ਪੰਚਮ ਸੁਸਾਇਟੀ ਦੇ ਫਲੈਟ ਮਾਲਕਾਂ ਨੂੰ ਨਹੀਂ ਮਿਲਿਆ ਮਾਲਕੀ ਦਾ ਹੱਕ, ਸੰਘਰਸ਼ ਵਿੱਢਣ ਦੀ ਤਿਆਰੀ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਦੇ ਸੀਏ ਨੂੰ ਜਾਇਜ਼ਾ ਲੈਣ ਤੇ ਰਿਵਿਊ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 14 ਅਕਤੂਬਰ:
ਪੰਚਮ ਸੁਸਾਇਟੀ ਸੈਕਟਰ-68 ਦੇ ਵਸਨੀਕਾਂ ਲਈ ਆਪਣੇ ਫਲੈਟਾਂ ਦੀ ਮਾਲਕੀ ਦਾ ਹੱਕ ਲੈਣ ਲਈ ਉਡੀਕ ਲੰਮੀ ਹੁੰਦੀ ਜਾ ਰਹੀ ਹੈ। ਸਾਬਕਾ ਕੌਂਸਲਰ ਜਸਵੀਰ ਕੌਰ ਅੱਤਲੀ ਸਮੇਤ ਸਥਾਨਕ ਵਸਨੀਕਾਂ ਏਕੇ ਮਲੇਰੀ, ਡੀਪੀ ਸਿੰਘ, ਜਸਬੀਰ ਸਿੰਘ, ਸੰਜੇ ਠਾਕੁਰ, ਅਨੂਪ ਪ੍ਰਸਾਦ, ਬਖ਼ਸ਼ੀਸ਼ ਸਿੰਘ, ਹਰਭਜਨ ਸਿੰਘ, ਧਰਮ ਸਿੰਘ ਮੁੰਡੀ, ਤਰਲੋਚਨ ਸਿੰਘ, ਪ੍ਰਿਤਪਾਲ ਸਿੰਘ, ਰਜਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੁਸਾਇਟੀ ਵਿੱਚ ਰਹਿ ਰਹੇ ਸੈਂਕੜੇ ਲੋਕਾਂ ਨੂੰ ਪਿਛਲੇ 15 ਸਾਲਾਂ ਤੋਂ ਮਾਲਕੀ ਹੱਕ ਨਹੀਂ ਮਿਲਿਆ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਉਕਤ ਵਿਅਕਤੀਆਂ ਨੇ ਇਕਸੁਰ ਵਿੱਚ ਕਿਹਾ ਕਿ ਸਥਾਨਕ ਲੋਕ ਸਮੇਂ ਦੀਆਂ ਸਰਕਾਰਾਂ ਅਤੇ ਸਬੰਧਤ ਵਿਭਾਗਾਂ ਨਾਲ ਚਿੱਠੀ ਪੱਤਰ ਅਤੇ ਤਾਲਮੇਲ ਕਰਦੇ ਆ ਰਹੇ ਹਨ ਪ੍ਰੰਤੂ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਹੁਣ ਇਸ ਮਾਮਲੇ ਵਿੱਚ ਢੁਕਵੀਂ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਕਰਕੇ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਸੁਸਾਇਟੀ ਦੇ ਵਸਨੀਕ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਪੰਚਮ ਸੁਸਾਇਟੀ ਵਿੱਚ 448 ਘਰ ਹਨ। ਗਮਾਡਾ ਨਾਲ ਚੱਲ ਰਹੇ ਜ਼ਮੀਨ ਦੇ ਮਸਲੇ ਦੇ ਹੱਲ ਲਈ ਪੀੜਤ ਲੋਕਾਂ ਵੱਲੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਜਾਇਜ਼ਾ ਲੈਣ ਅਤੇ ਰਿਵਿਊ ਕਰਨ ਦੇ ਹੁਕਮ ਦਿੱਤੇ ਹਨ।
ਉਧਰ, ਦੂਜੇ ਪਾਸੇ ਇਲਾਕੇ ਦੇ ਕੌਂਸਲਰ ਵਿਨੀਤ ਮਲਿਕ ਨੇ ਕਿਹਾ ਕਿ ਫਲੈਟਾਂ ਦੀ ਮਾਲਕੀ ਸਬੰਧੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਫ਼ੈਸਲਾ ਹੋ ਗਿਆ ਸੀ ਅਤੇ ਸੁਸਾਇਟੀ ਦੇ ਕਰੀਬ 300 ਫਲੈਟ ਮਾਲਕਾਂ ਨੇ ਗਮਾਡਾ ਨੂੰ ਲਿਖਤੀ ਰੂਪ ਵਿੱਚ ਅੰਡਰਟੇਕਿੰਗ ਵੀ ਦਿੱਤੀ ਹੋਈ ਸੀ ਕਿ ਉਹ ਬਣਦੇ ਪੈਸੇ ਜਮ੍ਹਾਂ ਕਰਵਾਉਣ ਲਈ ਤਿਆਰ ਹਨ ਪ੍ਰੰਤੂ ਗਮਾਡਾ ਪੈਸੇ ਲੈਣ ਤੋਂ ਇਨਕਾਰੀ ਹੈ, ਜਿਸ ਕਾਰਨ ਇਹ ਮਾਮਲਾ ਲਮਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਸਰਕਾਰ ’ਤੇ ਦਬਾਅ ਪਾ ਕੇ ਪੈਸੇ ਜਮ੍ਹਾਂ ਕਰਵਾਉਣ ਦਾ ਅਮਲ ਸ਼ੁਰੂ ਕਰਵਾਉਣ ਤਾਂ ਜੋ ਇਸ ਮਸਲੇ ਦਾ ਪੱਕਾ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…