ਖਸਤਾ ਹਾਲਤ ਸੜਕ: ਫੁੱਲਾਂ ਨਾਲ ਸਜੀ ਪਾਲਕੀ ਖੱਡਿਆਂ ’ਚੋਂ ਲੰਘੀ, ਸੰਗਤ ’ਚ ਭਾਰੀ ਰੋਸ

ਚੱਪੜਚਿੜੀ ਲਿੰਕ ਸੜਕ ਦੀ ਹਾਲਤ ਬਹੁਤ ਮਾੜੀ, ਆਪ ਵਿਧਾਇਕ ਆਪਣੇ ਬੋਲ ਪੁਗਾਉਣ ਤੋਂ ਖੁੰਝੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਜੰਗੀ ਯਾਦਗਾਰ ਸਥਿਤ ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਤੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ‘ਸਰਹਿੰਦ ਫਤਿਹ ਮਾਰਚ’ ਸ਼ੁੱਕਰਵਾਰ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ। ਪ੍ਰੰਤੂ ਚੱਪੜਚਿੜੀ ਲਿੰਕ ਸੜਕ ਟੁੱਟੀ ਹੋਣ ਕਾਰਨ ਫੁੱਲਾਂ ਨਾਲ ਸਜੀ ਪਾਲਕੀ ਵਾਲੇ ਵਾਹਨ ਨੂੰ ਖੱਡਿਆਂ ’ਚੋਂ ਲੰਘਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਹੈ। ਇਸ ਖਸਤਾ ਹਾਲਤ ਸੜਕ ਤੋਂ ਸਾਰੀ ਧੂੜ ਮਿੱਟੀ ਉੱਡ ਕੇ ਪਾਲਕੀ ਵਾਲੇ ਵਾਹਨ (ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ) ਅਤੇ ਸੰਗਤਾਂ ਉੱਤੇ ਪਈ। ਇਹ ਸੜਕ ਪਿਛਲੇ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਹੈ ਪ੍ਰੰਤੂ ਚੱਪੜਚਿੜੀ ਜੰਗ ਯਾਦਗਾਰ ਦੀ ਸਾਂਭ-ਸੰਭਾਲ ਸਰਕਾਰ ਗੰਭੀਰ ਨਹੀਂ ਹੈ।ਅਕਾਲੀ ਸਰਕਾਰ ਸਮੇਂ ਬਣੀ ਜੰਗੀ ਯਾਦਗਾਰ 328 ਫੁੱਟ ਉੱਚੀ ਫਤਿਹ ਮੀਨਾਰ ਨੂੰ ਹੁਣ ਤੱਕ ਲਿਫ਼ਟ ਤੱਕ ਨਹੀਂ ਜੁੜੀ।
ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ, ਚੱਪੜਚਿੜੀ ਕਲਾਂ ਦੇ ਸਾਬਕਾ ਪ੍ਰਧਾਨ ਸੋਹਨ ਸਿੰਘ, ਗੁਰਮੇਲ ਸਿੰਘ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਲਾਂਡਰਾਂ ਮੁੱਖ ਸੜਕ ਤੋਂ ਚੱਪੜਚਿੜੀ ਖੁਰਦ ਅਤੇ ਚੱਪੜਚਿੜੀ ਕਲਾਂ ਨੂੰ ਜਾਂਦੀ ਲਿੰਕ ਸੜਕ ਅਤੇ ਜੰਗੀ ਯਾਦਗਾਰ ਸੜਕ ਬੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਸੜਕ ’ਤੇ 200 ਤੋਂ ਵੱਧ ਡੂੰਘੇ ਖੱਡੇ ਪੈ ਗਏ ਹਨ। ਜਿਸ ਕਾਰਨ ਅੱਜ ਫਤਿਹ ਮਾਰਚ ਲੰਘਣ ਵੇਲੇ ਖੱਡਿਆਂ ’ਚੋਂ ਮਿੱਟੀ ਧੂੜ ਉੱਡ ਕੇ ਮਹਾਰਾਜ ਜੀ ਦੀ ਸੁੰਦਰ ਪਾਲਕੀ ਸਾਹਿਬ ਅਤੇ ਸੰਗਤ ਉੱਤੇ ਪਈ।
ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦੀ ਮੁਰੰਮਤ ਲਈ ਉਹ ਕਈ ਵਾਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਚੱਪੜਚਿੜੀ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ ਅਤੇ ਮਹੀਨਾ ਕੁ ਪਹਿਲਾਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਸਰਹਿੰਦ ਫਤਿਹ ਮਾਰਚ ਤੋਂ ਪਹਿਲਾਂ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ ਲੇਕਿਨ ਹੁਣ ਤੱਕ ਇੱਕ ਵੀ ਖੱਡਾ ਨਹੀਂ ਪੂਰਿਆ ਗਿਆ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅੱਜ ਨਗਰ ਕੀਰਤਨ ਰਵਾਨਾ ਹੋਇਆ ਤਾਂ ਸ਼ਰਧਾਲੂਆਂ ਨੂੰ ਨਮੋਸ਼ੀ ਝੱਲਣੀ ਪਈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਕਹਿਦਾ ਹੈ ਕਿ ਪੰਜਾਬ ਕੈਬਨਿਟ ਸਮੇਤ ਸਮੁੱਚੀ ਆਪ ਲੀਡਰਸ਼ਿਪ ਜਲੰਧਰ ਜ਼ਿਮਨੀ ਚੋਣ ਕਾਰਨ ਉੱਥੇ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਸੀ। ਜਿਸ ਕਾਰਨ ਚੱਪੜਚਿੜੀ ਦੀ ਖਸਤਾ ਹਾਲਤ ਸੜਕ ਦੀ ਮੁਰੰਮਤ ਨਹੀਂ ਹੋ ਸਕੀ। ਜਿਸ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਉਨ੍ਹਾਂ ਕਿਹਾ ਕਿ ਹੁਣ ਜਲਦੀ ਹੀ ਚੱਪੜਚਿੜੀ ਸੜਕ ਦੇ ਖੱਡੇ ਭਰੇ ਜਾਣਗੇ ਅਤੇ ਜੰਗੀ ਯਾਦਗਾਰ ਦੀ ਸਾਂਭ-ਸੰਭਾਲ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…