ਕੁੰਭੜਾ ਵਿੱਚ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਕਾਰਨ ਘਰਾਂ ਨੂੰ ਭਾਰੀ ਨੁਕਸਾਨ

ਤਰੇੜਾਂ ਕਾਰਨ ਕਦੇ ਵੀ ਡਿੱਗ ਸਕਦੇ ਹਨ ਮਕਾਨ, ਦਹਿਸ਼ਤ ਵਿੱਚ ਜੀ ਰਹੇ ਲੋਕ

ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
ਪਿੰਡ ਕੁੰਭੜਾ ਦੇ ਵਸਨੀਕ ਪਿੰਡ ਵਿੱਚ ਬਣ ਰਹੀਆਂ ਬਹੁ-ਮੰਜ਼ਲਾ ਇਮਾਰਤਾਂ ਦੀ ਉਸਾਰੀ ਕਾਰਨ ਬੇਹੱਦ ਪ੍ਰੇਸ਼ਾਨ ਹਨ। ਇਨ੍ਹਾਂ ਬਹੁ-ਮੰਜ਼ਲਾ ਇਮਾਰਤਾਂ ਦੀ ਉਸਾਰੀ ਦੌਰਾਨ ਨਾਲ ਲੱਗਦੇ ਮਕਾਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਕਈ ਘਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਮੌਜੂਦਗੀ ਵਿੱਚ ਪਿੰਡ ਵਾਸੀ ਮਨਜੀਤ ਸਿੰਘ, ਸੋਨੀਆ ਰਾਣੀ, ਰਜਨੀ, ਤੇਜਪਾਲ ਸਿੰਘ, ਵਿਧਵਾ ਅੌਰਤ ਭੁਪਿੰਦਰ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ 2015 ਤੋਂ ਪਿੰਡ ਕੁੰਭੜਾ ਵਿੱਚ ਬਾਹਰੋਂ ਆ ਕੇ ਲੋਕ ਬਹੁ-ਮੰਜ਼ਲਾਂ ਪੀਜੀ ਬਣਾ ਰਹੇ ਹਨ। ਜਿਸ ਕਾਰਨ ਗੁਆਂਢੀਆਂ ਦੇ ਮਕਾਨਾਂ ਵਿੱਚ ਤਰੇੜਾਂ ਪੈਣ ਕਾਰਨ ਹੁਣ ਉਨ੍ਹਾਂ ਦੇ ਮਕਾਨ ਟੁੱਟਣ ਲੱਗ ਗਏ ਹਨ। ਪੀੜਤ ਲੋਕਾਂ ਨੇ ਮੀਡੀਆ ਨੂੰ ਆਪਣੇ ਘਰਾਂ ਵਿੱਚ ਹੋਏ ਨੁਕਸਾਨ ਦਿਖਾਉਂਦੇ ਹੋਏ ਦੱਸਿਆ ਕਿ ਇਸ ਸਬੰਧੀ ਉਹ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਮਕਾਨਾਂ ਦੀ ਮਾੜੀ ਹਾਲਤ ਕਾਰਨ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ ਅਤੇ ਉਹਨਾਂ ਨੂੰ ਹਰ ਵੇਲੇ ਇਹ ਡਰ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦਾ ਮਕਾਨ ਨਾ ਢਹਿ ਜਾਵੇ। ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਰਾਤਾਂ ਨੂੰ ਵਾਰ ਵਾਰ ਉੱਠ ਕੇ ਬੱਚਿਆਂ ਨੂੰ ਦੇਖ਼ਦੇ ਹਨ ਕਿਉੱਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਉਨ੍ਹਾਂ ਦੇ ਮਕਾਨ ਦੀ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਉਹ ਉਪਰੋਕਤ ਸਮੱਸਿਆ ਸਬੰਧੀ ਅਨੇਕਾਂ ਦਰਖ਼ਾਸਤਾਂ ਦੇ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਵੀ ਕਿਸੇ ਪਰਿਵਾਰ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਰਕਾਰਾਂ ਬਾਅਦ ਵਿੱਚ ਮੁਆਵਜ਼ਾ ਦੇ ਕੇ ਗਰੀਬਾਂ ਦੇ ਮੂੰਹ ਬੰਦ ਕਰਵਾ ਦਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਬਹੁ-ਮੰਜ਼ਲਾਂ ਇਮਾਰਤਾਂ ਦੀ ਉਸਾਰੀ ’ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਵੱਲ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ ਪੀੜਤ ਪਰਿਵਾਰਾਂ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹਰਦੀਪ ਸਿੰਘ, ਬਚਨ ਸਿੰਘ, ਹਰਦੀਪ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…