ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ

16 ਲੱਖ ਰੁਪਏ ਦੀ ਵੇਚੀ ਪਰਾਲੀ, ਹੋਰਨਾਂ ਲਈ ਮਿਸਾਲ ਬਣਿਆ ਕਿਸਾਨ ਗੁਰਪ੍ਰੀਤ ਸਿੰਘ

ਮੌਜੂਦਾ ਸੀਜ਼ਨ ਵਿੱਚ ਪਰਾਲੀ ਵੇਚ ਕੇ ਇਕ ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ

ਗੁਰਪ੍ਰੀਤ ਸਿੰਘ ਤੋਂ ਬਾਕੀ ਕਿਸਾਨ ਵੀ ਸੇਧ ਲੈਣ- ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਅਪੀਲ

ਚੰਡੀਗੜ੍ਹ, 15 ਅਕਤੂਬਰ:
ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਿਰੋਜ਼ਪੁਰ ਕੁਠਾਲਾ ਦਾ 26 ਸਾਲਾ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਝੋਨੇ ਦੀ ਪਰਾਲੀ ਤੋਂ ਚੰਗੀ ਕਮਾਈ ਕਰ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਜ਼ਿਆਦਾਤਰ ਕਿਸਾਨ ਬੋਝ ਸਮਝਦੇ ਹਨ, ਜਦੋਂ ਕਿ ਕਿਸਾਨ ਗੁਰਪ੍ਰੀਤ ਸਿੰਘ ਨੇ ਮੌਕੇ ਦਾ ਭਰਪੂਰ ਲਾਹਾ ਲੈਂਦਿਆਂ ਇਸ ਨੂੰ ਆਪਣੀ ਕਮਾਈ ਦਾ ਸਾਧਨ ਬਣਾਇਆ।
ਉਸ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ ‘ਤੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਜਿਵੇਂ ਸਟਰਾਅ ਰੇਕ ਅਤੇ ਬੇਲਰ ਖਰੀਦ ਕੇ ਮੌਕੇ ਦਾ ਪੂਰਾ ਲਾਭ ਉਠਾਇਆ। ਇਹ ਅਗਾਂਹਵਧੂ ਕਿਸਾਨ 12ਵੀਂ ਪਾਸ ਹੈ ਅਤੇ ਉਹ 40 ਏਕੜ ਜ਼ਮੀਨ ‘ਤੇ ਖੇਤੀ ਕਰਦਾ ਹੈ ਜਿਸ ਵਿਚ 10 ਏਕੜ ਉਸਦੇ ਆਪਣੇ ਜਦੋਂਕਿ 30 ਏਕੜ ਠੇਕੇ ਉੱਤੇ ਹੈ। ਉਸ ਨੇ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨਾਲ ਇਕਰਾਰਨਾਮਾ ਕਰਕੇ ਪਿਛਲੇ ਸਾਲ 12000 ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਕਰਕੇ ਲਗਭਗ 16 ਲੱਖ ਰੁਪਏ ਕਮਾਏ ਸਨ।

ਹੁਣ ਇਸ ਨੌਜਵਾਨ ਕਿਸਾਨ ਨੇ ਆਪਣੇ ਦੋਸਤ ਸੁਖਵਿੰਦਰ ਸਿੰਘ ਦੀ ਮਦਦ ਨਾਲ ਦੋ ਬੇਲਰ ਅਤੇ ਦੋ ਰੇਕਸ ਸਮੇਤ ਚਾਰ ਨਵੀਆਂ ਮਸ਼ੀਨਾਂ ਖਰੀਦੀਆਂ ਹਨ।

ਇਸ ਸਾਲ ਇਕ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਦੀ ਉਮੀਦ ਜ਼ਾਹਿਰ ਕਰਦਿਆਂ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਉਸ ਨੇ ਇਸ ਸੀਜ਼ਨ ਵਿੱਚ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨੂੰ 160 ਰੁਪਏ ਪ੍ਰਤੀ ਕੁਇੰਟਲ ਅਤੇ 10 ਰੁਪਏ ਪ੍ਰਤੀ ਗੱਠ ਦੀ ਢੋਆ-ਢੁਆਈ ਦੇ ਹਿਸਾਬ ਨਾਲ 18 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪੁਸਵ ਬੇਲਰ, ਮਾਨਸਾ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 5000 ਕੁਇੰਟਲ ਪਰਾਲੀ ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਹੈ। ਉਸ ਵੱਲੋਂ ਪੰਜ ਹਜ਼ਾਰ ਕੁਇੰਟਲ ਪਰਾਲੀ ਸਥਾਨਕ ਗੁੱਜਰ ਭਾਈਚਾਰੇ ਨੂੰ ਸਪਲਾਈ ਕੀਤੀ ਜਾਵੇਗੀ।
ਉਸ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਅਤੇ ਹੋਰ ਨੇੜਲੇ ਪਿੰਡਾਂ ਵਿੱਚੋਂ ਲਗਭਗ 20,000 ਕੁਇੰਟਲ ਗੱਠਾਂ ਸਟੋਰ ਕਰਕੇ ਇਸ ਨੂੰ ਆਫ਼ ਸੀਜ਼ਨ ਵਿੱਚ ਲਗਭਗ 280 ਰੁਪਏ ਦੇ ਹਿਸਾਬ ਨਾਲ ਪੇਪਰ ਮਿੱਲਾਂ, ਬਾਇਓ-ਸੀਐਨਜੀ ਪਲਾਂਟਾਂ ਨੂੰ ਸਪਲਾਈ ਕਰੇਗਾ।
ਉਸ ਨੇ ਦੱਸਿਆ ਕਿ ਉਹ ਮਲੇਰਕੋਟਲਾ ਜ਼ਿਲ੍ਹੇ ਵਿੱਚ ਕਰੀਬ 1125 ਏਕੜ ਵਿੱਚੋਂ 18 ਹਜ਼ਾਰ ਕੁਇੰਟਲ ਗੱਠਾਂ ਇਕੱਠੀਆਂ ਕਰੇਗਾ।
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਾਤਾਵਰਣ ਸੁਰੱਖਿਆ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਇਸ ਨੌਜਵਾਨ ਕਿਸਾਨ ਨੂੰ ਵਧਾਈ ਦਿੰਦਿਆਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਤੋਂ ਪ੍ਰੇਰਨਾ ਲੈ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਨਾ ਸਾੜਨ ਸਬੰਧੀ ਲੋਕ ਹਿੱਤ ਵਿੱਚ ਚਲਾਈ ਜਾ ਮੁਹਿੰਮ ਦਾ ਹਿੱਸਾ ਬਣਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਮੌਜੂਦਾ ਵਾਢੀ ਦੇ ਸੀਜ਼ਨ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਸਰਫੇਸ ਸੀਡਰਾਂ ਸਮੇਤ ਲਗਭਗ 24,000 ਸੀ.ਆਰ.ਐਮ. ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…