Share on Facebook Share on Twitter Share on Google+ Share on Pinterest Share on Linkedin ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਆਂਸਲ ਵਸਨੀਕਾਂ ਦਾ ਮੁੱਖ ਗੇਟ ’ਤੇ ਧਰਨਾ ਤੀਜੇ ਦਿਨ ’ਚ ਦਾਖ਼ਲ ਭਾਜਪਾ ਆਗੂ ਬਲਬੀਰ ਸਿੱਧੂ ਵੱਲੋਂ ਸੰਘਰਸ਼ ਦੀ ਹਮਾਇਤ, ਪੀੜਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ: ਮੁਹਾਲੀ ਦੇ ਸੈਕਟਰ-114 (ਆਂਸਲ) ਦੇ ਵਸਨੀਕਾਂ ਦਾ ਲਾਂਡਰਾਂ-ਖਰੜ ਸੜਕ ’ਤੇ ਆਂਸਲ-114 ਦੇ ਮੁੱਖ ਗੇਟ ਐਤਵਾਰ ਨੂੰ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ। ਇਸ ਦੌਰਾਨ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਅਤੇ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਸੈਕਟਰ ਵਾਸੀਆਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਗਮਾਡਾ ਅਧਿਕਾਰੀਆਂ ਦੀ ਬਿਲਡਰਾਂ ਨਾਲ ਕਥਿਤ ਮਿਲੀਭੁਗਤ ਦੇ ਚੱਲਦਿਆਂ ਕਾਫ਼ੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਿਸ ’ਤੇ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਪੰਜਾਬ ਸਰਕਾਰ, ਗਮਾਡਾ ਅਤੇ ਰੀਅਲ ਅਸਟੇਟ ਕੰਪਨੀ ਤੱਕ ਪਹੁੰਚ ਕੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਆਂਸਲ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਅਤੇ ਆਂਸਲ ਗੋਲਫ਼ ਲਿੰਕਜ਼-1 ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਮੀਤ ਪ੍ਰਧਾਨ ਪਾਲ ਸਿੰਘ ਰੱਤੂ, ਜਨਰਲ ਸਕੱਤਰ ਅਚਿਨ ਗਾਬਾ, ਕੈਸ਼ੀਅਰ ਨਿਹਾਲ ਸਿੰਘ, ਸੰਯੁਕਤ ਸਕੱਤਰ ਗੁਰਮੀਤ ਸਿੰਘ, ਜਥੇਬੰਦਕ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ ਗਮਾਡਾ, ਡੀਸੀ ਅਤੇ ਐਸਐਸਪੀ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਗੁਹਾਰ ਲਗਾ ਚੁੱਕੇ ਹਨ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਉਨ੍ਹਾਂ ਨੂੰ ਸੜਕ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੇ ਬਿਲਡਰਾਂ ਨੂੰ ਰਿਹਾਇਸ਼ੀ ਜਾਂ ਵਪਾਰਕ ਪ੍ਰਾਜੈਕਟਾਂ ਦੀ ਮਨਜ਼ੂਰੀ ਦੇਣ ਤੋਂ ਬਾਅਦ ਕਦੇ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਵੱਲ ਧਿਆਨ ਨਹੀਂ ਦਿੱਤਾ ਕਿ ਸਬੰਧਤ ਪ੍ਰਾਜੈਕਟ ਦੇ ਵਸਨੀਕਾਂ ਨੂੰ ਸ਼ਰਤਾਂ ਮੁਤਾਬਕ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ ਜਾਂ ਨਹੀਂ? ਸੈਕਟਰ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਟਰੈਫ਼ਿਕ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਪ੍ਰੰਤੂ ਮਹਿਜ਼ ਪੈਚ ਵਰਕ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ। ਬਿਜਲੀ-ਪਾਣੀ ਦੀ ਸਪਲਾਈ ਦਾ ਮਾੜਾ ਹੈ। ਉਨ੍ਹਾਂ ਚਿਤਵਨੀ ਦਿੱਤੀ ਕਿ ਜੇਕਰ ਬਿਲਡਰ ਅਤੇ ਗਮਾਡਾ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਗਮਾਡਾ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ