ਦਹਾਕਿਆਂ ਬਾਅਦ ਪਟਿਆਲਾ ਕੀ ਰਾਓ ਤੇ ਸੁਖਨਾ ਚੋਅ ਦੀ ਲਈ ਸਾਰ, ਸਫ਼ਾਈ ਦਾ ਕੰਮ ਸ਼ੁਰੂ

ਡੀਸੀ ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਸੁਖਨਾ ਚੋਅ ਸਬੰਧੀ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਹਾਕਿਆਂ ਬਾਅਦ ਪਟਿਆਲਾ ਕੀ ਰਾਓ ਅਤੇ ਸੁਖਨਾ ਚੋਅ ਦੀ ਸਫ਼ਾਈ ਅਤੇ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਡੀਸਿਲਟਿੰਗ ਤੇ ਰੀਸੈਕਸ਼ਨਿੰਗ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਤਹਿਤ ਕਰੀਬ 7000 ਫੁੱਟ ਚੋਅ ਦੀ ਸਫ਼ਾਈ ਤੇ ਡੀਸਿਲਟਿੰਗ ਕੀਤੀ ਜਾ ਰਹੀ ਹੈ ਅਤੇ 6 ਤੋਂ 8 ਫੁੱਟ ਤੱਕ ਇਕੱਠੀ ਹੋਈ ਗਾਰ ਕੱਢੀ ਜਾ ਰਹੀ ਹੈ।
ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਨਾਲ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੰਭਾਵੀ ਹੜ੍ਹਾਂ ਸਬੰਧੀ ਦਿੱਕਤਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ’ਚੋਂ ਲੰਘਦੇ ਸੁਖਨਾ ਚੋਅ, ਪਟਿਆਲਾ ਦੀ ਰਾਓ, ਐਨ ਚੋਅ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਚੋਅ ਦੇ ਬਾਕੀ ਰਹਿੰਦੇ ਹਿੱਸੇ ਦੀ ਸਫ਼ਾਈ ਅਗਲੇ ਪੜਾਅ ਵਿੱਚ ਕੀਤੀ ਜਾਵੇਗੀ।
ਡੀਸੀ ਸ੍ਰੀਮਤੀ ਜੈਨ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਹ ਕਾਰਜ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਚੋਅ ਦੀ ਸਫ਼ਾਈ ਨਾ ਹੋਣ ਕਰਕੇ ਲੋਕਾਂ ਨੂੰ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਿਗਵਾਲਿਕ ਦੀਆਂ ਪਹਾੜੀਆਂ, ਸੁਖਨਾ ਚੋਅ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਦਾ ਬਰਸਾਤੀ ਪਾਣੀ ਲੈ ਕੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਨਵਾਂ ਗਰਾਓਂ, ਬਲਾਕ ਮਾਜਰੀ, ਤੀੜਾ, ਤਿਊੜ, ਬਲੌਂਗੀ, ਚੱਪੜਚਿੜੀ ਅਤੇ ਬਲਟਾਣਾ (ਜ਼ੀਰਕਪੁਰ) ’ਚੋਂ ਹੁੰਦਾ ਹੋਇਆ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ ਅਤੇ ਘੱਗਰ ਦਰਿਆ ਅਤੇ ਹੋਰ ਨਦੀਆਂ ਨਾਲਿਆਂ ਵਿੱਚ ਜਾ ਕੇ ਰਲਦਾ ਹੈ।
ਕਾਫ਼ੀ ਸਮੇਂ ਤੋਂ ਸਫ਼ਾਈ ਨਾ ਹੋਣ ਕਰਕੇ ਇਸ ਵਿੱਚ ਕਾਫ਼ੀ ਗਾਰ, ਸਰਕੰਡਾ ਅਤੇ ਜੰਗਲੀ ਬੂਟੀ ਉੱਗ ਚੁੱਕੀ ਹੈ। ਇਸ ਕਾਰਨ ਨਿਕਾਸੀ ਨਾਲਿਆਂ ਦੀ ਪਾਣੀ ਖਿੱਚਣ ਦੀ ਸਮਰੱਥਾ ਕਾਫ਼ੀ ਘੱਟ ਗਈ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਮੁਹਾਲੀ ਜ਼ਿਲ੍ਹੇ ਅੰਦਰ ਵੱਖ-ਵੱਖ ਇਲਾਕਿਆਂ ਵਿੱਚ ਬਰਸਾਤੀ ਪਾਣੀ ਓਵਰਫਲੋ ਹੋ ਕੇ ਆਉਣ ਦਾ ਖ਼ਤਰਾ ਵੱਧ ਗਿਆ ਸੀ। ਜਿਸ ਦੇ ਮੱਦੇਨਜ਼ਰ ਪਹਿਲੇ ਪੜਾਅ ਤਹਿਤ ਸੁਖਨਾ ਚੋਅ ਦੀ ਸਫ਼ਾਈ ਅਤੇ ਡੀਸਿਲਟਿੰਗ ਦਾ ਕੰਮ ਬੁਰਜੀ 19,800 ਤੋਂ 26,800 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਡੇਰਾਬੱਸੀ ਦੇ ਐਸ.ਡੀ.ਐਮ ਹਿਮਾਂਸ਼ੂ ਗੁਪਤਾ ਨੂੰ ਕਿਹਾ ਕਿ ਉਹ ਡੀ-ਸਿਲਟਿੰਗ ਦੇ ਕੰਮ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਹੜ੍ਹ ਵਰਗੀ ਸਥਿਤੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਕਾਰਜਕਾਰੀ ਇੰਜੀਨੀਅਰ ਡਰੇਨੇਜ ਰਜਤ ਗਰੋਵਰ ਨੇ ਦੱਸਿਆ ਕਿ ਸੁਖਨਾ ਚੋਅ ਦੀ ਸਫਾਈ ਬਾਅਦ ਇਸ ਦੀ ਸਮਰੱਥਾ 6 ਤੋਂ 7 ਹਜ਼ਾਰ ਕਿਊਸਕ ਫੁੱਟ ਦੀ ਹੋ ਜਾਵੇਗੀ, ਜਿਸ ਨਾਲ ਪਾਣੀ ਦੇ ਵਹਾਅ ਚ ਕੋਈ ਰੁਕਾਵਟ ਨਹੀਂ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…