ਮ ਰਾਜ ਕੁਮਾਰ ਵੱਲੋਂ ਇਹੀ ਪਲਾਟ ਅੱਗੇ ਧਰਮਸੋਤ ਦੇ ਬੇਟੇ ਹਰਪ੍ਰੀਤ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿੱਚ ਘਟਾ ਕੇ ਸਿਰਫ਼ 25 ਲੱਖ ਰੁਪਏ ਵਿੱਚ ਸਾਜ਼ਿਸ਼ ਤਹਿਤ ਵੇਚ ਦਿੱਤਾ। ਇਸ ਪਲਾਟ ਦੀ ਖਰੀਦ ਤੇ ਵਿੱਕਰੀ ਸਮੇਂ ਮੁਲਜ਼ਮ ਰਾਜੇਸ਼ ਚੋਪੜਾ ਵਾਸੀ ਸੈਕਟਰ-82 ਜੇਐਲਪੀਐਲ, ਮੁਹਾਲੀ ਵੱਲੋਂ ਬਤੌਰ ਗਵਾਹ ਦਸਤਖਤ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ 60 ਲੱਖ ਰੁਪਏ ਦੀ ਰਕਮ ਵਿੱਚੋਂ ਉਕਤ ਮੁਲਜ਼ਮ ਰਾਜ ਕੁਮਾਰ ਦੇ ਖਾਤੇ ਵਿੱਚ ਪਹਿਲਾਂ ਹੀ ਅਨਮੋਲ ਅੰਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਵੱਲੋਂ 22,50,000 ਰੁਪਏ, ਹਰਪ੍ਰੀਤ ਸਿੰਘ ਵੱਲੋਂ 25,00,000 ਰੁਪਏ ਅਤੇ ਬਾਕੀਆਂ ਵੱਲੋਂ 12,10,000 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਰਾਜ ਕੁਮਾਰ ਤੋਂ ਇਹ ਐਲਓਆਈ ਅੱਗੇ ਹਰਪ੍ਰੀਤ ਸਿੰਘ ਨੂੰ ਦਿਵਾਉਣ ਵਿੱਚ ਰਾਜ ਕੁਮਾਰ ਸਰਪੰਚ, ਪ੍ਰਾਪਰਟੀ ਡੀਲਰ, ਜੁਝਾਰ ਨਗਰ ਅਤੇ ਵਾਸੀ ਫੇਜ਼-6 ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਗਮਾਡਾ ਦੇ ਰਿਕਾਰਡ ਮੁਤਾਬਕ ਵਿੱਕਰੀਕਰਤਾ ਗੁਰਮਿੰਦਰ ਸਿੰਘ ਗਿੱਲ ਦੇ ਨਾਮ ਤੋਂ ਰਾਜ ਕੁਮਾਰ ਦੇ ਨਾਮ ਪਰ ਐਲ.ਓ.ਆਈ. ਤਬਦੀਲ ਹੋਣ ਸਬੰਧੀ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਸਿੱਧਾ ਗੁਰਮਿੰਦਰ ਸਿੰਘ ਗਿੱਲ ਦੇ ਨਾਮ ਤੋਂ ਉਕਤ ਹਰਪ੍ਰੀਤ ਸਿੰਘ ਦੇ ਨਾਮ ਪਰ ਪਲਾਟ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਤਰ੍ਹਾਂ ਰਾਜ ਨਾਗਪਾਲ, ਰਾਜੇਸ਼ ਚੋਪੜਾ ਪ੍ਰਾਪਰਟੀ ਡੀਲਰ, ਰਾਜ ਕੁਮਾਰ ਸਰਪੰਚ ਪ੍ਰਾਪਰਟੀ ਡੀਲਰ ਅਤੇ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਮਿਲੀਭੁਗਤ ਤਹਿਤ ਵੱਖ-ਵੱਖ ਐਂਟਰੀਆਂ ਰਾਹੀਂ ਰਾਜ ਕੁਮਾਰ ਨੂੰ ਇਹ ਐਲਓਆਈ ਫਰਜੀ ਤੌਰ ਤੇ ਖਰੀਦ ਤੇ ਵਿੱਕਰੀ ਕਰਨੀ ਵਿਖਾਈ ਗਈ ਹੈ ਅਤੇ ਸਾਧੂ ਸਿੰਘ ਧਰਮਸੋਤ ਦੇ ਲੜਕੇ ਲਈ ਕਰੀਬ 60 ਲੱਖ ਰੁਪਏ ਦੇ ਪਲਾਟ ਨੂੰ 25 ਲੱਖ ਰੁਪਏ ਵਿੱਚ ਖਰੀਦ ਕਰਨ ਲਈ ਵਿਖਾਉਣ ਵਿੱਚ ਮੱਦਦ ਕੀਤੀ ਗਈ ਹੈ। ਇਸ ਲਈ ਮੌਜੂਦਾ ਮੁਕੱਦਮੇ ਵਿੱਚ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 12 ਦਾ ਵਾਧਾ ਕਰਦੇ ਹੋਏ ਹਰਪ੍ਰੀਤ ਸਿੰਘ ਵਾਸੀ ਅੰਨੀਆ ਰੋਡ, ਅਮਲੋਹ, ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਸਰਪੰਚ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਵਿੱਚ ਦੋ ਮੁਲਜ਼ਮਾਂ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…