ਆਦਰਸ਼ ਸਕੂਲਾਂ ਦੇ ਲੈਕਚਰਾਰਾਂ ਤੇ ਵਿਸ਼ਾ ਮਾਹਰਾਂ ਨਾਲ ਤਜਰਬੇ ਕੀਤੇ ਸਾਂਝੇ

ਨਬਜ਼-ਏ-ਪੰਜਾਬ, ਮੁਹਾਲੀ, 22 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਆਦਰਸ਼ ਸਕੂਲਾਂ ਦੇ ਪ੍ਰਿੰਸੀਪਲਾਂ, ਲੈਕਚਰਾਰਾਂ ਅਤੇ ਵਿਸ਼ਾ ਮਾਹਰਾਂ ਨੂੰ ਯੋਗਤਾ ਆਧਾਰਿਤ ਸਿੱਖਿਆ ਪ੍ਰਦਾਨ ਕਰਨ ਸਬੰਧੀ ਆਯੋਜਿਤ ਦੋ ਰੋਜ਼ਾ ਕਾਰਜਸ਼ਾਲਾ ਦੇ ਪਹਿਲੇ ਦਿਨ ਅਸਟ੍ਰੇਲੀਅਨ ਕੌਂਸਲ ਫਾਰ ਐਜੂਕੇਸ਼ਨ ਰਿਸਰਚ (ਏਸੀਈਆਰ) ਦੇ ਸੀਈਓ ਸਮੇਤ ਚਾਰ ਮਾਹਰਾਂ ਨੇ ਕੌਮਾਂਤਰੀ ਪੱਧਰ ਦੇ ਤਜਰਬੇ ਸਾਂਝੇ ਕੀਤੇ ਅਤੇ ਕਈ ਨਵੇਂ ਗੁਰ ਵੀ ਸਿਖਾਏ। ਕਾਰਜਸ਼ਾਲਾ ਦਾ ਉਦਘਾਟਨ ਸਕੂਲ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਕੀਤਾ। ਉਨ੍ਹਾਂ ਨੇ ਏਸੀਈਆਰ ਦੇ ਸੀਈਓ ਅਮਿਤ ਕੌਸ਼ਿਕ, ਖੋਜ ਨਿਰਦੇਸ਼ਕ ਡਾ. ਪ੍ਰਿਅੰਕਾ ਸ਼ਰਮਾ, ਸੀਨੀਅਰ ਰਿਸਰਚ ਫੈਲੋ ਨੀਲਮ ਯਾਦਵ ਅਤੇ ਰਿਸਰਚ ਫੈਲੋ ਅਸ਼ਟਮੂਰਤੀ ਕਿਲੀਮੰਗਲਮ ਦਾ ਨਿੱਘਾ ਸਵਾਗਤ ਕੀਤਾ।
ਅਮਿਤ ਕੌਸ਼ਿਕ ਨੇ ਦੱਸਿਆ ਕਿ ਲਗਪਗ ਇੱਕ ਸਦੀ ਪੁਰਾਣੀ ਇਹ ਸੰਸਥਾ ਕੌਮਾਂਤਰੀ ਪੱਧਰ ’ਤੇ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਨਾਲ ਸਬੰਧਤ ਯੋਜਨਾਵਾਂ ਲਾਗੂ ਕਰਨ ਅਤੇ ਸਹੀ ਮੁਲਾਂਕਣ ਦੇ ਢੰਗ-ਤਰੀਕਿਆਂ ਸਬੰਧੀ ਤਕਨੀਕੀ ਸਹਿਯੋਗ ਪ੍ਰਦਾਨ ਕਰਦੀ ਹੈ। ਉਨ੍ਹਾਂ ਸਾਰਕ ਦੇ ਦੇਸ਼ਾਂ ਵਿੱਚ ਕੀਤੇ ਕਾਰਜਾਂ ਦਾ ਹਵਾਲਾ ਦਿੰਦਿਆਂ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਪੰਜਾਬ ਬੋਰਡ ਨਾਲ ਕਾਰਜ ਕਰਨ ਦਾ ਉਨ੍ਹਾਂ ਨੂੰ ਇਹ ਨਿਵੇਕਲਾ ਮੌਕਾ ਮਿਲਿਆ ਹੈ। ਜਿਸ ਦੇ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ।
ਕਾਰਜਸ਼ਾਲਾ ਦੇ ਪਹਿਲੇ ਸੈਸ਼ਨ ਵਿੱਚ ਖੋਜ ਨਿਰਦੇਸ਼ਕ ਡਾ. ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਯੋਗਤਾ ਆਧਾਰਿਤ ਸਿੱਖਿਆ ਅਜਿਹਾ ਲਾਹੇਵੰਦ ਢੰਗ ਹੈ, ਜਿਸ ਦੇ ਸਿੱਟੇ ਵਜੋਂ ਆਸਟ੍ਰੇਲੀਆ ਵਿੱਚ ਕੋਵਿਡ-19 ਦੌਰਾਨ ਵੀ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਵਿੱਚ ਕੋਈ ਨੁਕਸਾਨ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲਾਗੂ ਹੋ ਰਹੀ ਨਵੀਂ ਸਿੱਖਿਆ ਨੀਤੀ ਵਿੱਚ ਇਸੇ ਵੰਨਗੀ ਦੀ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨੀਲਮ ਯਾਦਵ ਅਤੇ ਅਸ਼ਟਮੂਰਤੀ ਕਿਲੀਮੰਗਲਮ ਨੇ ਵੀ ਵੱਖ-ਵੱਖ ਸਿਖਲਾਈ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ।
ਇਸ ਕਾਰਜਸ਼ਾਲਾ ਵਿੱਚ ਸਿੱਖਿਆ ਬੋਰਡ ਦੇ ਸਾਰੇ ਆਦਰਸ਼ ਸਕੂਲਾਂ ਦੇ ਪ੍ਰਿੰਸੀਪਲ ਅਤੇ ਇੱਕ-ਇੱਕ ਲੈਕਚਰਾਰ ਮੌਜੂਦ ਸਨ। ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ, ਉਪ ਸਕੱਤਰ ਗੁਰਤੇਜ ਸਿੰਘ, ਗੁਰਮੀਤ ਕੌਰ, ਕਾਰਜਸ਼ਾਲਾ ਕੋ-ਆਰਡੀਨੇਟਰ ਉਪਨੀਤ ਕੌਰ ਗਰੇਵਾਲ, ਵਿਸ਼ਾ ਮਾਹਰ ਪ੍ਰਿਤਪਾਲ ਸਿੰਘ ਤੇ ਮਨਵਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…