ਇਪਟਾ ਦਾ 15ਵਾਂ ਤਿੰਨ ਰੋਜ਼ਾ ਕੌਮੀ ਸੰਮੇਲਨ ਯਾਦਗਾਰੀ ਹੋ ਨਿੱਬੜਿਆਂ

ਇਪਟਾ ਕਾਰਕੁਨਾ ਦਾ ਸਥਾਨਕ ਵਸਨੀਕਾਂ ਵੱਲੋਂ ਸਰਬਤ ਤੇ ਫੁੱਲਾਂ ਦੀ ਬਰਖਾ ਨਾਲ ਕੀਤਾ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਝਾਰਖੰਡ, 8 ਮਈ:
ਦੇਸ਼ ਭਰ ਦੇ ਪੰਜਾਬ, ਛੱਤੀਸਗੜ,ਉਤਰ ਪ੍ਰਦੇਸ, ਬਿਹਾਰ, ਦਿੱਲੀ, ਮੱਧ ਪ੍ਰਦੇਸ, ਰਾਜਸਥਾਨ, ਕੇਰਲਾ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲਗਾਨਾ, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਕੇਰਲਾ, ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਰਾਜਸਥਾਨ, ਉੜੀਸਾ, ਤੇਲਗਾਨਾ, ਅਸਾਮ, ਮਨੀਪੁਰ, ਚੰਡੀਗੜ੍ਹ, ਮੁੰਬਈ, ਪਾਂਡੂਚੇਰੀ ਸੂਬੀਆਂ ਦੇ 600 ਤੋਂ ਵੱਧ ਇਪਟਾ ਕਾਰਕੁਨਾ ਦੀ ਸ਼ਮੂਲੀਅਤ ਵਾਲਾ ਇਪਟਾ ਦਾ 15ਵਾਂ ਤਿੰਨ ਰੋਜ਼ਾ ਰਾਸ਼ਟਰੀ ਸੰਮੇਲਨ ਨੀਲਾਂਬਰ-ਪੀਤਾਂਬਰ ਦੀ ਸਰਜ਼ਮੀਨ ਡਾਲਟਨਗੰਜ (ਝਾਰਖੰਡ) ਵਿਖੇ ਦੇਸ਼ ਭਰ ਦੀਆਂ ਲੋਕ-ਕਲਾਵਾਂ ਦੇ ਰੰਗ ਬਿਖੇਰਦਾ ਸਫਲਤਾ ਪੂਰਵਕ ਚੜਿਆ ਨੇਪਰੇ ਚੜਿਆ।ਇਸ ਤਿੰਨ ਰੋਜ਼ਾ ਸੰਮੇਲਨ ਦਾ ਅਗ਼ਾਜ਼ ਇਪਟਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਚਰਚਿੱਤ ਬਜ਼ਰੁਗ ਰੰਗਕਰਮੀ ਸਾਮਿਕ ਬੰਦੋਪਾਧਿਆ ਨੇ 15 ਨਗਾੜਿਆਂ ਦੀ ਗੂੰਜ ਵਿਚ ਕੀਤਾ। ਸੰਗਠਨਾਤਮਕ ਸੈਸ਼ਨ ਦੌਰਾਨ ਵਿਛੋੜਾ ਦੇ ਚੁੱਕੇ ਇਪਟਾ ਦੇ ਰਾਸ਼ਟਰੀ ਪ੍ਰਧਾਨ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਰਣਬੀਰ ਸਿੰਘ, ਇਪਟਾ ਪੰਜਾਬ ਦੇ ਸਰਪ੍ਰਸਤ ਲੋਕ-ਗਾਇਕ ਅਮਰਜੀਤ ਗੁਰਦਾਸਪੁਰੀ, ਪੰਜਾਬੀ ਰੰਗਮੰਚ ਦੀ ਪਹਿਲੀ ਮਹਿਲਾ ਅਦਾਕਾਰਾ ਓਮਾ ਗੁਰਬਖਸ਼ ਸਿੰਘ, ਗੁਰਚਰਨ ਬੋਪਾਰਾਏ, ਜੇ.ਸੀ.ਪਰਿੰਦਾ ਸਮੇਤ ਹੋਰ ਦੇਸ਼ ਭਰ ਵਿਚ ਵਿਛੜ ਚੁੱਕੇ ਇਪਟਾ ਕਰਮੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋ ਬਾਅਦ ਇਪਟਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਕੇਸ਼ ਵੇਦਾ ਨੇ ਦੇਸ਼ ਭਰ ਵਿਚ ਇਪਟਾ ਦੀਆਂ ਰੰਗਮੰਚੀ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ।
ਬਾਅਦ ਦੁਪਹਿਰ ਭਾਰਤ ਵੱਖ-ਵੱਖ ਸੂਬਿਆਂ ਦੇ ਸੈਕੜੇਂ ਇਪਟਾ ਦੇ ਕਲਾਕਾਰਾਂ ਨੇ ਆਪੋ-ਆਪਣੇ ਪਹਿਰਾਵੇ ਵਿਚ ਲੋਕ-ਸਾਜਾਂ ਦਾ ਡਾਲਟਨਗੰਜ ਦੇ ਬਜ਼ਾਰਾਂ ਵਿਚ ਪ੍ਰਦਰਸ਼ਨ ਕੀਤਾ। ਪੰਜਾਬੀ ਪਹਿਰਾਵੇ ਵਿਚ ਬੁੱਗਚੂ ਵਜਾ ਰਿਹਾ ਇਪਟਾ, ਪੰਜਾਬ ਦਾ ਕਾਰਕੁਨ ਕਰਮਜੀਤ ਸਿੰਘ ਰਾਜਾ ਵੀ ਖਿੱਚ ਦਾ ਕੇਂਦਰ ਸੀ। ਇਸ ਦੌਰਾਨ ਸਥਾਨਕ ਵਸਨੀਕਾਂ ਵੱਲੋਂ ਸਰਬਤ ਅਤੇ ਫੁੱਲਾਂ ਦੀ ਬਰਖਾ ਨਾਲ ਸਵਾਗਤ ਕਰਨਾ ਇਪਟਾ ਕਾਰਕੁਨਾ ਦੇ ਹੌਸਲੇਂ ਬੁਲੰਦ ਕਰ ਰਿਹਾ ਸੀ। ਤਿੰਨੇ ਦਿਨ ਨੀਲਾਂਬਰ-ਪੀਤਾਂਬਰ ਲੋਕ-ਉਤਸਵ ਅਧੀਨ ਸ਼ਿਵਾ ਜੀ ਮੈਦਾਨ ਵਿਚ ਇਪਟਾ ਕਾਰਕੁਨਾ ਵੱਲੋਂ ਆਪਣੇ-ਆਪਣੇ ਪ੍ਰਦੇਸ਼ਾਂ ਦੇ ਲੋਕ-ਨਾਚ ਅਤੇ ਲੋਕ-ਗੀਤ ਦੀ ਪੇਸ਼ਕਾਰੀ ਕੀਤੀ।ਅਤੇ ਇਪਟਾ ਨਾਲ ਸਬੰਧਤ ਚਾਰ ਪੁਸਤਕਾਂ ਦਾ ਲੋਕ-ਅਰਪਣ ਵੀ ਕੀਤਾ ਗਿਆ।ਇਸ ਮੌਕੇ ਹਮਖ਼ਿਆਲ ਅਤੇ ਭਰਾਤਰੀ ਜਥੇਬੰਦੀਆਂ ਦੇ ਜਿਨਾਂ ਪ੍ਰਤੀਨਿਧਾਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਡਾ. ਸੁਖਦੇਵ ਸਿੰਘ ਸਿਰਦਾ, ਰਾਸ਼ਟਰੀ ਜਨਰਲ ਸਕੱਤਰ, ਪ੍ਰਗਤੀਸ਼ੀਲ ਲੇਖਕ ਸੰਘ ਵੀ ਸ਼ਾਮਲ ਸਨ। ਇਸੇ ਦੌਰਾਨ ਇਪਟਾ, ਪੰਜਾਬ ਦੇ ਕਲਾਕਾਰਾਂ ਨੇ ਜਸ ਰਿਆਜ਼ ਦੀ ਰਹਿਨੁਮਾਈ ਲੋਕਾਂ ਦੀ ਬਾਤ ਪਾਉਂਦੇ ਗੀਤ ਵੀ ਪੇਸ਼ ਕੀਤੇ।
ਦੂਜੇ ਦਿਨ ਪਹਿਲੇ ਸ਼ੈਸ਼ਨ ਵਿਚ ਸੰਵੇਦਸ਼ੀਲ ਮਸਲਿਆ ਉਪਰ ਹਰ ਰਾਜ ਦੇ ਇਪਟਾ ਕਾਰਕੁਨਾ ਨੇ ਵੱਖ-ਵੱਖ ਸਥਾਨਾ ’ਤੇ ਚਰਚਾ ਦੌਰਾਨ ‘ਨਾਟਕ ਅਤੇ ਕਲਾ ਦੇ ਹੋਰ ਰੂਪਾਂ ਵਿਚ ਵਾਤਾਵਰਣ‘ ਬਾਰੇ ਗੱਲ ਕਰਦੇ ਇਪਟਾ, ਪੰਜਾਬ ਦੇ ਪ੍ਰਧਾਨ, ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ, ‘‘ਨਾਟਕ ਅਤੇ ਕਲਾ ਦੀਆਂ ਹੋਰ ਵਿਧਾਵਾਂ ਵਿਚ ਵਾਤਾਵਰਣ ਵਿਚ ਫੈਲ ਰਹੇ ਪ੍ਰਦੂਸ਼ਣ ਦੇ ਨਾਲ ਨਾਲ ਸਭਿਆਚਾਰਕ ਪ੍ਰਦੂਸ਼ਣ ਬਾਰੇ ਵੀ ਗੱਲ ਵਧੇਰੇ ਤਿੱਖੇ ਢੰਗ ਨਾਲ ਹੋਣੀ ਚਾਹੀਦੀ ਹੈ।’’ ‘ਨਾਟਕ ਅਤੇ ਕਲਾ ਦੇ ਹੋਰ ਰੂਪਾਂ ਵਿਚ ਖੇਤੀ ਕਿਸਾਨੀ ਸੰਕਟ‘ ਬਾਰੇ ਗੱਲ ਕਰਦੇ ਇਪਟਾ, ਪੰਜਾਬ ਦੇ ਮੀਤ ਪ੍ਰਧਾਨ, ਨਾਟ-ਕਰਮੀ, ਅਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ, ‘ਆਪਣੀ ਹਰ ਕਿਸਮ ਦੀਆਂ ਕਲਾ ਕਿਰਤਾਂ ਵਿੱਚ ਸਾਨੂੰ ਕਿਸਾਨੀ ਅਤੇ ਖੇਤੀ ਮਸਲੇ ਹੋਰ ਵੀ ਅਸਰਦਾਰ ਤਰੀਕੇ ਨਾਲ ਛੂੰਹਣੇ ਪੈਣਗੇ।’’ ‘ਨਾਟਕ ਅਤੇ ਕਲਾ ਦੇ ਹੋਰ ਰੂਪਾਂ ਵਿਚ ਲਿੰਗਕ ਮਸਲੇ‘ ਬਾਰੇ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਤੇ ਰੰਗਕਰਮੀ ਬਲਕਾਰ ਸਿੱਧੂ ਨੇ ਕਿਹਾ, ‘‘‘ਰੰਗਮੰਚ ਵਿੱਚ ਨਹੀਂ ਬਲਕਿ ਹਰ ਮੰਚ ਉਪਰ ਸਮਾਜ ਵਿਚ ਹੋ ਰਹੇ ਸਦੀਆਂ ਤੋਂ ਹੋ ਰਹੇ ਲਿੰਗਕ ਭੇਦ-ਭਾਵ ਨੂੰ ਉੱਚੀ ਸੁਰ ਵਿਚ ਉਭਾਰਨਾ ਚਾਹੀਦਾ ਹੈ।
ਤੀਜੇ ਦਿਨ ਛੇਵੇਂ ਸ਼ੈਸ਼ਨ ਦੌਰਾਨ ਸੂਬਿਆਂ ਵੱਲੋਂ ਆਪੋ-ਆਪਣੀਆਂ ਇਪਟਾ ਇਕਾਈਆਂ ਦੀ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਪੰਜਾਬ ਦੀਆਂ ਰੰਗਮੰਚੀ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦੇ ਕਿਹਾ ਕਿ ਇਪਟਾ ਦੇ ਮੁੱਢਲੇ ਸਿਧਾਂਤ ‘ਕਲਾ ਕਲਾ ਲਈ ਨਹੀਂ’ ਲੋਕਾਂ ਲਈ ਦੇ ਉਪਰ ਇਪਟਾ, ਪੰਜਾਬ ਡੱਟ ਕੇ ਪਹਿਰਾ ਦੇਣਾ ਜਾਰੀ ਰੱਖੇਗੀ। ਇਸ ਤਿੰਨ ਰੋਜ਼ਾ ਰਾਸ਼ਟਰੀ ਸੰਮੇਲਨ ਦੌਰਾਨ ਇਪਟਾ, ਪੰਜਾਬ ਦੇ ਕਾਰਕੁਨ ਕੰਵਲ ਨੈਨ ਸਿੰਘ ਸੇਖੋਂ, ਅਮਨ ਭੋਗਲ, ਵਿੱਕੀ ਮਹੇਸਰੀ, ਕਿਰਤੀ ਕ੍ਰਿਪਾਲ, ਗੁਰਮੀਤ ਪਾਹੜਾ, ਕਸ਼ਮੀਰੀ ਲਾਲ ਬਜਰੌਰ, ਸਰਬਜੀਤ ਰੂਪੋਵਾਲੀ, ਅਵਤਾਰ ਸਿੰਘ, ਬੂਟਾ ਰਾਮ ਅਜ਼ਾਦ, ਸੁਰਮੀਤ ਮਾਵੀ, ਜੱਸ ਰਿਆਜ਼, ਰਮਨਦੀਪ ਸਿੰਘ, ਗੁਰਤੇਜ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ, ਜਸਪ੍ਰੀਤ ਸਿੰਘ ਨੇ ਵੀ ਡੈਲੀਗੇਟ ਵਜੋਂ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…