ਵੇਰਕਾ ਮਿਲਕ ਤੇ ਕੈਟਲਫੀਡ ਪਲਾਂਟ ਆਊਟਸੋਰਸ ਕਰਮਚਾਰੀ ਸੜਕਾਂ ’ਤੇ ਉਤਰੇ

ਵੇਰਕਾ ਮਿਲਕ ਪਲਾਂਟ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ, ਸਰਕਾਰ ਤੇ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਵੇਰਕਾ ਮਿਲਕ ਤੇ ਕੈਟਲ-ਫੀਡ ਪਲਾਂਟ ਆਊਟਸੋਰਸ ਕਰਮਚਾਰੀ ਵੀ ਹੁਣ ਸੜਕਾਂ ’ਤੇ ਉਤਰੇ ਆਏ ਹਨ। ਜਥੇਬੰਦੀ ਦੀ ਅਪੀਲ ’ਤੇ ਅੱਜ ਆਊਟਸੋਰਸ ਕਰਮਚਾਰੀਆਂ ਨੇ ਵੇਰਕ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਸੂਬਾ ਸਰਕਾਰ ਤੇ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ। ਮੁਹਾਲੀ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਪ੍ਰਤੀਕ ਜੈਨ, ਮਹਿਲਾ ਆਗੂ ਨਵਰੀਤ ਕੌਰ ਅਤੇ ਨਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਵੱਲੋਂ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਜਾਣਬੁੱਝ ਕੇ ਦੂਰਦੁਰਾਡੇ ਬਦਲੀਆਂ ਦਾ ਸਿਲਸਿਲਾ ਜਾਰੀ ਹੈ। ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਮਿਲਕਫੈੱਡ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਲੇਕਿਨ ਹੁਣ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ। ਜਿਸ ਕਾਰਨ ਅੱਜ ਸਾਰੇ ਆਊਟਸੋਰਸ ਕਰਮਚਾਰੀਆਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਸਿਰ ਮੈਨੇਜਿੰਗ ਡਾਇਰੈਕਟਰ ਨਾਲ ਹੋਈਆਂ ਮੀਟਿੰਗਾਂ ਦੌਰਾਨ ਆਊਟਸੋਰਸ ਕਰਮਚਾਰੀਆਂ ਦੀਆਂ ਵੱਖ-ਵੱਖ ਮੰਗਾਂ ਹੱਲ ਕਰਨ ਸਬੰਧੀ ਸਹਿਮਤੀ ਬਣੀ ਸੀ ਪਰ ਬਾਅਦ ਵਿੱਚ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਹੀ ਨਹੀਂ ਮੁੱਖ ਮੰਤਰੀ ਵੱਲੋਂ ਪੜਾਅਵਾਰ ਹੋਰਨਾਂ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾ ਰਹੇ ਹਨ ਪਰ ਵੇਰਕਾ ਮਿਲਕ ਅਤੇ ਕੈਟਲਫੀਡ ਆਊਟਸੋਰਸ ਕਰਮਚਾਰੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਮਹਿਲਾ ਆਗੂ ਨਵਰੀਤ ਕੌਰ ਨੇ ਕਿਹਾ ਕਿ ਉਹ ਬਹੁਤ ਹੀ ਨਿਗੂਣੀਆਂ ਜਿਹੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਜਿਸ ਨਾਲ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ ਹਨ। ਹੋਰਨਾਂ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਵੱਡੇ ਪੱਧਰ ’ਤੇ ਲੜੀਵਾਰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਅਤੇ ਮੈਨੇਜਮੈਂਟ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…