ਡੀਸੀ ਆਸ਼ਿਕਾ ਜੈਨ ਨੇ ਸਰਕਾਰੀ ਮਾਡਲ ਸਕੂਲ ਵਿੱਚ ਲੱਗੇ ਸਮਰ ਕੈਂਪ ਦਾ ਕੀਤਾ ਨਿਰੀਖਣ

ਵਿਦਿਆਰਥੀਆਂ ਵਿੱਚ ਰਚਨਾਤਮਿਕਤਾ ਤੇ ਨਵੀਨਤਾ ਜਗਾਉਣ ਦੇ ਸਰੋਤ ਵਜੋਂ ਉੱਭਰੇ ‘ਸਮਰ ਕੈਂਪ’

ਸਮਰ ਕੈਂਪ ਵਿੱਚ ਸਾਇੰਸ ਮਾਡਲ ਪ੍ਰਦਰਸ਼ਿਤ ਕਰਨ ਵਾਲੇ ਬਾਲ ਵਿਗਿਆਨੀਆਂ ਦੀ ਸ਼ਲਾਘਾ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੋਂ ਦੇ ਫੇਜ਼3ਬੀ1 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਦਾ ਦੌਰਾ ਕਰਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਸਾਇੰਸ ਮਾਡਲਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਸਮਰ ਕੈਂਪ ਵਿਦਿਆਰਥੀਆਂ ਵਿੱਚ ਸਿਰਜਣਾਤਮਿਕਤਾ ਅਤੇ ਨਵੀਨਤਮ ਵਿਚਾਰਾਂ ਦੇ ਸਰੋਤ ਵਜੋਂ ਉੱਭਰ ਰਹੇ ਹਨ। ਜਿਸ ਦਾ ਪਤਾ ਸਮਰ ਕੈਂਪਾਂ ਵਿੱਚ ਵਿਦਿਆਰਥੀਆਂ ਵੱਲੋਂ ਕਮਾਲ ਦੇ ਮਾਡਲ ਅਤੇ ਹੋਰ ਰਚਨਾਤਮਕਤਾਵਾਂ ਪ੍ਰਦਰਸ਼ਨ ਤੋਂ ਲੱਗਦਾ ਹੈ।
ਉਹ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਪੇਸ਼ਕਾਰੀ ਦੀ ਸ਼ੈਲੀ ਅਤੇ ਰਚਨਾਤਮਿਕਤਾ ਦੇ ਪਿੱਛੇ ਦੇ ਵਿਚਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਪ੍ਰਦਰਸ਼ਨੀ ਵਿੱਚ ਵਾਟਰ ਡਿਸਪੈਂਸਰ, ਵਾਟਰ ਟੈਂਕ, ਖਿਡੌਣੇ ਟੈਲੀਫੋਨ, ਵੈਕਿਊਮ ਕਲੀਨਰ, ਫੋਟੋਸਿੰਥੇਸਿਸ, ਸੋਲਰ ਇਰੀਗੇਸ਼ਨ ਦੇ ਮਾਡਲ ਸ਼ਾਮਲ ਸਨ। ਡੀਸੀ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਮਾਡਲਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਅਧਿਆਪਕਾਂ ਤੋਂ ਬਹੁਤ ਚੰਗਾ ਗਿਆਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਛੋਟੇ ਉੱਭਰਦੇ ਵਿਗਿਆਨੀ ਰਾਸ਼ਟਰ ਦੀ ਸੇਵਾ ਲਈ ਆਪਣੇ ਭਵਿੱਖ ਦੇ ਟੀਚਿਆਂ ਨੂੰ ਯਕੀਨੀ ਤੌਰ ’ਤੇ ਪ੍ਰਾਪਤ ਕਰਨਗੇ।
ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨਾਲ ਸਿੱਧੀ ਗੱਲ ਕਰਦਿਆਂ ਸ੍ਰੀਮਤੀ ਜੈਨ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਉਨ੍ਹਾਂ ਨੂੰ ਆਪਣੀ ਪਸੰਦ ਤੇ ਰੁਚੀ ਵਾਲੇ ਖੇਤਰ ਵਿੱਚ ਵਿਸ਼ੇਸ਼ਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਹੁਣ ਤੋਂ ਹੀ ਮਿੱਥਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿਉਂਕਿ ਇੱਕ ਵਾਰ ਟੀਚਾ ਮਿੱਥ ਲਿਆ ਜਾਵੇ ਤਾਂ ਉਸ ਨੂੰ ਹਾਸਲ ਕਰਨ ਲਈ ਅੱਗੇ ਪੂਰੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਵਿਦਿਆਰਥੀਆਂ ਨੂੰ ਸਾਇੰਸ ਸਿਟੀ, ਚਿੜੀਆਘਰ ਅਤੇ ਹੋਰ ਇਤਿਹਾਸਕ ਸਥਾਨਾਂ ਦੀਆਂ ਯਾਤਰਾ ਕਰਨ ਦਾ ਮੌਕਾ ਪ੍ਰਦਾਨ ਕਰਨ ਤਾਂ ਜੋ ਉਨ੍ਹਾਂ ਨੂੰ ਪਾਠਕ੍ਰਮ ਤੋਂ ਇਲਾਵਾ ਹੋਰ ਵੀ ਗਿਆਨ ਪ੍ਰਾਪਤ ਹੋ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਤੈਰਾਕੀ ਸਿੱਖਣ ਲਈ ਸਵਿਮਿੰਗ ਪੂਲ ਵਿੱਚ ਭੇਜਣ ਲਈ ਵੀ ਕਿਹਾ। ਡੀਸੀ ਨੇ ਸਕੂਲ ਆਫ਼ ਐਮੀਨੈਂਸ ਅਧੀਨ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਸਕੂਲ ਵਿੱਚ ਮਿਊਜ਼ੀਅਮ ਵੀ ਦੇਖਿਆ, ਜਿੱਥੇ ਵਿਦਿਆਰਥੀਆਂ ਨੂੰ ਦਿਖਾਉਣ ਲਈ ਪ੍ਰਮੁੱਖ ਥਾਵਾਂ ਦੇ ਮਹੱਤਵਪੂਰਨ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਡਲ ਤੱਕ ਦੇ ਵਿਦਿਆਰਥੀਆਂ ਨੂੰ ਸਮਰ ਕੈਂਪਾਂ ਦਾ ਹਿੱਸਾ ਬਣਾਇਆ ਗਿਆ ਹੈ। ਇਹ ਸਮਰ ਕੈਂਪ 15 ਜੁਲਾਈ ਤੱਕ ਜਾਰੀ ਰਹਿਣਗੇ। ਇਸ ਮੌਕੇ ਡਿਪਟੀ ਡੀਈਓ ਅੰਗਰੇਜ਼ ਸਿੰਘ, ਪ੍ਰਿੰਸੀਪਲ ਸ਼ਲਿੰਦਰ ਸਿੰਘ ਅਤੇ ਸਟਾਫ਼ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…