‘‘ਸਾਨੂੰ ਨਹੀਂ ਧਾਰਾ 144 ਦੀ ਕੋਈ ਪ੍ਰਵਾਹ’’, ਡੀਸੀ ਦਫ਼ਤਰ ਦੇ ਬਾਹਰ ਗਰਜੇ ਪੀੜਤ ਪਰਿਵਾਰ

ਇਨਸਾਫ਼ ਲਈ ਮੁੜ ਸੜਕਾਂ ’ਤੇ ਉਤਰੇ ਪੀੜਤ ਪਰਿਵਾਰ, ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ

ਨਬਜ਼-ਏ-ਪੰਜਾਬ, ਮੁਹਾਲੀ, 10 ਅਕਤੂਬਰ:
ਇਨਸਾਫ਼ ਲਈ ਸਰਕਾਰੀ ਦਫ਼ਤਰਾਂ ਅਤੇ ਪੁਲੀਸ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਇਲਾਕੇ ਦੇ ਪੀੜਤ ਪਰਿਵਾਰ ਦੁਬਾਰਾ ਸੜਕਾਂ ’ਤੇ ਉਤਰ ਆਏ ਹਨ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਅੱਜ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਪੀੜਤ ਪਰਿਵਾਰਾਂ ਨੇ ਪੰਜਾਬ ਦੀ ਆਪ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ।
ਪੀੜਤ ਵਿਅਕਤੀਆਂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪ੍ਰੰਤੂ ਹੁਣ ਤੱਕ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਪਿੰਡ ਕੁੰਭੜਾ ਤੇ ਹੋਰਨਾਂ ਪਿੰਡਾਂ ਦੀਆਂ ਬੀਬੀਆਂ ਨੇ ਦੱਸਿਆ ਕਿ ਹੜਾਂ ਦੌਰਾਨ ਉਨ੍ਹਾਂ ਦੇ ਘਰ ਢਹਿ ਗਏ ਸਨ ਲੇਕਿਨ ਹੁਣ ਤੱਕ ਸਰਕਾਰ ਨੇ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ। ਪੀੜਤ ਪਰਿਵਾਰਾਂ ਨੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਇਨਸਾਫ਼ ਦੀ ਗੁਹਾਰ ਲਗਾਈ।
ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਤੇ 100 ਮੀਟਰ ਦੇ ਘੇਰੇ ਵਿੱਚ ਰੋਸ ਧਰਨੇ ਅਤੇ ਰੈਲੀਆਂ ਕਰਨ ਉੱਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਪ੍ਰੰਤੂ ਇਸ ਦੇ ਬਾਵਜੂਦ ਪੀੜਤ ਪਰਿਵਾਰਾਂ ਨੇ ਰਾਧਾ ਸੁਆਮੀ ਸਤਿਸੰਗ ਘਰ ਦੇ ਨੇੜਿਓਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਅਤੇ ਕੁੱਝ ਸਮਾਂ ਡੀਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਖੜੇ ਹੋ ਕੇ ਨਾਅਰੇਬਾਜ਼ੀ ਕੀਤੀ। ਪੀੜਤ ਵਿਅਕਤੀਆਂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪ੍ਰੰਤੂ ਹੁਣ ਤੱਕ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।
ਹਰਜਿੰਦਰ ਸਿੰਘ ਵਾਸੀ ਮਦਨਹੇੜੀ ਨੇ ਕਿਹਾ ਕਿ ਟਰੈਵਲ ਏਜੰਟ ਨੇ ਉਸ ਦੇ ਬੇਟੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 32 ਲੱਖ ਰੁਪਏ ਠੱਗ ਲਏ। ਪੁਲੀਸ ਨੇ ਪਰਚਾ ਤਾਂ ਦਰਜ ਕਰ ਲਿਆ ਪਰ ਅਸਲ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਬਲਵਿੰਦਰ ਸਿੰਘ ਕੁੰਭੜਾ ਨੇ ਇੱਕ ਹੋਰ ਟਰੈਵਲ ਏਜੰਟ ਦੀ ਧੋਖਾਧੜੀ ਬਾਰੇ ਕਿਹਾ ਕਿ ਕੇਸ ਦਰਜ ਹੋਏ 10 ਮਹੀਨੇ ਬੀਤ ਗਏ ਪ੍ਰੰਤੂ ਪੁਲੀਸ ਚਲਾਨ ਪੇਸ਼ ਨਹੀਂ ਕਰ ਰਹੀ। ਇੰਜ ਹੀ ਉਹ ਇੱਕ ਥਾਣੇਦਾਰ ਕਾਰਵਾਈ ਦੀ ਮੰਗ ਨੂੰ ਲੈ ਕੇ 9 ਸਾਲ ਤੋਂ ਖੱਜਲ-ਖੁਆਰ ਹੋ ਰਿਹਾ ਹੈ। ਵਿਧਵਾ ਭੁਪਿੰਦਰ ਕੌਰ ਅਤੇ ਸੋਨੀਆ ਰਾਣੀ ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਸਾਤ ਕਾਰਨ ਉਨ੍ਹਾਂ ਦੇ ਮਕਾਨ ਢਹਿ ਗਏ ਸੀ ਲੇਕਿਨ ਹੁਣ ਤੱਕ ਸਰਕਾਰ ਨੇ ਇੱਕ ਧੇਲਾ ਨਹੀਂ ਦਿੱਤਾ। ਉਹ ਨਗਰ ਨਿਗਮ ਦਫ਼ਤਰ ਵਿੱਚ ਗੇੜੇ ਮਾਰ ਕੇ ਥੱਕ ਚੁੱਕੀਆਂ ਹਨ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਕਾਰਵਾਈ ਤੋਂ ਡਰਦੇ ਅਧਿਕਾਰੀ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਵੀ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸਬੰਧੀ ਐੱਸਐੱਸਪੀ ਅਤੇ ਡੀਸੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਨੇ ਬੂਹੇ ਭੇੜ ਲਏ। ਜਿਸ ਕਾਰਨ ਅੱਜ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਡੀਐਸਪੀ ਹਰਸਿਮਰਨ ਸਿੰਘ ਬੱਲ ਦਾ ਕਹਿਣਾ ਹੈ ਕਿ ਬਲਵਿੰਦਰ ਕੁੰਭੜਾ ਅਤੇ ਹੋਰਨਾਂ ਵਿਅਕਤੀਆਂ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਨੂੰ ਛਿੱਕੇ ’ਤੇ ਟੰਗ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਦੋਂਕਿ ਡੀਸੀ ਦਫ਼ਤਰ ਤੋਂ 100 ਮੀਟਰ ਦੇ ਘੇਰੇ ਵਿੱਚ ਰੋਸ ਧਰਨੇ ਅਤੇ ਰੈਲੀਆਂ ਕਰਨ ’ਤੇ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ਼ਵਿੰਦਰ ਸਿੰਘ ਲੱਖੋਵਾਲ, ਜਗਰੂਪ ਸਿੰਘ, ਗੁਰਕ੍ਰਿਪਾਲ ਸਿੰਘ, ਸੁਰਿੰਦਰ ਸਿੰਘ ਕੰਡਾਲਾ, ਸੁਖਦਰਸ਼ਨ ਸਿੰਘ, ਗੁਰਪਿੰਦਰ ਸਿੰਘ ਅਤੇ ਹੋਰ ਪੀੜਤ ਪਰਿਵਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…