ਮੁਹਾਲੀ ਵਿੱਚ ਨਵੇਂ ਫਾਇਰ ਸਰਵਿਸ ਟਰੇਨਿੰਗ ਇੰਸਟੀਚਿਊਟ ਤੇ ਡਾਇਰੈਕਟੋਰੇਟ ਦਫ਼ਤਰ ਦਾ ਉਦਘਾਟਨ

4 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ-78 ਵਿੱਚ ਤਿਆਰ ਕੀਤੀ ਆਲੀਸ਼ਾਨ ਇਮਾਰਤ

ਲਾਲੜੂ ਵਿੱਚ 20 ਏਕੜ ਵਿੱਚ ਤਿਆਰ ਹੋਵੇਗਾ ਨਵਾਂ ਫਾਇਰ ਇੰਸਟੀਚਿਊਟ ਕੈਂਪਸ ਤੇ ਫਾਇਰ ਸਟੇਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅੱਜ ਇੱਥੇ ਸੈਕਟਰ-78 ਵਿੱਚ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ 1.75 ਏਕੜ ਵਿੱਚ ਬਣਾਏ ਗਏ ਨਵੇਂ ਫਾਇਰ ਸਰਵਿਸ ਟਰੇਨਿੰਗ ਇੰਸਟੀਚਿਊਟ ਤੇ ਡਾਇਰੈਕਟੋਰੇਟ ਆਫ਼ ਫਾਇਰ ਸਰਵਿਸ (ਫੀਲਡ) ਅਤੇ ਫਾਇਰ ਸਟੇਸ਼ਨ ਦੇ ਪਹਿਲੇ ਫੇਸ ਦਾ ਉਦਘਾਟਨ ਕੀਤਾ। ਨਾਲ ਉਨ੍ਹਾਂ ਇਸੇ ਥਾਂ 16 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਫਾਇਰ ਸਰਵਿਸ ਟਰੇਨਿੰਗ ਇੰਸਟੀਚਿਊਟ ਤੇ ਡਾਇਰੈਕਟੋਰੇਟ ਆਫ਼ ਫਾਇਰ ਸਰਵਿਸ ਦੀ ਦੂਜੇ ਫੇਸ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ।
ਡਾ. ਨਿੱਜਰ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਵਿੱਚ ਅਜਿਹੇ ਇੰਸਟੀਚਿਊਟ ਸਨ ਪਰ ਪੰਜਾਬ ਵਿੱਚ ਕੋਈ ਨਹੀਂ ਸੀ। ਇੰਜ ਹੀ ਲਾਲੜੂ ਵਿੱਚ 20 ਏਕੜ ਥਾਂ ਵਿੱਚ ਫਾਇਰ ਸਰਵਿਸ ਟਰੇਨਿੰਗ ਇੰਸਟੀਚਿਊਟ ਅਤੇ ਫਾਇਰ ਸਟੇਸ਼ਨ ਬਣਾਇਆ ਜਾਵੇਗਾ। ਜਿੱਥੇ ਕਿ ਖੇਡ ਸਟੇਡੀਅਮ, ਸਵਿਮਿੰਗ ਪੁਲ, ਸਟਾਫ਼ ਲਈ ਰਿਹਾਇਸ਼ ਅਤੇ ਟਰੇਨਿੰਗ ਲਈ ਆਲੀਸ਼ਾਨ ਇਮਾਰਤਾਂ ਬਣਾਈਆਂ ਜਾਣਗੀਆਂ। ਇਨ੍ਹਾਂ ਸੰਸਥਾਵਾਂ ਵਿੱਚ ਜਿੱਥੇ ਫਾਇਰ ਸਰਵਿਸਿਜ਼ ਸਬੰਧੀ ਉੱਚ ਪੱਧਰੀ ਸਿਖਲਾਈ ਦਿੱਤੀ ਜਾਇਆ ਕਰੇਗੀ, ਉੱਥੇ ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਡਾ. ਨਿੱਜਰ ਨੇ ਕਿਹਾ ਕਿ ਇਹ ਇੰਸਟੀਚਿਊਟ ਅਤਿ-ਆਧੁਨਿਕ ਢਾਂਚੇ, ਉੱਚ ਪੱਧਰੀ ਤੇ ਤਜਰਬੇਕਾਰ ਸਟਾਫ਼ ਅਤੇ ਕੌਮੀ ਪੱਧਰ ਦੀਆਂ ਸਿਖਲਾਈ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ 20 ਕਰੋੜ ਦੀ ਲਾਗਤ ਨਾਲ ਫਾਇਰ ਹਾਈਡਰੈਂਟ ਸਿਸਟਮ ਲਾਇਆ ਜਾ ਰਿਹਾ ਹੈ, ਜਿਸ ਨਾਲ ਭੀੜ-ਭਾੜ ਵਾਲੇ ਖੇਤਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਅਜਿਹੇ ਪ੍ਰਾਜੈਕਟ ਹੋਰਨਾਂ ਸ਼ਹਿਰਾਂ ਵਿੱਚ ਵੀ ਲਾਗੂ ਕੀਤੇ ਜਾਣਗੇ। ਉਨ੍ਹਾਂ ਨੇ ਨਵੀਂ ਇਮਾਰਤ ਦੇ ਮਿਆਰ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਵੱਖ-ਵੱਖ ਥਾਵਾਂ ਤੋਂ ਫਾਇਰਮੈਨ ਫਾਇਰ ਡਿਊਟੀ ਸਬੰਧੀ ਵਿਸ਼ੇਸ਼ ਟਰੇਨਿੰਗ ਲੈਣਗੇ। ਇਸ ਨਾਲ ਪੰਜਾਬ ਵਿੱਚ ਫਾਇਰ ਸੇਵਾਵਾਂ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ। ਉਨ੍ਹਾਂ ਇਮਾਰਤ ਦੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਾਉਣ ਦੇ ਵੀ ਹੁਕਮ ਦਿੱਤੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਲਈ ਵੱਡਾ ਤੋਹਫ਼ਾ ਹੈ। ਮੁਹਾਲੀ ਇੱਕ ਪਲੈਨਡ ਸ਼ਹਿਰ ਹੈ ਅਤੇ ਸੂਬਾ ਪੱਧਰੀ ਟਰੇਨਿੰਗ ਇੰਸਟੀਚਿਊਟ ਲਈ ਮੁਹਾਲੀ ਨੂੰ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਮੰਤਰੀ ਨੂੰ ਅਪੀਲ ਕੀਤੀ ਕਿ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਵਾਇਆ ਜਾਵੇ। ਮੇਅਰ ਅਮਰਜੀਤ ਸਿੰਘ ਸਿੱਧੂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਨਗਰ ਨਿਗਮ ਵੱਲੋਂ ਕੈਬਨਿਟ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ, ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਐਸਐਸਪੀ ਸੰਦੀਪ ਗਰਗ, ਮੇਅਰ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਏਡੀਸੀ ਅਮਨਿੰਦਰ ਕੌਰ ਬਰਾੜ, ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਐਸਡੀਐਮ ਸਰਬਜੀਤ ਕੌਰ ਸਮੇਤ ਸ਼ਹਿਰ ਦੇ ਕੌਂਸਲਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …