Share on Facebook Share on Twitter Share on Google+ Share on Pinterest Share on Linkedin ਅੰਤਿਮ ਸਸਕਾਰ ਲਈ ਲੱਕੜ ਦੇ ਬਦਲ ਵਜੋਂ ਗੋਹੇ ਨਾਲ ਬਣੇ ਬਾਲਣ ਦੀ ਵਰਤੋਂ ਕਰਨ ਲਈ ਪ੍ਰੇਰਿਆ ਵਾਤਾਵਰਨ ਪ੍ਰੇਮੀ ਸੁਹਾਨੀ ਨੇ ਮੁਹਾਲੀ ਗਊਸ਼ਾਲਾ ਵਿੱਚ ਬਰੈਕਟ ਮਸ਼ੀਨ ਲਗਾਉਣ ਦਾ ਕੀਤਾ ਪ੍ਰਬੰਧ ਮੁਹਾਲੀ ਨਗਰ ਨਿਗਮ ਨੇ ਵਾਤਾਵਰਨ ਪ੍ਰੇਮੀ ਸੁਹਾਨੀ ਦੀ ਤਜਵੀਜ਼ ’ਤੇ ਕੰਮ ਸ਼ੁਰੂ ਕੀਤਾ ਨਬਜ਼-ਏ-ਪੰਜਾਬ, ਮੁਹਾਲੀ, 27 ਅਗਸਤ: ਮੁਹਾਲੀ ਨਗਰ ਨਿਗਮ ਨੇ ਵਾਤਾਵਰਨ ਪ੍ਰੇਮੀ ਨੌਜਵਾਨ ਵਿਦਿਆਰਥਣ ਸੁਹਾਨੀ ਦੀ ਤਜਵੀਜ਼ ਨੂੰ ਮੰਨਦਿਆਂ ਲੋਕਾਂ ਨੂੰ ਅੰਤਿਮ ਸਸਕਾਰ ਲਈ ਲੱਕੜ ਦੇ ਬਦਲ ਵਜੋਂ ਗੋਹੇ ਨਾਲ ਬਣੇ ਬਾਲਣ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਸੁਹਾਨੀ ਨੇ ਸ਼ਮਸ਼ਾਨਘਾਟ ਵਿੱਚ ਲੱਕੜ ਦੇ ਬਦਲ ਵਜੋਂ ਗੋਹੇ ਦੇ ਬਾਲਣ ਦੀ ਵਰਤੋਂ ਦੇ ਨਿਵੇਕਲੇ ਵਿਚਾਰ ਪੇਸ਼ ਕੀਤੇ ਹਨ। ਜਿਸ ’ਤੇ ਗੌਰ ਕਰਦਿਆਂ ਤਜਰਬੇ ਵਜੋਂ ਸ਼ਮਸ਼ਾਨਘਾਟ ਨੂੰ ਗੋਹੇ ਨਾਲ ਤਿਆਰ ਕੀਤਾ ਬਾਲਣ ਸਪਲਾਈ ਕਰਨ ਲਈ ਮਸ਼ੀਨ ਸਥਾਪਿਤ ਕੀਤੀ ਹੈ। ਦਿੱਲੀ ਪਬਲਿਕ ਸਕੂਲ ਚੰਡੀਗੜ੍ਹ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਫੰਡ ਇਕੱਠਾ ਕਰਕੇ ਮੁਹਾਲੀ ਗਊਸ਼ਾਲਾ ਵਿੱਚ ਗੋਹੇ ਦਾ ਬਾਲਣ ਬਣਾਉਣ ਵਾਲੀ ਮਸ਼ੀਨ ਸਥਾਪਿਤ ਕਰਵਾਉਣ ਵਿੱਚ ਮਦਦ ਕੀਤੀ ਹੈ। ਸੁਹਾਨੀ ਨੇ ਗੋਹੇ ਦੇ ਠੋਸ ਬਾਲਣ ਦੀ ਤਿਆਰੀ ਬਾਰੇ ਕਿਹਾ, ‘‘ਸਾਨੂੰ ਆਪਣੀ ਹਰੀ ਪੱਟੀ ਨੂੰ ਹਰਿਆਵਲ ਭਰਪੂਰ ਰੱਖਣ ਲਈ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਨਾ ਕਿ ਮ੍ਰਿਤਕ ਸਰੀਰ ਨੂੰ ਜਲਾਉਣ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾਵੇ।’’ ਆਪਣੇ ਦਾਦਾ ਜੀ ਦੇ ਦੇਹਾਂਤ ਮੌਕੇ ਦੀ ਘਟਨਾ ਦਾ ਵਰਣਨ ਕਰਦਿਆਂ ਸੁਹਾਨੀ ਦੱਸਦੀ ਹੈ ਕਿ ਉਸ ਦਾ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਸੀ, ਅਪਰੈਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਜੈਪੁਰ ਵਿੱਚ ਅੰਤਿਮ ਸਸਕਾਰ ਮੌਕੇ ਉਸ ਨੂੰ ਗੋਬਰ ਦੀ ਵਰਤੋਂ ਬਾਰੇ ਪਤਾ ਲੱਗਾ। ਇਹ ਵੀ ਜਾਣਕਾਰੀ ਮਿਲੀ ਇੱਕ ਲਾਸ਼ ਦਾ ਸਸਕਾਰ ਕਰਨ ਲਈ ਲਗਪਗ 500 ਕਿੱਲੋ ਗਰਾਮ ਲੱਕੜ ਦੀ ਲੋੜ ਹੁੰਦੀ ਹੈ। ਜਿਸ ਦੀ ਪੂਰਤੀ ਲਈ ਦੋ ਰੁੱਖ ਕੱਟਣੇ ਪੈਂਦੇ ਹਨ। ਇਹ ਲੱਕੜ ਭਾਰਤੀ ਉਪਮਹਾਂਦੀਪ ਵਿੱਚ ਅੰਬ, ਨਿੰਮ, ਬੋਹੜ ਅਤੇ ਪਿੱਪਲ ਵਰਗੇ ਦੇਸੀ ਰੁੱਖਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਜੋ ਅੌਸਤਨ 400 ਸਾਲ ਤੱਕ ਜਿਉਂਦੇ ਰਹਿ ਸਕਦੇ ਹਨ ਪਰ ਅਸੀਂ ਆਪਣੀਆਂ ਲੋੜਾਂ ਲਈ ਇਨ੍ਹਾਂ ਰੁੱਖਾਂ ਨੂੰ 15-20 ਸਾਲ ਦੀ ਛੋਟੀ ਉਮਰ ਵਿੱਚ ਹੀ ਕੱਟ ਦਿੰਦੇ ਹਾਂ। ਸੁਹਾਨੀ ਨੇ ਦੱਸਿਆ ਕਿ ਉਸ ਨੇ ਵਾਪਸ ਆ ਕੇ ਸ਼ਮਸ਼ਾਨਘਾਟ ਵਿੱਚ ਲੱਕੜ ਦੇ ਬਦਲ ਵਜੋਂ ਗੋਹੇ ਤੋਂ ਤਿਆਰ ਬਾਲਣ ਦੀ ਉਪਲਬਧਤਾ ’ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਵੱਖ-ਵੱਖ ਗਊਸ਼ਾਲਾਵਾਂ ਦੇ ਦੌਰੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਗਊ-ਗੋਬਰ ਦਾ ਇੱਕ ਵੱਡਾ ਹਿੱਸਾ ਜ਼ਮੀਨ ਵਿੱਚ ਭਰਤ (ਲੈਂਡਫਿਲ) ਜਾਂ ਸੜਕਾਂ ਦੇ ਕਿਨਾਰੇ ਸੁੱਟਿਆ ਜਾਂਦਾ ਹੈ। ਇਸੇ ਦੌਰਾਨ ਗੋਹੇ ਤੋਂ ਤਿਆਰ ਬਰੈਕਟਾਂ (ਗੋਕਾਠ) ਉਸ ਨੂੰ ਲੱਕੜ ਦਾ ਸਪੱਸ਼ਟ ਬਦਲ ਜਾਪੀਆਂ। ਇਹ ਕਾਫ਼ੀ ਘੱਟ ਧੂੰਆਂ ਪੈਦਾ ਕਰਦੇ ਹਨ ਅਤੇ ਉੱਪਰੋਂ ਇਹ ਨਵਿਆਉਣਯੋਗ ਸਰੋਤ ਵੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਪਲਬਧ ਮਸ਼ੀਨਰੀ ਦੇ ਵੱਖ-ਵੱਖ ਮਾਡਲਾਂ ਦਾ ਅਧਿਐਨ ਕਰਦੇ ਹੋਏ ਇਸ ਮਸ਼ੀਨਰੀ ਦਾ ਪ੍ਰਬੰਧ ਕਰਨ ਵਿੱਚ ਸਫਲਤਾ ਮਿਲੀ। ਮੁਹਾਲੀ ਨਗਰ ਨਿਗਮ ਦੀ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਨੇ ਦੱਸਿਆ ‘ਸੁਹਾਨੀ ਆਪਣੇ ਸਕੂਲੀ ਦੋਸਤਾਂ ਨਾਲ ਗਊਸ਼ਾਲਾ ਦਾ ਦੌਰਾ ਕਰ ਰਹੀ ਸੀ ਅਤੇ ਉਸ ਨੇ ਗਾਂ ਦੇ ਗੋਹੇ ਦੀਆਂ ਠੋਸ ਬਾਲਣ ਬਣਾਉਣ ਦਾ ਵਿਚਾਰ ਪੇਸ਼ ਕੀਤਾ। ਉਸ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਅਸੀਂ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਵਾਤਾਵਰਨ-ਅਨੁਕੂਲ ਯਤਨ ਵਿੱਚ ਆਪਣੇ ਸਹਿਯੋਗ ਵਜੋਂ ਗਊਸ਼ਾਲਾ ਵਿੱਚ ਥਾਂ ਦੇਣ ਦਾ ਵਾਅਦਾ ਕੀਤਾ। ਮੁਹਾਲੀ ਸ਼ਮਸ਼ਾਨਘਾਟ ਦੇ ਇੰਚਾਰਜ ਨੇ ਦੱਸਿਆ, ‘‘ਗੋਬਰ ਤੋਂ ਤਿਆਰ ਠੋਸ ਬਾਲਣ ਦੀ ਬਲਣਸ਼ੀਲ ਊਰਜਾ ਲੱਕੜ ਨਾਲੋਂ ਵੱਧ ਹੈ। ਇੱਕ ਲਾਸ਼ ਦਾ ਸਸਕਾਰ ਕਰਨ ਲਈ 250-300 ਕਿੱਲੋਗਰਾਮ ਗੋਹੇ ਤੋਂ ਬਣਿਆ ਠੋਸ ਬਾਲਣ ਕਾਫ਼ੀ ਹੋਵੇਗਾ। ਅਜਿਹਾ ਕਰਨ ਨਾਲ ਲੱਕੜ ਦੀ 50 ਫੀਸਦੀ ਵਰਤੋਂ ਘਟਾਈ ਜਾ ਸਕਦੀ ਹੈ। ਮੁਹਾਲੀ ਨਗਰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਸੁਹਾਨੀ ਦੇ ਵਾਤਾਵਰਨ ਪੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, ’’ਇਹ ਸਮੇਂ ਦੀ ਲੋੜ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਵੱਲ ਚਿੰਤਤ ਦੇਖ ਕੇ ਖ਼ੁਸ਼ੀ ਹੁੰਦੀ ਹੈ। ਸਾਡੇ ਲਈ ਇਸ ਪ੍ਰਾਜੈਕਟ ਨੂੰ ਚਲਾਉਣਾ ਬਹੁਤ ਸੰਤੋਖਜਨਕ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਫ਼ੀ ਥਾਵਾਂ ’ਤੇ ਸ਼ਮਸ਼ਾਨਘਾਟ ਇਸ ਵਾਤਾਵਰਨ-ਅਨੁਕੂਲ ਪਹਿਲਕਦਮੀ ਨੂੰ ਅਪਣਾ ਰਹੇ ਹਨ ਅਤੇ ਅਸੀਂ ਵੀ ਇਸ ਦਾ ਹਿੱਸਾ ਬਣ ਕੇ ਵਾਤਾਵਰਨ ਬਚਾਉਣ ਦੀ ਪਹਿਲਕਦਮੀ ਕਰਕੇ ਖ਼ੁਸ਼ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਵੀ ਅੱਗੇ ਗਊ-ਗੋਬਰ ਦੇ ਠੋਸ ਬਾਲਣ ਵਿੱਚ ਨਾਰੀਅਲ ਦੇ ਛਿਲਕੇ ਨੂੰ ਮਿਲਾਉਣ ’ਤੇ ਵੀ ਕੰਮ ਕਰ ਰਹੇ ਹਾਂ। ਇਸ ਨਾਲ ਅਸੀਂ ਆਪਣੇ ਠੋਸ ਕੂੜੇ/ਰਹਿੰਦ-ਖੂੰਹਦ ਦੇ ਇਕ ਹੋਰ ਅਹਿਮ ਤੇ ਵੱਡੇ ਹਿੱਸੇ ਦਾ ਢੁਕਵਾਂ ਨਿਪਟਾਰਾ ਕਰਨ ਦੇ ਯੋਗ ਹੋਵਾਂਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ