Share on Facebook Share on Twitter Share on Google+ Share on Pinterest Share on Linkedin ਪੇਂਡੂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ 300 ਤੋਂ ਵੱਧ ਬੱਚਿਆਂ ਵਾਲੇ ਸਕੂਲਾਂ ਵਿੱਚ ਅਧਿਆਪਕ ਭੇਜਣ ਨੂੰ ਪ੍ਰਮੁੱਖਤਾ ਦੇਣ ’ਤੇ ਉੱਠੇ ਸਵਾਲ ਬੱਚਿਆਂ ਦੀ ਗਿਣਤੀ ਨੂੰ ਅਧਾਰ ਬਣਾਉਣ ਦੀ ਥਾਂ ਘੱਟ ਸਟਾਫ਼ ਵਾਲੇ ਸਾਰੇ ਸਕੂਲਾਂ ਵਿੱਚ ਅਧਿਆਪਕ ਭੇਜਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ: ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਬਦਲੀਆਂ ਦੇ ਮਾਮਲੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ। ਰਸੂਖ਼ ਵਾਲੇ ਅਧਿਆਪਕ ਤਾਂ ਘਰਾਂ ਨੇੜਲੇ ਸਕੂਲਾਂ ਵਿੱਚ ਬਦਲੀ ਕਰਵਾ ਲੈਂਦੇ ਹਨ ਪਰ ਜਿਨ੍ਹਾਂ ਅਧਿਆਪਕਾਂ ਕੋਲ ਕੋਈ ਸਿਫ਼ਾਰਸ਼ ਨਹੀਂ ਹੁੰਦੀ, ਉਹ ਆਪਣੀ ਬਦਲੀ ਲਈ ਅਰਜ਼ੀਆਂ ਦੇ ਕੇ ਥੱਕ ਜਾਂਦੇ ਹਨ। ਅੱਜ ਇੱਥੇ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ਼) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਦਲੀਆਂ ਸਬੰਧੀ ਜਾਰੀ ਹੋਏ ਨਵੇਂ ਪੱਤਰ ਵਿੱਚ 3704, 2392 ਮਾਸਟਰ ਕਾਡਰ ਅਤੇ 873 ਡੀਪੀਈ ਭਰਤੀ ਅਧੀਨ, ਭਰਤੀ ਹੋਏ 53 ਡੀਪੀਈ ਨੂੰ ਦੋ ਸਾਲ ਠਹਿਰ ਹੋਣ ਦੀ ਸ਼ਰਤ ਤੋਂ ਵਿਸ਼ੇਸ਼ ਛੋਟ ਦੇਣਾ ਸਵਾਗਤ ਤਾਂ ਕੀਤਾ ਹੈ ਪਰ ਨਾਲ ਹੀ ਕਿਹਾ ਕਿ ਅਧਿਆਪਕਾਂ ਨੂੰ ਬਾਰਡਰ ਏਰੀਆ ਵਿੱਚ ਭੇਜਣ ਅਤੇ 300 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਬਦਲੀ ਦਾ ਮੌਕਾ ਦੇਣਾ ਪੇਂਡੂ ਇਲਾਕੇ ਅਤੇ ਛੋਟੇ ਕਸਬਿਆਂ ਦੇ ਸਕੂਲਾਂ ਨਾਲ ਸਿਰੇ ਦਾ ਵਿਤਕਰਾ ਹੈ, ਕਿਉਂਕਿ ਇਨ੍ਹਾਂ ਇਲਾਕਿਆਂ ਦੇ ਜ਼ਿਆਦਾਤਰ ਸਕੂਲ 300 ਤੋਂ ਘੱਟ ਵਿਦਿਆਰਥੀਆਂ ਵਾਲੇ ਹਨ। ਜਿਸ ਕਾਰਨ ਇੱਥੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਡੀਟੀਐੱਫ਼ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਸਿੰਘ ਕੋਟਲੀ, ਜਸਵਿੰਦਰ ਅੌਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫ਼ੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਪੇਂਡੂ ਭੱਤੇ ਨੂੰ ਰੋਕਿਆ ਗਿਆ ਹੈ, ਜਿਸ ਕਾਰਨ ਅਧਿਆਪਕ ਸ਼ਹਿਰਾਂ ਵੱਲ ਬਦਲੀਆਂ ਕਰਵਾਉਣ ਲਈ ਵੱਧ ਰੁਚੀ ਦਿਖਾ ਰਹੇ ਹਨ, ਪਰ ਹੁਣ ਬਦਲੀਆਂ ਲਈ ਨਵੀਂ ਸ਼ਰਤ ਤਹਿਤ ਪੇਂਡੂ-ਸ਼ਹਿਰੀ ਇਲਾਕੇ ਦੇ ਸਕੂਲਾਂ ਵਿੱਚ ਪਾੜਾ ਹੋਰ ਵਧੇਗਾ। ਆਗੂਆਂ ਨੇ ਮੰਗ ਕੀਤੀ ਕਿ ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਸੇਵਾਵਾਂ ਦੇ ਰਹੇ 569 ਭਰਤੀ ਅਧੀਨ ਕੰਮ ਕਰਦੇ ਨਵ-ਨਿਯੁਕਤ ਲੈਕਚਰਾਰ ਅਤੇ ਪ੍ਰਾਇਮਰੀ ਅਧਿਆਪਕਾਂ ਸਮੇਤ ਪਦ-ਉੱਨਤ ਲੈਕਚਰਾਰ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਮਾਸਟਰ ਕਾਡਰ ਨੂੰ ਵੀ ਬਦਲੀ ਦਾ ਮੌਕਾ ਦਿੰਦੇ ਹੋਏ ਪੂਰੇ ਪੰਜਾਬ ਦੇ ਘੱਟ ਸਟਾਫ਼ ਵਾਲੇ ਸਕੂਲਾਂ ਵਿੱਚ ਬਦਲੀ ਕਰਵਾਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਵਿਦਿਆਰਥੀਆਂ ਨਾਲ ਇਨਸਾਫ਼ ਹੋ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਪਸੀ ਬਦਲੀਆਂ ਅਤੇ ਪਦ-ਉੱਨਤੀ ਉਪਰੰਤ ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਬਦਲੀ ਦਾ ਮੌਕਾ ਦਿੱਤਾ ਜਾਵੇ। ਕਿਉਂਕਿ ਪਦ-ਉੱਨਤੀ ਵਾਲੇ ਅਧਿਆਪਕਾਂ ’ਚੋਂ ਕੁਝ ਅਜਿਹੇ ਵੀ ਹਨ, ਜੋ ਲੰਮੇ ਸਮੇਂ ਤੋਂ ਇੱਕੋ ਸਟੇਸ਼ਨ ’ਤੇ ਤਾਇਨਾਤ ਹਨ। ਹੁਣ ਉਹ ਰਿਟਾਇਰਮੈਂਟ ਦੇ ਨੇੜੇ ਹਨ, ਸੋ ਇਨ੍ਹਾਂ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੈੱਡਮਾਸਟਰਾਂ, ਜਿਨ੍ਹਾਂ ਨੂੰ ਇਸ ਬਦਲੀ ਨੀਤੀ ਤੋਂ ਬਾਹਰ ਰੱਖਿਆ ਗਿਆ ਹੈ, ਨੂੰ ਵੀ ਬਾਕੀ ਅਧਿਆਪਕਾਂ ਵਾਂਗ ਈ-ਪੰਜਾਬ ਪੋਰਟਲ ਰਾਹੀਂ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ