Share on Facebook Share on Twitter Share on Google+ Share on Pinterest Share on Linkedin ਅਗਵਾ ਕੇਸ: ਸੀਬੀਆਈ ਅਦਾਲਤ ਵੱਲੋਂ ਸਾਬਕਾ ਐਸਐਚਓ ਨੂੰ 10 ਸਾਲ ਦੀ ਕੈਦ, 2 ਲੱਖ ਰੁਪਏ ਜੁਰਮਾਨਾ ਸਾਬਕਾ ਆਰਮੀ ਅਫ਼ਸਰ, ਉਸ ਦੇ ਪੁੱਤ, ਭਤੀਜਾ ਤੇ ਰਿਸ਼ਤੇਦਾਰ ਨੂੰ ਜਬਰੀ ਚੁੱਕ ਕੇ ਲੈ ਗਈ ਸੀ ਪੁਲੀਸ ਟੀਮ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਨਹੀਂ ਮਿਲੀ ਅਗਵਾ ਕੀਤੇ ਵਿਅਕਤੀਆਂ ਦੀ ਕੋਈ ਉੱਗ ਸੁੱਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ: ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਬਕਾ ਆਰਮੀ ਅਫ਼ਸਰ ਪਿਆਰਾ ਸਿੰਘ, ਉਸ ਦੇ ਪੁੱਤ ਹਰਫੂਲ ਸਿੰਘ, ਭਤੀਜਾ ਗੁਰਦੀਪ ਸਿੰਘ ਸਮੇਤ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਤਿੰਨ ਦਹਾਕੇ ਤੋਂ ਵੱਧ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਬੁੱਧਵਾਰ ਨੂੰ ਗੋਇੰਦਵਾਲ ਸਾਹਿਬ ਥਾਣੇ ਦੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਦੋਂਕਿ ਇਸ ਮਾਮਲੇ ਵਿੱਚ ਨਾਮਜ਼ਦ ਸੇਵਾਮੁਕਤ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ, ਸਾਬਕਾ ਐੱਸਐੱਸਓ ਰਾਮ ਨਾਥ ਅਤੇ ਥਾਣੇਦਾਰ ਨਾਜ਼ਰ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ 23 ਜੁਲਾਈ 1992 ਵਿੱਚ ਸਾਬਕਾ ਆਰਮੀ ਅਫ਼ਸਰ ਪਿਆਰਾ ਸਿੰਘ, ਉਸ ਦੇ ਬੇਟੇ ਹਰਫੂਲ ਸਿੰਘ, ਭਤੀਜੇ ਗੁਰਦੀਪ ਸਿੰਘ ਜੋ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਅਤੇ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਕਈ ਦਿਨਾਂ ਤੱਕ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਬਾਅਦ ਉਨ੍ਹਾਂ ਨੂੰ ਭੇਤਭਰੀ ਹਾਲਤ ਵਿੱਚ ਲਾਪਤਾ ਕਰ ਦਿੱਤਾ। ਜਿਨ੍ਹਾਂ ਬਾਰੇ ਹੁਣ ਤੱਕ ਕੋਈ ਉੱਗ ਸੁੱਗ ਨਹੀਂ ਮਿਲੀ। ਪੁਲੀਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪੀੜਤ ਪਰਿਵਾਰ ਲੰਮਾ ਸਮਾਂ ਉਸ ਸਮੇਂ ਦੀ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਤਰਲੇ ਕੱਢਦਾ ਰਿਹਾ ਲੇਕਿਨ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸ ਮਗਰੋਂ ਸਾਬਕਾ ਆਰਮੀ ਅਫ਼ਸਰ ਦੀ ਪਤਨੀ ਬੀਬੀ ਜਗੀਰ ਕੌਰ ਨੇ 1996 ਵਿੱਚ ਇਨਸਾਫ਼ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ। ਉੱਚ ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਇਸ ਮਾਮਲੇ ਦੀ ਸੀਬੀਆਈ ਨੂੰ ਜਾਂਚ ਸੌਂਪੀ ਗਈ। ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਨੇ ਗੋਬਿੰਦਵਾਲ ਸਾਹਿਬ ਦੇ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਖ਼ਿਲਾਫ਼ ਧਾਰਾ 364,342 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਤਤਕਾਲੀ ਡੀਐਸਪੀ ਭੁਪਿੰਦਰਜੀਤ ਸਿੰਘ ਵਿਰਕ (ਹੁਣ ਸੇਵਾਮੁਕਤ ਐੱਸਐੱਸਪੀ), ਵੇਰੋਵਾਲ ਥਾਣਾ ਦੇ ਤਤਕਾਲੀ ਐਸਐਚਓ ਰਾਮ ਨਾਥ ਸਿੰਘ, ਤਤਕਾਲੀ ਥਾਣੇਦਾਰ ਨਾਜ਼ਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਚੱਲ ਰਹੀ ਸੀ। ਇਸ ਮਾਮਲੇ ਵਿੱਚ 67 ਗਵਾਹਾਂ ਦਾ ਹਵਾਲਾ ਦਿੱਤਾ ਗਿਆ ਪ੍ਰੰਤੂ ਸੁਣਵਾਈ ਦੌਰਾਨ 38 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਕਿਉਂਕਿ ਸੁਣਵਾਈ ਲੰਮਾ ਸਮਾਂ ਚੱਲਣ ਕਾਰਨ ਕੁੱਝ ਗਵਾਹਾਂ ਦੀ ਮੌਤ ਹੋ ਗਈ ਸੀ। ਵਕੀਲਾਂ ਨੇ ਦੱਸਿਆ ਕਿ ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਅਤੇ ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਵਕੀਲਾਂ ਨੇ ਦੱਸਿਆ ਕਿ ਦੋਸ਼ੀ ਸੁਰਿੰਦਰਪਾਲ ਸਿੰਘ ਜਸਵੰਤ ਸਿੰਘ ਖਾਲੜਾ ਕੇਸ ਵਿੱਚ ਪਿਛਲੇ 18 ਸਾਲਾਂ ਤੋਂ ਵੱਖ-ਵੱਖ ਮਾਮਲਿਆਂ ਵਿੱਚ ਪਹਿਲਾਂ ਹੀ ਸਜਾ ਭੁਗਤ ਰਿਹਾ ਹੈ ਅਤੇ ਜੇਲ੍ਹ ਵਿੱਚ ਬੰਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ