ਪਿੰਡ ਧਰਮਗੜ੍ਹ ਵਿੱਚ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਫੇਲ੍ਹ, ਅਧਿਕਾਰੀ ਬੇਪ੍ਰਵਾਹ

ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਮੁਹਾਲੀ ਨੇੜਲੇ ਪਿੰਡ ਧਰਮਗੜ੍ਹ ਵਿੱਚ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਫੇਲ੍ਹ ਹੋ ਜਾਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਤਾਂ ਆਪਣੇ ਗੁਆਂਢੀ ਦੇ ਸਮਰਸੀਬਲ ਪੰਪ ਤੋਂ ਪਾਣੀ ਭਰ ਲੈਂਦੇ ਹਨ ਪ੍ਰੰਤੂ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਗਰਾਮ ਪੰਚਾਇਤ ’ਤੇ ਨਿਰਭਰ ਹਨ। ਜੇ ਸਰਪੰਚ ਪਾਣੀ ਦਾ ਟੈਂਕਰ ਭੇਜੇਗਾ ਤੱਦ ਹੀ ਉਨ੍ਹਾਂ ਨੂੰ ਪਾਣੀ ਮਿਲਦਾ ਹੈ। ਲੇਕਿਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਬੇਪ੍ਰਵਾਹ ਨਜ਼ਰ ਆ ਰਿਹਾ ਹੈ। ਕਿਉਂਕਿ ਗਰਾਮ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਭੇਜਣ ਦੇ ਬਾਵਜੂਦ ਅਧਿਕਾਰੀ ਹਾਲੇ ਤੱਕ ਗੂੜੀ ਨੀਂਦ ਤੋਂ ਨਹੀਂ ਜਾਗੇ ਹਨ।
ਸਰਪੰਚ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਧਰਮਗੜ੍ਹ ਵਿੱਚ ਛੇ ਮਹੀਨੇ ਪਹਿਲਾਂ ਹੀ ਪਾਣੀ ਵਾਲਾ ਟਿਊਬਵੈੱਲ ਫੇਲ੍ਹ ਹੋ ਗਿਆ ਸੀ। ਇਸ ਸਬੰਧੀ ਜਨਵਰੀ 2023 ਵਿੱਚ ਗਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਨਵਾਂ ਟਿਊਬਵੈੱਲ ਲਗਾਉਣ ਦਾ ਮਤਾ ਪਾਸ ਕਰਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਰਾਹੀਂ ਸਰਕਾਰ ਨੂੰ ਭੇਜਿਆ ਗਿਆ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਪਿੰਡ ਦੀ ਕਰੀਬ 1500 ਆਬਾਦੀ ਹੈ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਮਦਦ ਲੈ ਕੇ ਡੰਗ ਸਾਰਨਾ ਪੈ ਰਿਹਾ ਹੈ।
ਸਰਪੰਚ ਦੇ ਦੱਸਣ ਮੁਤਾਬਕ ਟਿਊਬਵੈੱਲ ਫੇਲ੍ਹ ਹੋਣ ਤੋਂ ਬਾਅਦ ਪੀੜਤ ਲੋਕ ਬਾਜ਼ਾਰ ’ਚੋਂ ਪਾਣੀ ਦੇ ਟੈਂਕਰ ਮੰਗਵਾਉਣ ਲੱਗ ਪਏ। ਪਹਿਲਾਂ 500 ਰੁਪਏ ਦਾ ਟੈਂਕਰ ਮਿਲਦਾ ਸੀ। ਟੈਂਕਰ ਦਾ ਪਾਣੀ ਖਾਰਾ ਹੋਣ ਦੇ ਬਾਵਜੂਦ ਲੋਕ ਮਜਬੂਰੀ ਵਿੱਚ ਪੀ ਰਹੇ ਸੀ ਲੇਕਿਨ ਹੁਣ ਰੇਟ ਵਧਾ ਕੇ 800 ਰੁਪਏ ਕਰ ਦਿੱਤਾ ਹੈ। ਟੈਂਕਰ ਮਹਿੰਗਾ ਮਿਲਣ ਕਾਰਨ ਜਿਮੀਦਾਰਾਂ ਨੇ ਆਪਣੇ ਘਰਾਂ ਵਿੱਚ ਸਮਰਸੀਬਲ ਪੰਪ ਲਗਵਾ ਲਏ ਪ੍ਰੰਤੂ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋੜਵੰਦ ਲੋਕ ਅਕਸਰ ਜਿਮੀਦਾਰ ਦੇ ਘਰੋਂ ਜਾਂ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ਤੋਂ ਪਾਣੀ ਲਿਆਉਂਦੇ ਹਨ। ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਦੋ ਸਕੂਲ ਹਨ। ਛੇਵੀਂ ਤੋਂ ਅੱਠਵੀਂ ਤੱਕ ਸਕੂਲ ਵਿੱਚ ਸਮਰਸੀਬਲ ਪੰਪ ਲੱਗਿਆ ਹੋਇਆ ਹੈ ਜਦੋਂਕਿ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਕੂਲ ਨੂੰ ਪੰਚਾਇਤ ਵੱਲੋਂ ਟੈਂਕਰ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਧਰਮਗੜ੍ਹ ਵਿੱਚ ਤੁਰੰਤ ਨਵਾਂ ਟਿਊਬਵੈੱਲ ਲਗਾਇਆ ਜਾਵੇ।
ਉਧਰ, ਦੂਜੇ ਪਾਸੇ ਜਲ ਸਪਲਾਈ ਵਿਭਾਗ ਦੇ ਐਸਡੀਓ ਰਜਿੰਦਰ ਸਚਦੇਵਾ ਨੇ ਗਰਾਮ ਪੰਚਾਇਤ ਵੱਲੋਂ ਛੇ ਮਹੀਨੇ ਪਹਿਲਾਂ ਮਤਾ ਪਾਸ ਕਰਕੇ ਦੇਣ ਦੀ ਗੱਲ ਮੰਨਦਿਆਂ ਕਿਹਾ ਕਿ ਪੰਚਾਇਤੀ ਮਤੇ ਨੂੰ ਅਗਲੀ ਕਾਰਵਾਈ ਲਈ ਤੁਰੰਤ ਉੱਚ ਅਫ਼ਸਰਾਂ ਨੂੰ ਭੇਜ ਦਿੱਤਾ ਸੀ। ਮੌਜੂਦਾ ਹਾਲਾਤਾਂ ਬਾਰੇ ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡ ਕੰਡਾਲਾ ਵਿੱਚ ਟਿਊਬਵੈੱਲ ਇਸ ਸ਼ਰਤ ’ਤੇ ਲਾਇਆ ਗਿਆ ਸੀ ਕਿ ਲੋੜ ਪੈਣ ’ਤੇ ਉਹ ਆਪਣੇ ਗੁਆਂਢੀ ਪਿੰਡ ਧਰਮਗੜ੍ਹ ਨੂੰ ਪਾਣੀ ਦੀ ਸਪਲਾਈ ਦੇਣਗੇ। ਲੇਕਿਨ ਜਦੋਂ ਧਰਮਗੜ੍ਹ ਵਿੱਚ ਜਲ ਸੰਕਟ ਪੈਦਾ ਹੋਇਆ ਤਾਂ ਕੰਡਾਲਾ ਨੇ ਧਰਮਗੜ੍ਹ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਇਹ ਦਿੱਕਤ ਆ ਰਹੀ ਹੈ ਪ੍ਰੰਤੂ ਹੁਣ ਬੀਡੀਪੀਓ ਦੇ ਦਖ਼ਲ ਨਾਲ ਕੰਡਾਲਾ ਵਾਲੇ ਪਾਣੀ ਦੇਣਾ ਮੰਨ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਕੰਡਾਲਾ ਤੋਂ ਧਰਮਗੜ੍ਹ ਲਈ ਨਵੀਂ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਪੂਰੇ ਪਿੰਡ ਨੂੰ ਸਪਲਾਈ ਦਿੱਤੀ ਜਾਵੇਗੀ। ਨਾਲ ਹੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਪੰਚਾਇਤੀ ਮਤੇ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਧਰਮਗੜ੍ਹ ਵਿੱਚ ਨਵਾਂ ਟਿਊਬਵੈੱਲ ਵੀ ਲਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…