ਐਸਵਾਈਐਲ ਦੇ ਮੁੱਦੇ ’ਤੇ ਬਹਿਸ ਵਿੱਚ ਸ਼ਾਮਲ ਨਹੀਂ ਹੋਵੇਗਾ ‘ਅਕਾਲੀ ਦਲ’: ਚੰਦੂਮਾਜਰਾ

ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬੀਆਂ ਨੂੰ ਆਪਸ ’ਚ ਲੜਾਉਣ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣਨ ਭਗਵੰਤ ਮਾਨ

ਨਬਜ਼-ਏ-ਪੰਜਾਬ, ਮੁਹਾਲੀ, 13 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪੱਸ਼ਟ ਕੀਤਾ ਹੈ ਕਿ ਐਸਵਾਈਐਲ ਨਹਿਰ ਦੇ ਮੁੱਦੇ ’ਤੇ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਬਹਿਸ ਵਿੱਚ ਉਨ੍ਹਾਂ ਦੀ ਪਾਰਟੀ (ਅਕਾਲੀ ਦਲ) ਸ਼ਾਮਲ ਨਹੀਂ ਹੋਵੇਗੀ। ਅੱਜ ਇੱਥੇ ਯੂਥ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ ਦੇ ਨਿਵਾਸ ’ਤੇ ਪੱਤਰਕਾਰ ਸੰਮੇਲਨ ਦੌਰਾਨ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਵਾਸੀਆਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਦਾ ਹਿੱਸਾ ਬਣ ਕੇ ਰਹਿ ਗਏ ਹਨ। ਇਸ ਦੇ ਚੱਲਦਿਆਂ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਐਸਵਾਈਐਲ ਦੇ ਮੁੱਦੇ ’ਤੇ ਹੋਣ ਵਾਲੀ ਬਹਿਸ ਨੂੰ ਮਹਿਜ਼ ਡਰਾਮੇਬਾਜ਼ੀ ਦੱਸਦਿਆਂ ਕਿਹਾ ਕਿ ਇਸ ਮੰਚ ’ਤੇ ਪੰਜਾਬ ਦੇ ਹੱਕ ਵਿੱਚ ਕੋਈ ਸਾਰਥਿਕ ਗੱਲ ਹੋਣ ਦੀ ਸੰਭਾਵਨਾ ਨਹੀਂ ਹੈ। ਲਿਹਾਜ਼ਾ ਸ਼੍ਰੋਮਣੀ ਅਕਾਲੀ ਦਲ ਇਸ ਮੀਟਿੰਗ ਵਿੱਚ ਭਾਗ ਨਹੀਂ ਲਏਗਾ। ਉਨ੍ਹਾਂ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਇਸ ਸਾਜ਼ਿਸ਼ ਦਾ ਹਿੱਸਾ ਨਾ ਬਣਨ ਤਾਂ ਇਹ ਪੰਜਾਬ ਤੇ ਪੰਜਾਬੀਆਂ ਲਈ ਚੰਗਾ ਹੋਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ’ਤੇ ਸਰਕਾਰ ਨੂੰ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਅਤੇ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬ ਦੇ ਪਾਣੀਆਂ ’ਤੇ ਪੈਣ ਵਾਲੇ ਡਾਕੇ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ ਪ੍ਰੰਤੂ ਸਰਕਾਰ ਇਸ ਮੁੱਦੇ ’ਤੇ ਹੋਰਨਾਂ ਪਾਰਟੀਆਂ ਦੇ ਨਾਲ ਮਿਹਣੋ-ਮਿਹਣੀ ਹੋ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਨੂੰ ਵਧੇਰੇ ਤਵੱਜੋ ਦੇ ਰਹੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਭਗਵੰਤ ਮਾਨ ਨੇ ਕੇਜਰੀਵਾਲ ਦਾ ਮੋਹਰਾ ਬਣ ਕੇ ਪੰਜਾਬੀਆਂ ਦੀ ਏਕਤਾ, ਇੱਕਜੱੁਟਤਾ ਨੂੰ ਲੀਰੋ-ਲੀਰ ਕਰਕੇ ਪੰਜਾਬ ਦੇ ਹਿੱਤਾਂ ਦਾ ਘਾਣ ਕਰਨ ਦਾ ਰਾਹ ਫੜ ਲਿਆ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਇਸ ਮੁੱਦੇ ’ਤੇ ਬਹਿਸ ਕਰਵਾਉਣ ਦੀ ਥਾਂ ਇਹ ਦੱਸਣ ਕਿ ਸੁਪਰੀਮ ਕੋਰਟ ਵਿੱਚ ਐਸਵਾਈਐਲ ਕੇਸ ਦੀ ਸੁਣਵਾਈ ਦੌਰਾਨ ਬਹਿਸ ਕਿਉਂ ਨਹੀਂ ਕੀਤੀ ਅਤੇ ਸਰਕਾਰ ਨੇ ਐਡਵੋਕੇਟ ਜਨਰਲ ਨੂੰ ਕਿਉਂ ਘਰ ਤੋਰ ਦਿੱਤਾ?
ਚੰਦੂਮਾਜਰਾ ਨੇ ਕਿਹਾ ਕਿ ਜਦੋਂ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਆਪਣੇ ਪੱਖ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਦਾ ਪੱਖ ਜਾਣਨ ਲਈ ਉਨ੍ਹਾਂ (ਭਗਵੰਤ ਮਾਨ) ਦੀ ਰਿਹਾਇਸ਼ ’ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਪਹਿਲਾਂ ਹੀ ਪੰਜਾਬ ਤੋਂ ਬਾਹਰ ਭੱਜ ਗਏ ਅਤੇ ਅਕਾਲੀ ਦਲ ਨੂੰ ਰੋਕਣ ਲਈ ਪੁਲੀਸ ਪਿੱਛੇ ਲਗਾ ਦਿੱਤੀ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 1 ਨਵੰਬਰ ਨੂੰ ਕੇਂਦਰ ਸਰਕਾਰ ਦੀ ਸਰਵੇ ਟੀਮ ਐਸਵਾਈਐਲ ਦਾ ਦੌਰਾ ਕਰਨ ਆ ਰਹੀ ਹੈ। ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਸਰਵੇ ਟੀਮ ਨੂੰ ਪੰਜਾਬ ਦੀ ਧਰਤੀ ’ਤੇ ਪੈਰ ਰੱਖਣ ਨਹੀਂ ਦੇਵੇਗਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵੱਲੋਂ ਵਰਕਰਾਂ ਦੇ ਉਡਣ ਦਸਤੇ ਤਿਆਰ ਕੀਤੇ ਗਏ ਹਨ, ਜੋ ਕੀਰਤਪੁਰ ਸਾਹਿਬ ਨੇੜੇ (ਐਸਵਾਈਐਲ ਸ਼ੁਰੂ ਹੋਣ ਵਾਲੀ ਥਾਂ) ਅਤੇ ਕਪੂਰੀ (ਜਿੱਥੇ ਇਸ ਨਹਿਰ ਦਾ ਪੰਜਾਬ ਦਾ ਖੇਤਰ ਖ਼ਤਮ ਹੁੰਦਾ ਹੈ) ਵਿਖੇ ਤਾਇਨਾਤ ਰਹਿਣਗੇ ਅਤੇ ਕੇਂਦਰੀ ਟੀਮਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ’ਤੇ ਡਾਕਾ ਨਹੀਂ ਮਾਰਨ ਦੇਵੇਗਾ ਅਤੇ ਇਸਦੇ ਖ਼ਿਲਾਫ਼ ਜੋ ਵੀ ਪੈਰਵਾਈ ਅਤੇ ਯੋਗ ਕਾਰਵਾਈ ਜਾਂ ਕਾਨੂੰਨੀ ਚਾਰਾਜੋਈ ਕਰਨੀ ਪਈ, ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਅਪੀਲ ਕਰਦਾ ਹੈ ਕਿ ਜਿਸ ਤਰੀਕੇ ਨਾਲ 1982 ਵਿੱਚ ਕਾਂਗਰਸ ਤੋਂ ਇਲਾਵਾ ਸਮੂਹ ਪੰਜਾਬੀਆਂ ਵੱਲੋਂ ਇਸ ਅਹਿਮ ਮੁੱਦੇ ’ਤੇ ਮੋਰਚਾ ਲਗਾਇਆ ਸੀ, ਠੀਕ ਉਸੇ ਤਰ੍ਹਾਂ ਹੁਣ ਇੱਕ ਵਾਰ ਫਿਰ ਇਤਿਹਾਸ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਾਂਝੀ ਲੜਾਈ ਲੜੀ ਜਾਵੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸੀਨੀਅਰ ਯੂਥ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ, ਸਿਮਰਨਜੋਤ ਸਿੰਘ ਵਾਲੀਆਂ, ਅਮਨ ਪੂਨੀਆ, ਪ੍ਰੀਤ ਰਾਠੌਰ ਅਤੇ ਹੋਰ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…