ਪੇਚਸ਼, ਹੈਜ਼ਾ ਤੇ ਡੇਂਗੂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾ ਭਾਰ, 54 ਆਰਆਰ ਟੀਮਾਂ ਸਰਗਰਮ

ਡੀਸੀ ਆਸ਼ਿਕਾ ਜੈਨ ਨੇ ਸਿਹਤ ਸੰਭਾਲ ਦੇ ਮੁੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪਾਣੀ ਦੇ ਵੱਧ ਤੋਂ ਵੱਧ ਸੈਂਪਲ ਲੈ ਕੇ ਜਾਂਚ ਕਰਨ ਤੇ ਦੂਸ਼ਿਤ ਪਾਣੀ ਵਾਲੇ ਸਾਧਨਾਂ ਨੂੰ ਸੀਲ ਕਰਨ ਦੇ ਹੁਕਮ

24 ਦਿਨਾਂ ਵਿੱਚ 27,618 ਘਰਾਂ ਦਾ ਸਰਵੇਖਣ, 10 ਹਜ਼ਾਰ ਤੋਂ ਵੱਧ ਲੋਕਾਂ ਦੀ ਕੀਤੀ ਡਾਕਟਰੀ ਜਾਂਚ

ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ:
ਹੜ੍ਹਾਂ ਦੀ ਮਾਰ ਤੋਂ ਬਾਅਦ ਜ਼ਿਲ੍ਹੇ ਵਿੱਚ ਸਾਹਮਣੇ ਆ ਰਹੇ ਡਾਇਰੀਆ, ਹੈਜ਼ੇ ਤੇ ਡੇਂਗੂ ਦੇ ਕੇਸਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਨਿੱਠ ਕੇ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਡਾਇਰੀਆ ਦੀ ਰੋਕਥਾਮ ਲਈ 54 ਆਰ ਆਰ ਟੀਮਾਂ ਸਰਗਰਮ ਹਨ। ਇਹ ਗੱਲ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾਇਰੀਆ, ਹੈਜ਼ਾ ਤੇ ਡੇਂਗੂ ਤੋਂ ਬਚਾਅ ਸਬੰਧੀ ਸੱਦੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ।
ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੈਜ਼ੇ ਦੇ 31 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿੱਚੋਂ 11 ਮਰੀਜ਼ ਦਾਖਲ ਹਨ। ਇਸ ਦੇ ਨਾਲ ਨਾਲ ਇਸ ਵੇਲੇ ਡਾਇਰੀਆ ਦੇ 70 ਮਰੀਜ਼ ਦਾਖਲ ਹਨ। ਜ਼ਿਲ੍ਹੇ ਵਿੱਚ ਹੜ੍ਹ ਆਉਣ ਤੋਂ ਲੈ ਕੇ ਹੁਣ ਤੱਕ 358 ਸਰਕਾਰੀ ਤੇ 11 ਪ੍ਰਾਈਵੇਟ ਮੈਡੀਕਲ ਕੈਂਪ ਵੱਖੋ-ਵੱਖ ਥਾਂ ਲਾਏ ਗਏ, ਜਿਨ੍ਹਾਂ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਪਾਣੀ ਦੇ 382 ਸੈਂਪਲ ਲਏ ਗਏ ਹਨ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਤਾਰ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਜ਼ਿਲ੍ਹੇ ਵਿੱਚ ਡੇਂਗੂ ਦੇ ਜਨਵਰੀ ਤੋਂ ਹੁਣ ਤੱਕ 19 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਪੇਂਡੂ ਖੇਤਰਾਂ ਬਡਮਾਜਰਾ, ਚਤੌਲੀ, ਸਮਗੌਲੀ, ਖੇੜੀ ਗੁੱਜਰਾਂ, ਜਵਾਹਰਪੁਰ ਅਤੇ ਹੈਬਤਪੁਰ ਵਿੱਚ ਕੁੱਲ 06 ਕੇਸ ਡੇਂਗੂ ਦੇ ਸਾਹਮਣੇ ਆਏ ਹਨ। ਜਦਕਿ ਸ਼ਹਿਰੀ ਖੇਤਰਾਂ ਮੁਹਾਲੀ ਵਿੱਚ 1, ਖਰੜ ਵਿੱਚ 9, ਡੇਰਾਬਸੀ ਵਿੱਚ 6 ਅਤੇ ਜ਼ੀਰਕਪੁਰ 3 ਕੇਸ ਸਾਹਮਣੇ ਆਏ ਹਨ। ਡੇਂਗੂ ਤੋਂ ਬਚਾਅ ਲਈ ਪੀਕ ਆਉਣ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ।
1 ਜੁਲਾਈ ਤੋਂ 24 ਜੁਲਾਈ ਤੱਕ ਡੇਂਗੂ ਤੋਂ ਬਚਾਅ ਸਬੰਧੀ ਜ਼ਿਲ੍ਹੇ ਦੇ 27,618 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿਨ੍ਹਾਂ ’ਚੋਂ ਡੇਂਗੂ ਬਰੀਡਿੰਗ ਦੇ 698 ਕੇਸ ਸਾਹਮਣੇ ਆਏ। ਇਸੇ ਤਰ੍ਹਾਂ 79,170 ਕਨਟੇਨਰਾਂ ਦੇ ਕੀਤੇ ਸਰਵੇਖਣ ’ਚੋਂ 969 ਵਿੱਚ ਡੇਂਗੂ ਬਰੀਡਿੰਗ ਦੇ ਕੇਸ ਸਾਹਮਣੇ ਆਏ। ਇਸ ਬਾਬਤ 170 ਚਲਾਨ ਵੀ ਕੀਤੇ ਗਏ ਹਨ। ਡੀਸੀ ਵੱਲੋਂ ਚੈਕਿੰਗ ਤੇਜ਼ ਕਰਨ ਤੇ ਵੱਧ ਤੋਂ ਵੱਧ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡਾਇਰੀਆ ਤੇ ਹੈਜ਼ੇ ਦੇ ਕੇਸ ਕਾਬੂ ਹੇਠ ਤਾਂ ਹਨ ਪਰ ਸਾਫ਼ ਪਾਣੀ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਦੀ ਲੋੜ ਹੈ। ਉਨ੍ਹਾਂ ਕਿਹਾ ਸਿਹਤ ਬਲਾਕ ਘੜੂੰਆਂ ਦੇ ਬੜਮਾਜਰਾ ਤੇ ਬਲੌਂਗੀ ਤੋਂ ਕਾਫ਼ੀ ਕੇਸ ਆਏ ਪਰ ਹੁਣ ਸਥਿਤੀ ਕਾਬੂ ਹੇਠ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਘਰ-ਘਰ ਸਰਵੇਖਣ ਹੋਰ ਤੇਜ਼ ਕੀਤਾ ਜਾਵੇ। ਜਦੋਂ ਤੱਕ ਇਹ ਯਕੀਨੀ ਨਹੀਂ ਹੋ ਜਾਂਦਾ ਕਿ ਜਿਹੜੇ ਜਲ ਸਰੋਤ ਤੋਂ ਪ੍ਰਭਾਵਿਤ ਲੋਕ ਪਾਣੀ ਪੀ ਰਹੇ ਹਨ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਓਦੋਂ ਤੱਕ ਪੀਣ ਵਾਲੇ ਪਾਣੀ ਦਾ ਬਦਲਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਪ੍ਰਾਈਵੇਟ ਮੋਟਰਾਂ/ਪੰਪਾਂ ਰਾਹੀਂ ਕਢੇ ਜਾਂਦੇ ਪਾਣੀ ਦੀ ਜਾਂਚ ਵੀ ਯਕੀਨੀ ਬਣਾਈ ਜਾਵੇ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਤੇ ਕੁਰਾਲੀ ਖੇਤਰ ਵਿਚ ਕੇਸ ਲਗਾਤਾਰ ਘਟ ਰਹੇ ਹਨ। ਬਨੂੜ ਖੇਤਰ ਵਿੱਚ ਵੀ ਜਿਹੜੇ ਕੇਸ ਆਏ ਹਨ, ਉਨ੍ਹਾਂ ਦਾ ਸਰੋਤ ਵੀ ਪਤਾ ਕੀਤਾ ਜਾਵੇ। ਸਾਰੇ ਪ੍ਰਭਾਵਿਤ ਖੇਤਰਾਂ ਦੀ ਵਾਟਰ ਸਪਲਾਈ ਚੈਕ ਕਰਵਾਈ ਜਾਵੇ। ਸਾਰੇ ਸਬੰਧਤ ਵਿਭਾਗਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਬਤ ਸਾਂਝੀਆਂ ਰਿਪੋਰਟਾਂ ਦਿੱਤੀਆਂ ਜਾਣ। ਜਿਹੜੇ ਵੀ ਸਾਧਨ ਤੋਂ ਪਾਣੀ ਦੂਸ਼ਿਤ ਆਉਣ ਦੀ ਰਿਪੋਰਟ ਆਉਂਦੀ ਹੈ, ਉਸ ਨੂੰ ਡੀਸੀ ਵੱਲੋਂ ਤੁਰੰਤ ਸੀਲ ਕਰਨ ਦੀ ਹਦਾਇਤ ਕੀਤੀ ਗਈ।
ਡੀਸੀ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ 27 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਹੜਾਂ ਕਾਰਨ ਡੇਂਗੂ ਦੇ ਕੇਸ ਵੱਧ ਰਹੇ ਹਨ ਤੇ ਡੇਂਗੂ ਬਰੀਡਿੰਗ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ। ਡਿਪਟੀ ਕਮਿਸ਼ਨਰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਰਵਾ ਰੋਕਣ ਲਈ ਸਪਰੇਅ ਲਗਾਤਾਰ ਕੀਤੀ ਜਾਵੇ ਤੇ ਨਾਲ ਹੀ ਫੌਗਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੀ ਪੀਕ/ਸਿਖਰ ਜਿਹੜੀ ਕਿ ਅਗਸਤ ਤੋਂ ਬਾਅਦ ਨਵੰਬਰ ਤੱਕ ਆਉਣ ਦੀ ਸੰਭਾਵਨਾ ਹੁੰਦੀ ਹੈ, ਨੂੰ ਰੋਕਣ ਲਈ ਹੁਣੇ ਤੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ। ਇਸ ਸਬੰਧੀ ਦਵਾਈਆਂ, ਮਸ਼ੀਨਾਂ ਸਮੇਤ ਜਿਹੜੀ ਵੀ ਲੋੜ ਹੈ, ਉਹ ਧਿਆਨ ਵਿਚ ਲਿਆਂਦੀ ਜਾਵੇ, ਉਸ ਲੋੜ ਨੂੰ ਹਰ ਹਾਲ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਜਾਵੇਗਾ।
ਸ੍ਰੀਮਤੀ ਜੈਨ ਨੇ ਆਖਿਆ ਕਿ ਡੇਂਗੂ ਦੀ ਰੋਕਥਾਮ ਸਬੰਧੀ ਚਲਾਨ ਤੋਂ ਪਹਿਲਾਂ ਚਿਤਾਵਨੀ ਕਾਰਡ ਜਾਰੀ ਕੀਤਾ ਜਾ ਸਕਦਾ ਹੈ, ਬਾਸ਼ਰਤੇ ਉਸ ਸਬੰਧੀ ਢੁੱਕਵਾਂ ਰਿਕਾਰਡ ਰੱਖਿਆ ਜਾਵੇ ਤੇ ਦੂਜੀ ਵਾਰ ਚੈਕਿੰਗ ਉੱਤੇ ਜੇਕਰ ਗਲਤੀ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏਡੀਸੀ (ਵਿਕਾਸ) ਅਮਿਤ ਬੈਂਬੀ, ਸੰਯੁਕਤ ਸਕੱਤਰ ਸ੍ਰੀਮਤੀ ਕਿਰਨ ਸ਼ਰਮਾ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ, ਐੱਸਡੀਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ, ਐੱਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐੱਸਡੀਐਮ ਖਰੜ ਰਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…