Share on Facebook Share on Twitter Share on Google+ Share on Pinterest Share on Linkedin ਮੁਹਾਲੀ ਹਮਲਾ: ਕੈਨੇਡਾ ਆਧਾਰਿਤ ਅੱਤਵਾਦੀ ਲਖਬੀਰ ਲੰਡਾ ਦੀ ਜਾਇਦਾਦ ਕੀਤੀ ਅਟੈਚ ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ: ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਪਿਛਲੇ ਸਾਲ ਹੋਏ ਰਾਕੇਟ ਪ੍ਰੋਪੇਲਡ ਗਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਨਾਮਜ਼ਦ ਕੈਨੇਡਾ ਆਧਾਰਿਤ ਅਤਿਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦੀ ਜਾਇਦਾਦ ਅਟੈਚ ਕੀਤੀ ਗਈ ਹੈ। 9 ਮਈ 2022 ਨੂੰ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਦੇਰ ਸ਼ਾਮ ਆਰਪੀਜੀ ਹਮਲਾ ਕਰਕੇ ਪੁਲੀਸ ਤੰਤਰ ਨੂੰ ਲਲਕਾਰਿਆ ਗਿਆ ਸੀ। ਇਸ ਸਬੰਧੀ ਇੱਥੋਂ ਦੇ ਸੋਹਾਣਾ ਥਾਣੇ ਵਿੱਚ ਲੰਡਾ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਸ ਬਹੁਚਰਚਿਤ ਕੇਸ ਦੀ ਮੁਹਾਲੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਉਧਰ, ਕੇਂਦਰ ਸਰਕਾਰ ਦੇ ਹੁਕਮਾਂ ’ਤੇ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਵੀ ਇਸ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਅਤੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਲਖਬੀਰ ਸਿੰਘ ਲੰਡਾ ਦੇ ਨਾਮ ’ਤੇ ਪਿੰਡ ਕੀੜੀਆਂ (ਤਰਨਤਾਰਨ) ਵਿੱਚ ਚਾਰ ਕਨਾਲ ਜ਼ਮੀਨ ਦਾ ਪਤਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਨਾਂ ਇਹ ਜ਼ਮੀਨ ਪੁਲੀਸ ਨੇ ਕੇਸ ਪ੍ਰਾਪਰਟੀ ਵਜੋਂ ਅਟੈਚ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਅਤੇ ਅਦਾਲਤ ਵੱਲੋਂ ਉਕਤ ਪ੍ਰਾਪਰਟੀ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ’ਤੇ ਮੁਲਜ਼ਮ ਲੰਡਾ ਦੀ ਉਕਤ ਸਾਰੀ ਸੰਪਤੀ ਕੇਸ ਨਾਲ ਅਟੈਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਹੁਣ ਤੱਕ 11 ਮੁਲਜ਼ਮਾਂ ਨੂੰ ਜਿਨ੍ਹਾਂ ਵਿੱਚ ਲਖਬੀਰ ਲੰਡਾ ਦੇ ਨਜ਼ਦੀਕੀ ਸਾਥੀ ਗੁਰਪਿੰਦਰ ਸਿੰਘ ਉਰਫ਼ ਪਿੰਦੂ ਵਾਸੀ ਪਿੰਡ ਭੂਰਾ ਕੋਨਾ (ਖੇਮਕਰਨ) ਸਮੇਤ ਚੜ੍ਹਤ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਬਾਠ, ਅਨੰਤਦੀਪ ਸਿੰਘ ਸੋਨੂ, ਬਲਜੀਤ ਕੌਰ ਸੁੱਖੀ, ਲਵਪ੍ਰੀਤ ਸਿੰਘ ਵਿੱਕੀ, ਦੀਪਕ ਕੁਮਾਰ ਸਮੇਤ ਇੱਕ ਬਾਲ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗੈਂਗਸਟਰ ਲਾਰੈਂਸ ਬਿਸਨੋਈ ਅਤੇ ਉਸ ਦੇ ਗੁਰਗਿਆਂ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਕੈਨੇਡਾ ਵਿੱਚ ਛੁਪ ਕੇ ਬੈਠਾ ਹੈ। ਉਸ ਦੇ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ ਕਰਨ ਤੋਂ ਬਾਅਦ ਪੁਲੀਸ ਦੀ ਅਪੀਲ ’ਤੇ ਮੁਹਾਲੀ ਅਦਾਲਤ ਵੱਲੋਂ ਉਸ (ਲੰਡਾ) ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਯਤਨਸ਼ੀਲ ਹੈ। ਜ਼ਿਕਰਯੋਗ ਹੈ ਕਿ ਗੁਰਪਿੰਦਰ ਸਿੰਘ ਉਰਫ਼ ਪਿੰਦੂ, ਮੁਲਜ਼ਮ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਦੇ ਲਗਾਤਾਰ ਸੰਪਰਕ ਵਿੱਚ ਸੀ। 25 ਅਪਰੈਲ 2022 ਨੂੰ ਮੁਲਜ਼ਮ ਚੜ੍ਹਤ ਸਿੰਘ, ਨਿਸ਼ਾਨ ਸਿੰਘ ਅਤੇ ਬਲਜਿੰਦਰ ਰੈਂਬੋ ਆਰਪੀਜੀ ਅਤੇ ਅਸਾਲਟ ਰਾਈਫਲ ਦੀ ਖੇਪ ਤਰਨਤਾਰਨ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ। ਇਸ ਖੇਪ ਨੂੰ ਅੰਮ੍ਰਿਤਸਰ ਦੇ ਅਲਫਾ ਮਾਲ ਨੇੜੇ ਪਿੰਦੂ ਦੇ ਘਰ ਰੱਖਿਆ ਗਿਆ ਸੀ। ਇਹੀ ਨਹੀਂ ਮੁਲਜ਼ਮ ਨੇ ਉਸੇ ਰਾਤ ਦੋਵਾਂ ਸ਼ੂਟਰਾਂ ਦੀਪਕ ਅਤੇ ਇੱਕ ਨਾਬਾਲਗ ਨੂੰ ਆਪਣੇ ਘਰ ਵਿੱਚ ਪਨਾਹ ਵੀ ਦਿੱਤੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ