ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕੀਤੀ ਸਿਲਵੀ ਪਾਰਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਮੁਹਾਲੀ ਨਗਰ ਨਿਗਮ ਨੇ ਇਤਿਹਾਸਕ ਪਹਿਲ ਕਰਦਿਆਂ ਇੱਥੋਂ ਫੇਜ਼-10 ਸਥਿਤ ਸਿਲਵੀ ਪਾਰਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ 50 ਤੋਂ ਵੱਧ ਪੁਸਤਕਾਂ ਪਾਉਣ ਵਾਲੇ ਬਹੁ-ਵਿਧਾਵੀ ਪੰਜਾਬੀ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕੀਤੀ ਗਈ ਹੈ। ਨਗਰ ਨਿਗਮ ਦਾ ਇਹ ਫ਼ੈਸਲਾ ਸਾਹਿਤਕ ਹਲਕਿਆਂ ਲਈ ਬਹੁਤ ਹੀ ਗੌਰਵਮਈ ਸਮਝਿਆ ਜਾ ਰਿਹਾ ਹੈ। ਇਹ ਕਾਰਜ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਸਮੁੱਚੇ ਹਾਊਸ ਦੇ ਸੁਹਿਰਦ ਯਤਨਾ ਸਦਕਾ ਇਹ ਸੰਭਵ ਹੋ ਸਕਿਆ ਹੈ।
ਉੱਘੇ ਰੰਗਕਰਮੀ ਸੰਜੀਵਨ ਸਿੰਘ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਰੰਜੀਵਨ ਸਿੰਘ ਨੇ ਦੱਸਿਆ ਕਿ ਭਲਕੇ 22 ਅਪਰੈਲ ਨੂੰ ਸ਼ਾਮ 6 ਵਜੇ ਸਿਲਵੀ ਪਾਰਕ ਸਥਿਤ ਧੀਰ ਲਾਇਬ੍ਰੇਰੀ ਤੇ ਗੈਲਰੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਸਬੰਧੀ ਲਾਇਬ੍ਰੇਰੀ/ਓਪਨ ਏਅਰ ਥੀਏਟਰ ਸਿਲਵੀ ਪਾਰਕ ਫੇਜ਼-10 ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਹਾਣੀ ਸੰਗ੍ਰਿਹ ‘ਪੱਖੀ’ ਲਈ 1996 ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਨਾਲ ਨਿਵਾਜੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ ਪੰਜਾਬੀ ਯੂਨੀਵਿਰਸਟੀ ਪਟਿਆਲਾ ਦੇ ਤਾ-ਉਮਰ ਫੈਲੋ ਵੀ ਰਹੇ। 2 ਦਸੰਬਰ 1920 ਨੂੰ ਬੱਸੀ ਪਠਾਣਾ ਵਿੱਚ ਜਨਮੇ ਸੰਤੋਖ ਸਿੰਘ ਧੀਰ ਦੀਆਂ ਪ੍ਰਸਿੱਧ ਰਚਨਾਵਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਤਰਜ਼ਮਾ ਕੀਤਾ ਗਿਆ ਹੈ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਕੋਈ ਇਕ ਸਵਾਰ, ਪੱਖੀ, ਮੰਗੋ ਅਤੇ ਇਕ ਸਧਾਰਣ ਆਦਮੀ ਉਪਰ ਦੂਰਦਰਸ਼ਨ ਜਲੰਧਰ ਵੱਲੋਂ ਟੈਲੀ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।
ਸ੍ਰੀ ਧੀਰ ਸੰਸਾਰ ਅਮਨ ਨੂੰ ਪ੍ਰਣਾਈ ਕਵਿਤਾ ‘ਨਿੱਕੀ ਸਲੇਟੀ ਸੜਕ ਦਾ ਟੋਟਾ‘ ਦੇ ਰਚੇਤਾ ਹਨ। ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸ੍ਰੀ ਧੀਰ ਦੀਆਂ ਪ੍ਰਸਿੱਧ ਕਹਾਣੀਆਂ ਡੈਣ, ਮੇਰਾ ਉਜੱੜਿਆ ਗੁਆਂਢੀ ਅਤੇ ਪੰਜ ਕਹਾਣੀਆਂ ਸਾਂਝੀ ਕੰਧ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਕੋਈ ਇਕ ਸਵਾਰ, ਗੱਲਾਂ ਲਈ ਗੱਲਾਂ ਉਪਰ ਅਧਾਰਿਤ ਨਾਟਕ ਕਹਾਣੀ ਇਕ ਪਿੰਡ ਦੀ ਦੇ ਮੰਚਨ ਵੀ ਕੀਤੇ ਗਏ। ਧੀਰ ਦੇ 8 ਫਰਵਰੀ 2010 ਨੂੰ ਦੇਹਾਂਤ ਮਗਰੋਂ ਉਨ੍ਹਾਂ ਦੀ ਦੇਹ ਮੈਡੀਕਲ ਖੋਜ ਹਿੱਤ ਪੀਜੀਆਈ ਚੰਡੀਗੜ੍ਹ ਨੂੰ ਸੌਂਪੀ ਗਈ ਸੀ। ਸਵਰਗੀ ਸੰਤੋਖ ਸਿੰਘ ਧੀਰ ਆਪਣੀ ਜ਼ਿੰਦਗੀ ਦੇ ਅਖੀਰਲੇ ਚਾਰ ਦਹਾਕੇ ਕੋਠੀ ਨੰਬਰ 689, ਫੇਜ਼-10, ਮੁਹਾਲੀ ਵਿਖੇ ਹੀ ਰਹੇ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…