ਪੈਰਾਗਾਨ ਸਕੂਲ ਵਿੱਚ ਜਰਮਨ ਸਿੱਖਿਆ ਪ੍ਰਣਾਲੀ ’ਤੇ ਓਰੀਐਂਟੇਸ਼ਨ ਸੈਸ਼ਨ ਤੇ ਵਰਕਸ਼ਾਪ

ਮਾਪਿਆਂ ਤੇ ਵਿਦਿਆਰਥੀਆਂ ਨੂੰ ਜਰਮਨ ਭਾਸ਼ਾ ਦਾ ਅਧਿਐਨ ਕਰਨ ਦੇ ਲਾਭਾਂ ਬਾਰੇ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਜਰਮਨ ਸਿੱਖਿਆ ਮਾਹਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਰਮਨ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਅੱਜ ਇੱਥੋਂ ਦੇ ਸੈਕਟਰ-71 ਸਥਿਤ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ। ਇਸ ਓਰੀਐਂਟੇਸ਼ਨ ਸੈਸ਼ਨ ਅਤੇ ਵਰਕਸ਼ਾਪ ਦਾ ਮੁੱਖ ਉਦੇਸ਼ ਭਾਰਤ ਦੇ ਸਕੂਲਾਂ ਨਾਲ ਜੁੜ ਕੇ ਨੌਜਵਾਨਾਂ ਨੂੰ ਜਰਮਨ ਸਿੱਖਣ ਲਈ ਪ੍ਰੇਰਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਗੋਏਥੇ-ਇੰਸਟੀਚਿਊਟ ਇੱਕ ਜਰਮਨ ਸਭਿਆਚਾਰਕ ਸੰਘ ਹੈ, ਜੋ ਵਿਦੇਸ਼ਾਂ ਵਿੱਚ ਜਰਮਨ ਭਾਸ਼ਾ ਸਿੱਖਣ ਨੂੰ ਉਤਸ਼ਾਹਿਤ ਕਰਦਾ ਹੈ।
ਵਿਦੇਸ਼ੀ ਮਾਹਰਾਂ ਨੇ ਦੱਸਿਆ ਕਿ ਜਰਮਨ ਭਾਸ਼ਾ ਸਿੱਖਣ ਨਾਲ ਕਿਵੇਂ ਜਰਮਨੀ ਵਿੱਚ ਸਿੱਖਿਆ ਰਾਹੀਂ ਕੈਰੀਅਰ ਦੇ ਵਿਕਾਸ ਲਈ ਨਵੇਂ ਰਾਹ ਖੁੱਲ੍ਹ ਸਕਦੇ ਹਨ। ਸੈਸ਼ਨ ਦਾ ਸੰਚਾਲਨ ਜਰਮਨੀ ਦੀ ਫੁਲਡਾ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਰਕੀਟਿੰਗ ਮੈਨੇਜਰ ਮਾਰਕੋ ਕ੍ਰਿਨੋਵਸਕੀ ਅਤੇ ਪਾਸਚ, ਗੋਏਥੇ ਇੰਸਟੀਚਿਊਟ ਨਵੀਂ ਦਿੱਲੀ ਦੀ ਪ੍ਰਾਜੈਕਟ ਮੈਨੇਜਰ ਤਨਵੀ ਦੁੱਗਲ ਨੇ ਕੀਤਾ। ਮਾਹਰਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਫੁਲਡਾ ਯੂਨੀਵਰਸਿਟੀ ਦਾ ਡਿਜੀਟਲ ਟੂਰ ਵੀ ਕਰਵਾਇਆ। ਇਸ ਤੋਂ ਪਹਿਲਾਂ ਮਹਿਮਾਨਾਂ ਦਾ ਪਰੰਪਰਾਗਤ ਭਾਰਤੀ ਢੰਗ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਪੈਰਾਗਾਨ ਸਕੂਲ ਦੀ ਪ੍ਰਧਾਨ ਕੁਲਵੰਤ ਕੌਰ ਸ਼ੇਰਗਿੱਲ ਨੇ ਵੀ ਵਿਚਾਰ ਸਾਂਝੇ ਕੀਤੇ। ਓਰੀਐਟੇਸ਼ਨ ਸੈਸ਼ਨ ਤੋਂ ਇਲਾਵਾ ਜਰਮਨ ਭਾਸ਼ਾ ਸਿੱਖਣ ਦੇ ਲਾਭ ਬਾਰੇ ਇੰਟਰਐਕਟਿਵ ਵਰਕਸ਼ਾਪ ਸੇਲੀਬਰੇਟ ਅਕਰਾਸ ਜਰਮਨੀ ਵੀ ਆਯੋਜਿਤ ਕੀਤੀ ਗਈ। ਜਿਸ ਦਾ ਸੰਚਾਲਨ ਗੋਏਥੇਜ਼ ਜ਼ੈਂਟਰਮ ਚੰਡੀਗੜ੍ਹ ਦੇ ਮੁਖੀ ਸੁਰਿੰਦਰ ਮਾਕਨ, ਇੰਟਰਨ ਹੈਨਾ ਟੇਨਹੇਫ ਅਤੇ ਕੋਆਰਡੀਨੇਟਰ ਵਰਿੰਦਰ ਕੌਰ ਨੇ ਕੀਤਾ।
ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਓਰੀਐਟੇਸ਼ਨ ਸੈਸ਼ਨ ਅਤੇ ਵਰਕਸ਼ਾਪ ਦੌਰਾਨ ਜਰਮਨ ਵਰਗੀ ਵਿਦੇਸ਼ੀ ਭਾਸ਼ਾ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪੰਜਾਬੀ ਗੀਤਾਂ ’ਤੇ ਵਿਦੇਸ਼ੀ ਮਹਿਮਾਨਾਂ ਨੇ ਵੀ ਠੁਮਕੇ ਲਗਾਏ। ਸਕੂਲ ਦੀ ਪ੍ਰਿੰਸੀਪਲ ਜਸਮੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਰਪਾਲ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…