ਗਰੀਬ ਕਾਮਿਆਂ ਲਈ ਪੀਐਮ ਜੀਵਨ ਜਯੋਤੀ ਤੇ ਸੁਰੱਕਸ਼ਾ ਬੀਮਾ ਯੋਜਨਾ ਬੇਹੱਦ ਲਾਭਦਾਇਕ: ਆਸ਼ਿਕਾ ਜੈਨ

31 ਜੁਲਾਈ ਤੱਕ ਬੈਂਕ ’ਚੋਂ ਲਿਆ ਜਾ ਸਕਦਾ ਹੈ ਸਕੀਮ ਦਾ ਲਾਭ

ਨਬਜ਼-ਏ-ਪੰਜਾਬ, ਮੁਹਾਲੀ, 1 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਦਾ ਸੁਰੱਖਿਆ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਦੀ ਮਿਆਦ ਹੁਣ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਬੈਂਕ ਖਾਤਾਧਾਰਕ ਜੋ 18 ਤੋਂ 70 ਸਾਲ ਅਤੇ 18 ਤੋਂ 50 ਸਾਲ ਉਮਰ ਵਰਗ ਵਿੱਚ ਹੈ, ਉਹ ਇਸ ਦਾ ਲਾਭ ਹਾਸਲ ਕਰਨ ਲਈ ਆਪਣੇ ਬੈਂਕ ਵਿੱਚ ਜਾ ਕੇ ਫ਼ਾਰਮ ਭਰ ਕੇ ਲਾਭ ਲੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੰਸਥਾਗਤ ਵਿੱਤ ਅਤੇ ਬੈਂਕਿੰਗ ਡਾਇਰੈਕਟੋਰੇਟ ਵੱਲੋਂ ਰਾਜ ਦੇ ਵੱਧ ਤੋਂ ਵੱਧ ਆਮ ਤੇ ਗਰੀਬ ਕਾਮਿਆਂ ਨੂੰ ਇਸ ਜੀਵਨ ਸੁਰੱਖਿਆ ਕਵਰ ਦਾ ਲਾਭ ਦੇਣ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 18 ਤੋਂ 50 ਸਾਲ ਦਾ ਕੋਈ ਵੀ ਵਿਅਕਤੀ 436 ਰੁਪਏ ਸਾਲਾਨਾ ਦੇ ਕੇ 2 ਲੱਖ ਰੁਪਏ ਦਾ ਰਿਸਕ ਕਵਰ ਲੈ ਸਕਦਾ ਹੈ ਜਦਕਿ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਤਹਿਤ 18 ਤੋਂ 70 ਸਾਲ ਦਾ ਕੋਈ ਵੀ ਵਿਅਕਤੀ 20 ਰੁਪਏ ਸਾਲਾਨਾ ਦੇ ਕੇ ਦੁਰਘਟਨਾ ਵਿੱਚ ਮੌਤ ਦਾ 2 ਲੱਖ ਰੁਪਏ ਦਾ ਰਿਸਕ ਕਵਰ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਿਸਕ ਕਵਰ, ਬੈਂਕ ਨੂੰ ਆਪਣੀ ਸਹਿਮਤੀ ਦੇਣ ਉਪਰੰਤ ਹੀ ਸਬੰਧਤ ਬੈਂਕ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 456 ਰੁਪਏ ਸਲਾਨਾ ਦਾ ਪ੍ਰੀਮੀਅਮ ਭਰ ਕੇ ਦੋਵਾਂ ਬੀਮਾ ਯੋਜਨਾਵਾਂ ਦਾ ਸੰਗਠਿਤ ਲਾਭ ਵੀ ਹਾਸਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਤਹਿਤ ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰ, ਪ੍ਰਧਾਨ ਮੰਤਰੀ ਕਿਸਾਨ ਨਿਧੀ ਦੇ ਲਾਭਪਾਤਰੀ, ਪ੍ਰਧਾਨ ਮੰਤਰੀ ਉਜਵਲਾ ਲਾਭਪਾਤਰੀ, , ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ ਤੇ ਗ੍ਰਾਮੀਣ), ਮਨਰੇਗਾ ਮਜ਼ਦੂਰ, ਆਂਗਨਵਾੜੀ ਵਰਕਰ, ਸਟ੍ਰੀਟ ਵੈਂਡਰ, ਸਫ਼ਾਈ ਸੇਵਕ ਅਤੇ ਸਿਹਤ ਕਰਮੀ ਆਦਿ ਲਾਭ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਮੀਟਿੰਗ ਵਿੱਚ ਮੌਜੂਦ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਮਿਤ ਬੈਂਬੀ ਜੋ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਵੀ ਹਨ, ਨੂੰ ਪਿੰਡਾਂ ਦੇ ਮਨਰੇਗਾ ਵਰਕਰਾਂ, ਮਨਰੇਗਾ ਸਟਾਫ਼, ਪੰਚਾਇਤਾਂ ਆਦਿ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਯੋਜਨਾ ਦੇ ਮੈਂਬਰ ਬਣਨ ਲਈ ਪ੍ਰੇਰਨ ਲਈ ਆਖਿਆ। ਮੁੱਖ ਖੇਤੀਬਾੜੀ ਅਫ਼ਸਰ ਨੂੰ ਕਿਸਾਨਾਂ ਨੂੰ ਇਸ ਸਕੀਮ ਦੇ ਲਾਭ ਬਾਰੇ ਦੱਸਣ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਇਸ ਯੋਜਨਾ ਤੋਂ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਕੇਂਦਰਾਂ ਨਾਲ ਜੁੜੀਆਂ ਅੌਰਤਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਡ ਡੇਅ ਮੀਲ ਵਰਕਰਾਂ, ਜੀਐਮ ਜ਼ਿਲ੍ਹਾ ਉਦਯੋਗ ਕੇਂਦਰ, ਡਿਪਟੀ ਡਾਇਰੈਕਟਰ (ਫੈਕਟਰੀਆਂ), ਸਹਾਇਕ ਕਿਰਤ ਕਮਿਸ਼ਨਰ, ਵਾਤਾਵਰਨ ਇੰਜੀਨਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਫੈਕਟਰੀਆਂ ਅਤੇ ਹੋਰ ਕਾਮਿਆਂ ਨੂੰ ਇਸ ਯੋਜਨਾ ਦੇ ਲਾਭ ਦੱਸ ਕੇ ਇਸ ਨਾਲ ਜੋੜਨ ਲਈ ਪ੍ਰੇਰਨ ਲਈ ਕਿਹਾ। ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਨਾਲ ਜੁੜੇ ਮੈਂਬਰਾਂ ਅਤੇ ਸਟਾਫ਼ ਨੂੰ ਇਸ ਸਕੀਮ ਦੇ ਲਾਭ ਦੱਸ ਕੇ, ਮੈਂਬਰ ਬਣਾਉਣ ਲਈ ਕਿਹਾ ਗਿਆ।
ਉਨ੍ਹਾਂ ਨੇ ਮੀਟਿੰਗ ਵਿੱਚ ਸ਼ਾਮਲ ਨਿੱਜੀ ਖੇਤਰ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ’ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਲੋਕ ਪੱਖੀ ਸਕੀਮਾਂ ਨੂੰ ਖਾਤਾ ਧਾਰਕਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਮਾਨਵੀ ਅਤੇ ਵਪਾਰਕ ਫਰਜ਼ ਹੈ, ਇਸ ਲਈ ਆਪਣੇ ਨਾਲ ਸਬੰਧਤ ਖਾਤਾਧਾਰਕਾਂ ਨੂੰ ਇਨ੍ਹਾਂ ਬੀਮਾ ਯੋਜਨਾਵਾਂ ਬਾਰੇ ਜਾਗਰੂਕ ਕਰਕੇ ਰਜਿਸਟਰ ਕੀਤਾ ਜਾਵੇ। ਉਨ੍ਹਾਂ ਨੇ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਨੂੰ ਇਨ੍ਹਾਂ ਦੋਵਾਂ ਸਕੀਮਾਂ ਅਤੇ ਇਨ੍ਹਾਂ ਦੇ ਲਾਭ ਸਬੰਧੀ ਸੰਭਾਵੀ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਹਰੇਕ ਬੈਂਕ ਪੱਧਰ ਤੇ ਪ੍ਰਚਾਰ ਕਰਨ ਲਈ ਵੀ ਆਖਿਆ। ਡੀਸੀ ਨੇ ਜ਼ਿਲ੍ਹੇ ਦੇ ਇਨ੍ਹਾਂ ਦੋਵਾਂ ਬੀਮਾ ਕਵਰ ਦੇ ਘੇਰੇ ਵਿੱਚ ਆਉਂਦੇ ਹੋਰਨਾਂ ਲਾਭਪਾਤਰੀਆਂ ਨੂੰ ਵੀ ਤੁਰੰਤ ਆਪਣੇ ਨੇੜਲੀ ਬੈਂਕ ਸ਼ਾਖਾ ਜਿੱਥੇ ਉੁਨ੍ਹਾਂ ਦੇ ਬੈਂਕ ਖਾਤੇ ਹਨ ਵਿੱਚ ਸੰਪਰਕ ਕਰਕੇ ਇਸ ਦਾ ਲਾਭ ਲੈਣ ਲਈ ਕਿਹਾ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…