ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਜਬਰੀ ਵਸੂਲੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਮੁਲਜ਼ਮ, ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਲਈ ਜੂਏ ਦੇ ਆਨਲਾਈਨ ਪਲੇਟਫ਼ਾਰਮਾਂ ਦੀ ਕਰਦੇ ਸੀ ਵਰਤੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੁਹਾਲੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਜਬਰੀ ਵਸੂਲੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ ਭਾਰਦਵਾਜ ਉਰਫ਼ ਰਿੰਮੀ ਵਾਸੀ ਜ਼ੀਰਕਪੁਰ, ਮੋਹਿਤ ਭਾਰਦਵਾਜ ਅਤੇ ਅਰਜੁਨ ਠਾਕੁਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਇਨ੍ਹਾਂ ਦੇ ਖ਼ਿਲਾਫ਼ ਮੁਹਾਲੀ ਸਥਿਤ ਐਸਐਸਓਸੀ ਥਾਣੇ ਵਿੱਚ ਧਾਰਾ 384, 506 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25 (7) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮ ਮੁਹਾਲੀ ਦੇ ਸੈਕਟਰ-69 ਵਿੱਚ ਕਿਰਾਏ ਦੇ ਫਲੈਟ ਲੈ ਕੇ ਇਹ ਗਰੋਹ ਚਲਾ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਰੋਹਿਤ ਭਾਰਦਵਾਜ ਉਰਫ਼ ਰਿੰਮੀ ਕੋਲੋਂ 14.78 ਲੱਖ ਰੁਪਏ ਦੀ ਨਗਦੀ ਅਤੇ ਬਾਕੀ ਮੁਲਜ਼ਮਾਂ ਕੋਲੋਂ ਬਰਾਮਦ ਮੋਬਾਈਲ ਫੋਨਾਂ ਦੇ ਡੇਟਾ ਦੀ ਜਾਂਚ ਕਰਕੇ ਹੋਰ ਪੁਖ਼ਤਾ ਸਬੂਤ ਜੁਟਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜੂਏ ਦੇ ਆਨਲਾਈਨ ਪਲੇਟਫ਼ਾਰਮ ‘ਡਾਇਮੰਡ ਐਕਸਚੇਂਜ’ ਦੀ ਵਰਤੋਂ ਕਰਕੇ ਆਨਲਾਈਨ ਗੇਮਿੰਗ ਵਿੱਚ ਸ਼ਾਮਲ ਹੋਣ ਅਤੇ ਮਾਮੂਲੀ ਫ਼ੀਸ ’ਤੇ ਸੱਟੇਬਾਜ਼ੀ ਕਰਕੇ ਮੋਟਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਭਰਮਾ ਰਹੇ ਸਨ। ਕੁਝ ਇਨਾਮ ਜਿੱਤਣ ਉਪਰੰਤ ਪੀੜਤ ਸੱਟੇਬਾਜ਼ੀ ਵਿੱਚ ਪੈਸੇ ਗੁਆਉਣਾ ਸ਼ੁਰੂ ਕਰ ਦਿੰਦੇ ਸੀ ਅਤੇ ਫਿਰ, ਮੁਲਜ਼ਮ ਕਰੈਡਿਟ ’ਤੇ ਲੱਖਾਂ ਰੁਪਏ ਦੇਣ ਦੀ ਪੇਸ਼ਕਸ਼ ਕਰਦੇ ਸਨ। ਇੱਕ ਵਾਰ ਜਦੋਂ ਪੀੜਤ ਕਰੈਡਿਟ ਰਾਹੀਂ ਪੈਸੇ ਪ੍ਰਾਪਤ ਕਰ ਲੈਂਦਾ ਸੀ ਤਾਂ ਮੁਲਜ਼ਮ ਉਸ ਰਕਮ ’ਤੇ ਮੋਟਾ ਵਿਆਜ ਲਗਾਉਂਦੇ ਸਨ। ਜਿਸ ਨਾਲ ਕਈ ਵਾਰ ਇਹ ਰਾਸ਼ੀ ਕਰੋੜਾਂ ਤੱਕ ਪਹੁੰਚ ਜਾਂਦੀ ਸੀ।
ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਜਦੋਂ ਪੀੜਤ ਪੈਸੇ ਵਾਪਸ ਕਰਨ ਤੋਂ ਅਸਮਰੱਥ ਹੋ ਜਾਂਦਾ ਸੀ ਤਾਂ ਇਹ ਅਪਰਾਧੀ ਜੇਲ੍ਹ ਅਤੇ ਵਿਦੇਸ਼ਾਂ ਵਿੱਚ ਬੈਠੇ ਆਪਣੇ ਗੈਂਗਸਟਰ ਸਾਥੀਆਂ ਰਾਹੀਂ ਉਨ੍ਹਾਂ ਨੂੰ ਧਮਕੀ ਭਰੇ ਫੋਨ ਕਰਵਾਉਂਦੇ ਸਨ। ਜਾਂਚ ਦੌਰਾਨ ਪੁਲੀਸ ਵੱਲੋਂ ਭੁਗਤਾਨ ਦੇ ਵੱਖ-ਵੱਖ ਤਰੀਕੇ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ, ਜਿਨ੍ਹਾਂ ਰਾਹੀਂ ਪੈਸੇ ਟਰਾਂਸਫ਼ਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਬੈਂਕ ਖਾਤਿਆਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਲਈ ਵਰਤੀ ਗਈ ਵੈੱਬਸਾਈਟ ਦੇ ਮਾਲਕ ਅਤੇ ਉਸ ਦੇ ਸੰਚਾਲਨ ਦੇ ਟਿਕਾਣੇ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਏਆਈਜੀ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ਼ਾਰੇ ’ਤੇ ਮੁਹਾਲੀ ਅਤੇ ਚੰਡੀਗੜ੍ਹ ਦੇ ਨਾਈਟ ਕਲੱਬਾਂ ਸਮੇਤ ਬਾਰ ਮਾਲਕਾਂ ਅਤੇ ਹੋਰ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਕਰਨ ਲਈ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…