ਰਿਆਤ-ਬਾਹਰਾ ਯੂਨੀਵਰਸਿਟੀ: ਲਾਅ ਦੇ ਵਿਦਿਆਰਥੀਆਂ ਨੂੰ ‘ਕਾਨੂੰਨ ਦਾ ਪਾਠ’ ਪੜ੍ਹਾਇਆ

ਰਾਜ ਸਭਾ ਦੇ ਸਾਬਕਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਨਿੱਜੀ ਤਜਰਬੇ ਕੀਤੇ ਸਾਂਝੇ

ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅੱਜ ਇੱਥੇ ਕੇਂਦਰ ਸਰਕਾਰ ਵੱਲੋਂ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਐਵੀਡੈਂਸ ਐਕਟ ਵਿੱਚ ਪ੍ਰਸਤਾਵਿਤ ਤਬਦੀਲੀਆਂ ਦੀ ਸ਼ਲਾਘਾ ਕੀਤੀ। ਅਵਿਨਾਸ਼ ਰਾਏ ਖੰਨਾ, ਜੋ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਉਪ-ਚੇਅਰਮੈਨ ਹਨ, ਅੱਜ ਇੱਥੇ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਕ ਵਕੀਲ ਵਜੋਂ ਪ੍ਰੈਕਟਿਸ ਕਰ ਚੁੱਕੇ ਸ੍ਰੀ ਖੰਨਾ ਨੇ ਆਪਣੇ ਨਿੱਜੀ ਤਜ਼ੁਰਬੇ ਤੋਂ ਉਦਾਹਰਣਾਂ ਦਿੱਤੀਆਂ ਕਿ ਕਿਵੇਂ ਲੋਕ ਸਹੁੰ ਖਾ ਕੇ ਵੀ ਅਦਾਲਤ ਵਿੱਚ ਗਲਤ ਬਿਆਨਬਾਜ਼ੀ ਕਰਕੇ ਭੱਜ ਜਾਂਦੇ ਹਨ ਅਤੇ ਜੇਕਰ ਦੋਸ਼ੀ ਬਰੀ ਹੋ ਜਾਂਦਾ ਹੈ ਤਾਂ ਗਲਤ ਬਿਆਨਬਾਜ਼ੀ ਕਰਨ ਵਾਲੇ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਇੰਡੀਅਨ ਪੀਨਲ ਕੋਡ, ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਐਵੀਡੈਂਸ ਐਕਟ ਬਸਤੀਵਾਦੀ ਸ਼ਾਸਨ ਦੌਰਾਨ ਲਾਗੂ ਕੀਤੇ ਗਏ ਸਨ ਅਤੇ ਦਹਾਕਿਆਂ ਤੋਂ ਪ੍ਰਸੰਗਿਕਤਾ ਗੁਆ ਚੁੱਕੇ ਸਨ ਅਤੇ ਜ਼ਮੀਨੀ ਸਥਿਤੀ ਅਤੇ ਭਾਰਤੀ ਦ੍ਰਿਸ਼ਾ ਦੇ ਅਨੁਸਾਰ ਮੁੜ ਵਿਚਾਰ ਕਰਨ ਅਤੇ ਸੋਧੇ ਜਾਣ ਦੀ ਲੋੜ ਸੀ। ਸ੍ਰੀ ਖੰਨਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਗ੍ਰਹਿ ਮੰਤਰੀ ਵੱਲੋਂ ਇੰਡੀਅਨ ਪੀਨਲ ਕੋਡ, ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਐਵੀਡੈਂਸ ਐਕਟ ਵਿੱਚ ਸੁਧਾਰ ਅਤੇ ਸੋਧ ਕਰਨ ਦੀ ਪਹਿਲਕਦਮੀ ਕੀਤੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਸੋਧਾਂ ਬਾਰੇ ਆਪਣੇ ਸੁਝਾਅ ਭੇਜਣ ਲਈ ਕਿਹਾ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ’ਤੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਆਪਣੇ ਸੰਬੋਧਨ ਤੋਂ ਬਾਅਦ ਇੱਕ ਇੰਟਰੈਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਤੋਂ ਪਹਿਲਾਂ ਸ੍ਰੀ ਖੰਨਾ ਦਾ ਕੈਂਪਸ ਪਹੁੰਚਣ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਿਭਾਗ ਮੁਖੀ ਪ੍ਰੋ. ਐਮਐਸ ਬੈਂਸ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…