ਡੀਟੀਐੱਫ਼ ਦਾ ਵਫ਼ਦ ਡੀਜੀਐਸਈ ਐਲੀਮੈਂਟਰੀ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਧੀਨ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਸੂਬਾ ਕਮੇਟੀ ਮੈਂਬਰ ਰੇਸ਼ਮ ਖੇਮੂਆਣਾ ਅਤੇ ਜਿਲ੍ਹਾ ਬਠਿੰਡਾ ਆਗੂ ਗੁਰਪ੍ਰੀਤ ਖੇਮੂਆਣਾ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਸੰਗੀਤਾ ਸ਼ਰਮਾ ਨੂੰ ਮਿਲਿਆ। ਮੀਟਿੰਗ ਵਿੱਚ ਉਹਨਾਂ ਦੇ ਦਫ਼ਤਰ ਨਾਲ ਸੰਬੰਧਿਤ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ ਅਤੇ ਉਨ੍ਹਾਂ ਨੇ ਅਧਿਆਪਕਾਂ ਦੇ ਕੰਮਾਂ-ਕਾਰਾਂ ਅਤੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਈਆਂ ਦਾ ਮੌਕੇ ’ਤੇ ਹੱਲ ਕੀਤਾ ਅਤੇ ਕੁਝ ਨੂੰ ਬਹੁਤ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।
ਵਫ਼ਦ ਵੱਲੋਂ ਡੀਟੀਐੱਫ਼ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਆਗੂ ਗੁਰਪ੍ਰੀਤ ਸਿੰਘ ਈਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸੇਖੂਵਾਸ ਨੂੰ ਜਥੇਬੰਦਕ ਸੰਘਰਸ਼ ਕਾਰਨ ਜਾਰੀ ਝੂਠੀ ਦੋਸ਼ ਸੂਚੀ ਰੱਦ ਕਰਨ ਦੀ ਮੰਗ ਕੀਤੀ ਜਿਸ ’ਤੇ ਡੀਜੀਐੱਸਈ ਨੇ ਇਸ ਸਾਰੇ ਕੇਸ ਨੂੰ ਘੋਖ ਕੇ ਇਸ ਨੂੰ ਨਜਿੱਠਣ ਦੀ ਗੱਲ ਕਹੀ। ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਅਪਰੈਲ ਮਹੀਨੇ ਦੀ ਤਨਖਾਹ ਰਲੀਜ ਕਰਨ ਦੀ ਗੱਲ ਰੱਖੀ, ਜਿਸ ਬਾਰੇ ਅਧਿਕਾਰੀ ਨੇ ਕਿਹਾ ਕਿ ਅੱਜ ਹੀ ਰਲੀਜ ਕਰ ਦਿੱਤੀ ਜਾਵੇਗੀ। ਈਟੀਟੀ ਤੋਂ ਐਚਟੀ, ਐਚਟੀ ਤੋਂ ਸੀਐਚਟੀ ਅਤੇ ਸੀਐਚਟੀ ਤੋਂ ਬੀਪੀਈਓ ਤਰੱਕੀਆਂ ਦਾ ਮੁੱਦਾ ਰੱਖਿਆ ਗਿਆ ਅਤੇ ਉਨ੍ਹਾਂ ਨੇ ਇਹ ਛੇਤੀ ਕਰਾਉਣ ਦਾ ਭਰੋਸਾ ਦਿੱਤਾ।
ਡੀਟੀਐੱਫ਼ ਸੰਗਰੂਰ ਵੱਲੋਂ ਬੀਪੀਈਓ ਚੀਮਾ ਖ਼ਿਲਾਫ਼ ਬਲਾਕ ਦੇ ਅਧਿਆਪਕਾਂ ਦੇ ਬਕਾਏ ਘੱਟ ਪਾਉਣ, ਅਧਿਆਪਕਾਂ ਦਾ ਸਾਰੀ ਤਿਮਾਹੀ ਦਾ ਟੈਕਸ ਆਮਦਨ ਕਰ ਨਿਯਮਾਂ ਦੇ ਉਲਟ ਜਾ ਕੇ ਇੱਕ ਹੀ ਕਿਸ਼ਤ ਵਿੱਚ ਕੱਟਣ ਅਤੇ ਬਣਦੀ ਰਕਮ ਤੋਂ ਕਾਫ਼ੀ ਵੱਧ ਇਨਕਮ ਟੈਕਸ ਕੱਟਣ ਦੀਆਂ ਕੀਤੀਆਂ ਸ਼ਿਕਾਇਤਾਂ, ਸਿੱਖਿਆ ਮੰਤਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਕਈ ਬਲਾਕਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਵਰਦੀਆਂ ਦੀ ਕੀਤੀ ਗਈ ਖਰੀਦ ਖ਼ਿਲਾਫ਼ ਕੀਤੀ ਸ਼ਿਕਾਇਤ ’ਤੇ ਕੋਈ ਕਾਰਵਾਈ ਵਿਭਾਗ ਵੱਲੋਂ ਨਾ ਕੀਤੇ ਜਾਣ ਦੀ ਗੱਲ ਕੀਤੀ ਗਈ ਜਿਸ ’ਤੇ ਡੀਜੀਐੱਸਈ ਨੇ ਕਿਹਾ ਕਿ ਅਸੀਂ ਕਾਰਵਾਈ ਆਰੰਭ ਦਿੱਤੀ ਹੈ। ਈ-ਪੰਜਾਬ ਪੋਰਟਲ ’ਤੇ ਸਪਸ ਖੱਚੜਾ (ਫਰੀਦਕੋਟ) ਵਿਖੇ ਐਚਟੀ ਦੀ ਪੋਸਟ ਭਰੀ ਹੋਣ ਦੇ ਬਾਵਜੂਦ ਖਾਲੀ ਸ਼ੋਅ ਹੋਣ ਦੇ ਮੁੱਦੇ ‘ਤੇ ਗੱਲ ਹੋਈ, ਅਧਿਕਾਰੀ ਨੇ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।
100 ਫੀਸਦੀ ਚੱਲਣ ਤੋਂ ਅਸਮਰਥ ਅਧਿਆਪਕ ਦੀ ਜਲੰਧਰ ਤੋਂ ਨਰ ਸਿੰਘ ਕਲੋਨੀ ਸੰਗਤ ਬਠਿੰਡਾ ਵਿਖੇ ਬਦਲੀ ਕਰਨ ਦੀ ਗੱਲ ਕੀਤੀ, ਉਨ੍ਹਾਂ ਕਿਹਾ ਕਿ ਇਹ ਆਮ ਆਨਲਾਇਨ ਬਦਲੀਆਂ ਵਿੱਚ ਹੋ ਜਾਵੇਗੀ। ਜੇ ਕਿਸੇ ਕਾਰਨ ਨਾ ਹੋਈ ਤਾਂ ਉਹ ਵਿਸ਼ੇਸ਼ ਕੇਸ ਬਣਾ ਕੇ ਕਰ ਦੇਣਗੇ। ਵਫ਼ਦ ਵੱਲੋਂ ਸਕੂਲਾਂ ਲਈ ਮੇਜਰ ਰਿਪੇਅਰ ਦੀ ਪੂਰੀ ਗਰਾਂਟ ਪਾਉਣ ਦੀ ਗੱਲ ਵੀ ਰੱਖੀ ਗਈ। ਅਧਿਆਪਕਾਂ ਦੇ ਪੈਂਡਿੰਗ ਮੈਡੀਕਲ ਕੇਸ ਨਿਪਟਾਉਣ ਦੀ ਗੱਲ ਰੱਖੀ ਗਈ ਅਤੇ ਜਥੇਬੰਦੀ ਕੋਲ ਪਹੁੰਚੇ ਕੇਸ ਨੋਟ ਕਰਵਾਏ ਗਏ।
ਸਮੇਂ ਸਿਰ ਅਚਨਚੇਤ ਛੁੱਟੀ ਦੀ ਸੂਚਨਾ ਭੇਜੇ ਜਾਣ ’ਤੇ ਵੀ ਜਥੇਬੰਦੀ ਨਾਲ ਰੰਜ਼ਸ਼ ਕਾਰਨ ਬੀਪੀਈਓ ਚੀਮਾ ਵੱਲੋਂ ਡੀਟੀਐਫ਼ ਬਲਾਕ ਚੀਮਾ (ਜ਼ਿਲ੍ਹਾ ਸੰਗਰੂਰ) ਦੇ ਪ੍ਰਧਾਨ ਜਸਬੀਰ ਨਮੋਲ ਨੂੰ ਇੱਕ ਸਾਜਿਸ਼ ਅਧੀਨ ਕੱਢੇ ਗਏ ਗੈਰ-ਹਾਜ਼ਰੀ ਨੋਟਿਸ ਦਾ ਨਿਪਟਾਰਾ ਕਰਨ ਵਿੱਚ ਡੀਈਓ ਐਲੀਮੈਂਟਰੀ ਸੰਗਰੂਰ ਵੱਲੋਂ ਬੀਪੀਈਓ ਨੂੰ ਸ਼ਹਿ ਦੇਣ ਵਜੋਂ ਕੀਤੀ ਜਾ ਰਹੀ ਦੇਰੀ ਬਾਰੇ ਡੀਈਓ ਨੂੰ ਛੇਤੀ ਨਿਪਟਾਰਾ ਕਰਨ ਦਾ ਆਦੇਸ਼ ਕਰਨ ਦੀ ਗੱਲ ਕੀਤੀ ਗਈ। ਡੀਐੱਸਈ ਨੇ ਕਿਹਾ ਕਿ ਉਹ ਡੀਈਓ ਨਾਲ ਗੱਲ ਕਰਨਗੇ। ਅਧਿਆਪਕਾਂ ਦੇ ਕੁੱਝ ਹੋਰ ਕੰਮਾਂ-ਕਾਰਾਂ ਤੇ ਮਸਲਿਆਂ ’ਤੇ ਵੀ ਗੱਲ ਹੋਈ।
ਇਸ ਤੋਂ ਇਲਾਵਾ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦੀ ਗੈਰ-ਮੌਜੂਦਗੀ ਵਿੱਚ ਜਥੇਬੰਦੀ ਕੋਲ ਆਏ ਮਸਲੇ ਲਿਖਤੀ ਰੂਪ ਵਿੱਚ ਉਨ੍ਹਾਂ ਦੇ ਪੀਏ ਭੂਸ਼ਨ ਨੂੰ ਸੌਂਪੇ ਗਏ ਅਤੇ ਵਿਚਾਰੇ ਗਏ। ਪਹਿਲਾਂ ਡੀਜੀਐਸਈ ਸੈਕੰਡਰੀ ਨਾਲ ਮੀਟਿੰਗ ਵਿੱਚ ਬਣੀ ਸਹਿਮਤੀ ਦੇ ਮੱਦੇਨਜ਼ਰ ਲੈਕਚਰਾਰ ਜਸਪ੍ਰੀਤ ਕੌਰ ਸਸਸਸ ਦੇਸ ਰਾਜ ਬਠਿੰਡਾ ਅਤੇ ਸੰਗੀਤਾ ਸਿੰਘ ਕਲਰਕ ਸਸਸਸ ਮਲਸੀਆਂ ਦੇ ਕੇਸ ਤੁਰੰਤ ਹੱਲ ਕਰਨ ਬਾਰੇ ਗੱਲ ਕੀਤੀ। ਵਫ਼ਦ ਵੱਲੋਂ ਲਗਾਤਾਰ ਪੈਰਵਾਈ ਕਰਕੇ ਅਧਿਆਪਕਾਂ ਦੇ ਮੰਗਾਂ-ਮਸਲੇ ਹੱਲ ਕਰਨ ਦਾ ਅਹਿਦ ਦੁਹਰਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…