ਆਈਪੀਐਲ ਮੈਚ: ਸਭ ਦੇ ਹਰਮਨ ਪਿਆਰੇ ਰਹੇ ਕਪਤਾਨ ਵਿਰਾਟ ਕੋਹਲੀ

ਸਿਖ਼ਰ ਧਵਨ ਦੇ ਮੈਚ ਨਾ ਖੇਡਣ ਕਾਰਨ ਦਰਸ਼ਕ ਹੋਏ ਨਿਰਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਰਾਇਲ ਚੈਲੰਜਰਸ ਬੰਗਲੌਰ ਅਤੇ ਪੰਜਾਬ ਕਿੰਗਜ਼ ਵਿਚਕਾਰ ਆਈਪੀਐਲ ਦੇ 16ਵੇਂ ਸੀਜ਼ਨ ਦੇ ਖੇਡੇ ਗਏ 27ਵੇਂ ਮੈਚ ਦੌਰਾਨ ਕਪਤਾਨ ਵਿਰਾਟ ਕੋਹਲੀ ਸਭ ਦੇ ਹਰਮਨ ਪਿਆਰੇ ਖਿਡਾਰੀ ਰਹੇ। ਮੈਚ ਦੌਰਾਨ ਅਸਮਾਨ ਵਿੱਚ ਬੱਦਲ ਛਾਏ ਰਹੇ। ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਨੂੰ ਕੜਾਕੇ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ। ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਮੈਚ ਦੇਖਣ ਪਹੁੰਚੇ ਕ੍ਰਿਕਟ ਪ੍ਰੇਮੀਆਂ ’ਚੋਂ ਸਭ ਤੋਂ ਵੱਧ ਵਿਰਾਟ ਕੋਹਲੀ ਦੇ ਫੈਨ ਸਨ। ਸਟੇਡੀਅਮ ਦੇ ਬਾਹਰ ਜਰਸੀ ਵੇਚ ਰਹੇ ਇੱਕ ਵਿਕਰੇਤਾ ਦਾ ਕਹਿਣਾ ਸੀ ਕਿ ਵਿਰਾਟ ਕੋਹਲੀ ਦੇ ਨੰਬਰ ਅਤੇ ਨਾਮ ਵਾਲੀ ਲਗਪਗ 2 ਹਜ਼ਾਰ ਤੋਂ ਵੱਧ ਟੀ-ਸ਼ਰਟ ਵੇਚੀ ਗਈਆਂ ਹਨ। ਇੰਜ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਹਲੀ ਦੇ ਪ੍ਰਸੰਸਕ ਵੱਡੀ ਗਿਣਤੀ ਵਿੱਚ ਪਹੁੰਚੇ ਸਨ।
ਪੰਜਾਬ ਕਿੰਗਜ਼ ਨੇ ਟਾਸ ਜਿੱਤਣ ਦੇ ਬਾਵਜੂਦ ਰਾਇਲ ਚੈਲੰਜਰਸ ਬੰਗਲੌਰ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਦੇਣਾ ਗਲਤ ਸਾਬਤ ਹੋਇਆ। ਰਾਇਲ ਚੈਲੰਜਰਸ ਬੰਗਲੌਰ ਵੱਲੋਂ ਜੇਤੂ ਪਾਰੀ ਦੀ ਸ਼ੁਰੂਆਤ ਕਰਨ ਲਈ ਆਏ ਕਪਤਾਨ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ ਮੈਦਾਨ ਦੇ ਚਾਰੇ ਪਾਸੇ ਚੌਕੇ ਅਤੇ ਛੱਕੇ ਲਗਾ ਕੇ ਟੀਮ ਦਾ ਸਕੋਰ 11.4 ਓਵਰ ਵਿੱਚ ਬਿਨਾਂ ਵਿਕਟ ਖੋਏ 100 ਦੌੜਾਂ ਬਣਾ ਲਈਆਂ ਸਨ। ਦੋਵੇਂ ਖਿਡਾਰੀ ਜਦੋਂ ਆਪਣੇ ਬੱਲਿਆਂ ਨਾਲ ਚੌਕੇ ਛਕਿਆਂ ਦੀ ਬਰਸਾਤ ਕਰ ਰਹੇ ਸੀ ਤਾਂ ਮੈਦਾਨ ਵਿੱਚ ਸਿਰਫ਼ ਵਿਰਾਟ ਕੋਹਲੀ ਅਤੇ ਫਾਫ ਦੇ ਨਾਅਰੇ ਲੱਗ ਰਹੇ ਸਨ। ਦੋਵਾਂ ਖਿਡਾਰੀਆਂ ਨੇ 50-50 ਦੌੜਾਂ ਬਣਾ ਕੇ ਅਰਧ ਸ਼ਤੱਕ ਪੂਰਾ ਕੀਤਾ।
ਆਰਬੀਸੀ ਦੇ ਇਨ੍ਹਾਂ ਦੋਵੇਂ ਖਿਡਾਰੀਆਂ ਨੇ ਪੰਜਾਬ ਕਿੰਗਜ਼ ਟੀਮ ਦੇ ਗੇਂਦਬਾਜ਼ਾਂ ਨੂੰ ਵਿਕਟ ਲਈ ਕਾਫ਼ੀ ਸਮੇਂ ਤੱਕ ਸੰਘਰਸ਼ ਕਰਵਾਇਆ। ਪੰਜਾਬ ਨੂੰ ਵਿਕਟ ਲਈ 16 ਓਵਰਾਂ ਤੱਕ ਲੰਮਾ ਇੰਤਜ਼ਾਰ ਕਰਨਾ ਪਿਆ। ਪੰਜਾਬ ਕਿੰਗਜ਼ ਵੱਲੋਂ ਗੇਂਦਬਾਜ਼ੀ ਕਰਨ ਆਏ ਹਰਪ੍ਰੀਤ ਸਿੰਘ ਬਰਾੜ ਨੇ ਵਿਰਾਟ ਕੋਹਲੀ ਨੂੰ ਕੈਚ ਆਊਟ ਕਰਕੇ ਪਹਿਲੀ ਵਿਕਟ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਰਾੜ ਨੇ ਹੀ ਮੈਕਸ ਵੈਲ ਨੂੰ ਆਪਣੀ ਗੇਂਦ ’ਤੇ ਕੈਚ ਆਊਟ ਕੀਤਾ।
ਉਧਰ, ਪੰਜਾਬ ਕਿੰਗਜ਼ ਟੀਮ ਦੇ ਗੇਂਦਬਾਜ਼ ਜਿੱਥੇ ਇੱਕ ਇੱਕ ਵਿਕਟ ਨੂੰ ਤਰਸ ਰਹੇ ਸੀ, ਉੱਥੇ ਆਰਸੀਬੀ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਖ਼ੂਬਸੂਰਤ ਮੌਸਮ ਦਾ ਲੁਤਫ਼ ਉਠਾਉਂਦੇ ਹੋਏ ਪੰਜਾਬ ਕਿੰਗਜ਼ ਦੇ ਦੋ ਬੱਲੇਬਾਜ਼ਾਂ ਨੂੰ ਪਹਿਲੀ ਤਿੰਨ ਓਵਰਾਂ ਵਿੱਚ ਆਊਟ ਕਰ ਦਿੱਤਾ। ਇਸ ਤੋਂ ਬਾਅਦ ਸ਼ਿਰਾਜ਼ ਨੇ ਹੀ ਹਰਪ੍ਰੀਤ ਭਾਟੀਆ ਨੂੰ ਰਣ ਆਊਟ ਕਰਕੇ ਟੀਮ ਨੂੰ ਤੀਜੀ ਸਫਲਤਾ ਦੁਆਈ।
ਉਧਰ, ਪੰਜਾਬ ਕਿੰਗਜ਼ ਦੇ ਕਪਤਾਨ ਸਿਖਰ ਧਵਨ ਮੋਢੇ ਉੱਤੇ ਸੱਟ ਲੱਗਣ ਕਾਰਨ ਅੱਜ ਮੈਚ ਨਹੀਂ ਖੇਡ ਸਕੇ। ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਕਾਫ਼ੀ ਨਿਰਾਸ਼ਾ ਝੱਲਣੀ ਪਈ। ਧਵਨ ਨੇ ਆਪਣੀ ਥਾਂ ’ਤੇ ਟੀਮ ਦੀ ਕਪਤਾਨੀ ਸੈਮ ਕੁਰਨ ਨੂੰ ਸੌਂਪੀ ਗਈ ਸੀ। ਇਸ ਦੀ ਜਾਣਕਾਰੀ ਜਦੋਂ ਟੀਮ ਮੈਨੇਜਮੈਂਟ ਵੱਲੋਂ ਦਿੱਤੀ ਗਈ ਤਾਂ ਕ੍ਰਿਕਟ ਪ੍ਰੇਮੀਆਂ ਵਿੱਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…