ਜਾਅਲੀ ਐਸਸੀ ਸਰਟੀਫਿਕੇਟਾਂ ਦਾ ਮਾਮਲਾ: ਪੱਕਾ ਮੋਰਚਾ 11ਵੇਂ ਦਿਨ ’ਚ ਦਾਖ਼ਲ, ਸਹੁੰ ਚੁੱਕੀ

ਪੱਕੇ ਮੋਰਚੇ ਵਾਲੀ ਥਾਂ ’ਤੇ ਅੱਜ ਮਨਾਇਆ ਜਾਵੇਗਾ ਮਜ਼ਦੂਰ ਦਿਵਸ ਤੇ ਡਾ. ਅੰਬੇਦਕਰ ਦਾ ਜਨਮ ਦਿਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਪੰਜਾਬ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਇੱਥੋਂ ਦੇ ਫੇਜ਼-1 ਸਥਿਤ ਸਮਾਜਿਕ ਨਿਆਂ ਅਧਿਆਕਰਤਾ ਅਤੇ ਘੱਟ ਗਿਣਤੀਆਂ ਭਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ ਐਤਵਾਰ ਨੂੰ 11ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਸੰਘਰਸ਼ ਨੂੰ ਉਸ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਸਮਾਜ ਭਲਾਈ ਫਰੰਟ ਦੇ ਪ੍ਰਧਾਨ ਜਸਵਿੰਦਰ ਸਿੰਘ ਲੱਖੋਵਾਲ, ਸਰਕਾਰੀ ਐਲੀਮੈਂਟਰੀ ਟੀਚਰ ਐਸੋਸੀਏਸ਼ਨ ਪੰਜਾਬ ਦੇ ਆਗੂ ਧੰਨਾ ਸਿੰਘ, ਐੱਸਸੀ/ਬੀਸੀ ਟੀਚਰ ਯੂਨੀਅਨ ਗੁਰਦਾਸਪੁਰ ਅਤੇ ਨਰੇਗਾ ਫਰੰਟ ਦੇ ਆਗੂ ਲਖਬੀਰ ਸਿੰਘ ਬੌਬੀ, ਸਤਿਗੁਰੂ ਰਵਿਦਾਸ ਕਲਿਆਣ ਸੇਵਾ ਦਲ ਖੰਨਾ, ਡਾ. ਬੀਆਰ ਅੰਬੇਦਕਰ ਲੇਬਰ ਯੂਨੀਅਨ ਦੇ ਆਗੂ ਬੀ ਬੋਧ, ਸ੍ਰੀ ਗੁਰੂ ਰਵਿਦਾਸ ਸਭਾ ਖਰੜ ਦੇ ਆਗੂ ਧਰਮਪਾਲ ਸਿੰਘ ਸੂਰਜਗੜ੍ਹ ਨੇ ਹਮਾਇਤ ਦੇਣ ਦਾ ਐਲਾਨ ਕਰਕੇ ਆਪਣੇ ਸਾਥੀਆਂ ਸਮੇਤ ਸਹੁੰ ਚੁੱਕੀ ਕਿ ਜਦੋਂ ਤੱਕ ਜਾਅਲੀ ਐਸਸੀ ਸਰਟੀਫਿਕੇਟ ਰੱਦ ਕਰਕੇ ਜ਼ਿੰਮੇਵਾਰ ਅਫ਼ਸਰਾਂ ਅਤੇ ਸਬੰਧਤ ਵਿਅਕਤੀਆਂ ਨੂੰ ਭਾਰਤ ਦੇ ਸੰਵਿਧਾਨ ਅਨੁਸਾਰ ਸਖ਼ਤ ਸਜਾਵਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਪੱਕਾ ਧਰਨਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਪ੍ਰੋ. ਹਰਨੇਕ ਸਿੰਘ, ਸ਼ਵਿੰਦਰ ਸਿੰਘ ਲੱਖੋਵਾਲ ਅਤੇ ਬਲਬੀਰ ਸਿੰਘ ਆਲਮਪੁਰ ਨੇ ਐਲਾਨ ਕੀਤਾ ਕਿ ਭਲਕੇ ਸੋਮਵਾਰ ਨੂੰ ਪੱਕੇ ਮੋਰਚੇ ਵਾਲੀ ਥਾਂ ’ਤੇ ਮਜ਼ਦੂਰ ਦਿਵਸ ਅਤੇ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਜਿਸ ਵਿੱਚ ਪੰਜਾਬ ਭਰ ’ਚੋਂ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦਲਿਤ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕ ਲੈਣ ਅਤੇ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਘੱਟੋ-ਘੱਟ ਇੱਕ ਦਿਨ ਆਪੋ-ਆਪਣੇ ਕੰਮ ਬੰਦ ਕਰਕੇ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ।
ਇਸ ਮੌਕੇ ਗੁਰਪ੍ਰੀਤ ਸਿੰਘ ਭੱਠਲ, ਜੈ ਸਿੰਘ, ਬੀਪੀਈਓ ਸ਼ੇਰ ਸਿੰਘ, ਹੈੱਡ ਟੀਚਰ ਕੁਲਦੀਪ ਸਿੰਘ, ਜਸਵਿੰਦਰਪਾਲ ਸਿੰਘ, ਭਜਨ ਸਿੰਘ, ਜਰਨੈਲ ਸਿੰਘ, ਸੁਰਿੰਦਰ ਪਾਲ, ਸਵਰਨ ਚੀਮਾ, ਸੰਜੀਵ ਕੁਮਾਰ ਕੁਰਾਲੀ, ਪ੍ਰੇਮਪਾਲ, ਸੰਦੀਪ ਸਿੰਘ ਅਤੇ ਕੁਲਵੰਤ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…