ਹਾਈ ਕੋਰਟ ਵੱਲੋਂ ਰਾਜਜੀਤ ਹੁੰਦਲ ਨੂੰ ਝਟਕਾ, ਜਾਇਦਾਦ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਰੱਦ

ਨਸ਼ਾ ਤਸਕਰੀ: ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਜਾਂਚ ਵਿੱਚ ਸ਼ਾਮਲ

ਨਬਜ਼-ਏ-ਪੰਜਾਬ, ਮੁਹਾਲੀ, 20 ਅਕਤੂਬਰ:
ਪੰਜਾਬ ਪੁਲੀਸ ਦੇ ਬਹੁਚਰਚਿਤ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਅੱਜ ਮੁਹਾਲੀ ਵਿਖੇ ਐਨਡੀਪੀਐਸ ਮਾਮਲੇ ਵਿੱਚ ਐਸਟੀਐਫ਼ ਦੇ ਦਫ਼ਤਰ ਵਿੱਚ ਜਾਂਚ ਹੋਏ। ਰਾਜਜੀਤ ਹੁੰਦਲ ਬੇ-ਪਛਾਣ ਹੋਏ ਨਜ਼ਰ ਆਏ ਸਨ। ਉਨ੍ਹਾਂ ਦੀ ਦਾੜ੍ਹੀ ਕਾਫ਼ੀ ਵਧੀ ਹੋਈ ਸੀ ਜਦੋਂਕਿ ਡਿਊਟੀ ਦੌਰਾਨ ਉਹ ਹਮੇਸ਼ਾ ਆਪਣੀ ਦਾੜ੍ਹੀ ਕਾਫ਼ੀ ਛੋਟੀ (ਕੱਟ ਕੇ) ਰੱਖਦੇ ਸਨ। ਰਾਜਜੀਤ ਹੁੰਦਲ ਆਪਣੇ ਵਕੀਲ ਐਚਐਸ ਧਨੋਆ ਨਾਲ ਐਸਟੀਐਫ਼ ਦੇ ਦਫ਼ਤਰ ਪਹੁੰਚੇ ਅਤੇ ਜਾਂਚ ਵਿੱਚ ਸ਼ਾਮਲ ਹੋਏ। ਜਿੱਥੇ ਉਨ੍ਹਾਂ ਕੋਲੋਂ ਲੰਮੀ ਪੁੱਛਗਿੱਛ ਕੀਤੀ ਗਈ।
ਰਾਜਜੀਤ ਹੁੰਦਲ ਮੀਡੀਆ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟਦੇ ਨਜ਼ਰ ਆਏ। ਉਨ੍ਹਾਂ ਸਿਰਫ਼ ਏਨਾ ਹੀ ਕਿਹਾ ਕਿ ਉਹ ਜਾਂਚ ਵਿੱਚ ਸ਼ਾਮਲ ਹੋਣ ਆਏ ਹਨ। ਇਸ ਮਗਰੋਂ ਤੁਰੰਤ ਬਾਅਦ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਅੰਦਰ ਚਲੇ ਗਏ। ਪੁਲੀਸ ਅਧਿਕਾਰੀ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਹ ਰੂਪੋਸ਼ ਹੋ ਗਏ ਸੀ। ਉਨ੍ਹਾਂ ਖ਼ਿਲਾਫ਼ ਲੁਕਆਊਟ ਸਰਕੁਲਰ ਵੀ ਜਾਰੀ ਕੀਤੇ ਗਏ। ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਵੀ ਕੀਤੇ ਗਏ ਸਨ ਪ੍ਰੰਤੂ ਪਿਛਲੇ ਦਿਨੀਂ ਉੱਚ ਅਦਾਲਤ ਵੱਲੋਂ ਐਨਡੀਪੀਐਸ ਕੇਸ ਵਿੱਚ ਬਰਖ਼ਾਸਤ ਏਆਈਜੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਅਤੇ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਗਏ। ਜਿਸ ਦੇ ਚੱਲਦਿਆਂ ਏਆਈਜੀ ਹੁੰਦਲ ਅੱਜ ਜਾਂਚ ਵਿੱਚ ਸ਼ਾਮਲ ਹੋਏ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਬਰਖ਼ਾਸਤ ਏਆਈਜੀ ਦੇ ਵਕੀਲ ਐਚਐਸ ਧਨੋਆ ਨੇ ਕਿਹਾ ਕਿ ਰਾਜਜੀਤ ਹੁੰਦਲ ਦੇ ਖ਼ਿਲਾਫ਼ ਐਫ਼ਆਰਆਈ ਨੰਬਰ-1 ਸਾਲ 2017 ਵਿੱਚ ਦਰਜ ਕੀਤੀ ਗਈ ਸੀ ਜਦੋਂਕਿ ਦੂਜੀ ਐਫ਼ਆਰਆਈ ਨੰਬਰ-138 ਸਾਲ 2023 ਵਿੱਚ ਦਰਜ ਕੀਤੀ ਗਈ ਹੈ। ਐਡਵੋਕੇਟ ਧਨੋਆ ਨੇ ਦੱਸਿਆ ਕਿ ਏਆਈਜੀ ਹੁੰਦਲ ਰੋਜ਼ਾਨਾ ਸਵੇਰੇ 10 ਵਜੇ ਤੋਂ 1 ਵਜੇ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਜਾਂਚ ਵਿੱਚ ਸ਼ਾਮਲ ਹੋਣਗੇ। ਪ੍ਰੰਤੂ ਹੁਣ ਦੂਜੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਰੱਦ ਹੋਣ ਕਾਰਨ ਸਾਬਕਾ ਏਆਈਜੀ ਰੋਜ਼ਾਨਾ ਜਾਂਚ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ਉਧਰ, ਦੂਜੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਬਹੁਚਰਚਿਤ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਦੀਆਂ ਫਿਰ ਤੋਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮ ਅਧਿਕਾਰੀ ਨੂੰ ਵੱਡਾ ਝਟਕਾ ਦਿੰਦਿਆਂ ਇਸ ਮਾਮਲੇ ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋਂ ਵੱਲੋਂ ਸਾਬਕਾ ਏਆਈਜੀ ਦੇ ਖ਼ਿਲਾਫ਼ ਆਮਦਨ ਸਰੋਤਾਂ ਤੋਂ ਵਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਇੰਜ ਹੁਣ ਇਸ ਮਾਮਲੇ ਵਿੱਚ ਕਿਸੇ ਵੀ ਹੁੰਦਲ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਉਧਰ, ਉੱਚ ਅਦਾਲਤ ਵੱਲੋਂ ਪਿਛਲੇ ਦਿਨੀਂ ਐਨਡੀਪੀਐਸ ਮਾਮਲੇ ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਸੀ। ਜਿਸ ਕਾਰਨ ਉਹ ਅੱਜ ਮੁਹਾਲੀ ਸਥਿਤ ਐਸਟੀਐਫ਼ ਦੇ ਦਫ਼ਤਰ ਵਿੱਚ ਜਾਂਚ ਵਿੱਚ ਸ਼ਾਮਲ ਹੋਏ ਸੀ ਪਰ ਸ਼ਾਮ ਨੂੰ ਹਾਈ ਕੋਰਟ ਦਾ ਤਾਜ਼ਾ ਫ਼ੈਸਲਾ ਆਉਣ ਤੋਂ ਬਾਅਦ ਉਹ ਦੁਬਾਰਾ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਦੀ ਜਾਂਚ ਟੀਮ ਨੇ ਉਨ੍ਹਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …