ਪੰਜਾਬ ਪੁਲੀਸ ਵੱਲੋਂ ਗੈਂਗਸਟਰ ਬੰਬੀਹਾ ਗੈਂਗ ਦੇ ਚਾਰ ਮੁੱਖ ਸੰਚਾਲਕ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 2 ਅਤਿ-ਆਧੁਨਿਕ ਪਿਸਤੌਲਾਂ ਸਮੇਤ 4 ਹਥਿਆਰ ਬਰਾਮਦ

ਵਿਦੇਸ਼ੀ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਮੁਲਜ਼ਮ: ਡੀਜੀਪੀ

ਨਬਜ਼-ਏ-ਪੰਜਾਬ, ਮੁਹਾਲੀ, 20 ਅਕਤੂਬਰ:
ਪੰਜਾਬ ਪੁਲੀਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਮੁਹਾਲੀ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਬੰਬੀਹਾ ਗੈਂਗ ਦੇ ਚਾਰ ਮੁੱਖ ਸੰਚਾਲਕਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਲਖਵੀਰ ਕੁਮਾਰ ਉਰਫ਼ ਲੱਕੀ ਵਾਸੀ ਪਿੰਡ ਜਵਾਹਰਪੁਰ (ਡੇਰਾਬੱਸੀ), ਰਵੀ ਕੁਮਾਰ ਉਰਫ਼ ਫੌਜੀ ਵਾਸੀ ਪਿੰਡ ਗਧਾਪੁਰ (ਪਟਿਆਲਾ), ਗੁਰਵਿੰਦਰ ਸਿੰਘ ਉਰਫ਼ ਮੱਟੂ ਵਾਸੀ ਪਿੰਡ ਬਿਠੋਨੀਆ (ਪਟਿਆਲਾ) ਅਤੇ ਜਤਿੰਦਰ ਸਿੰਘ ਉਰਫ਼ ਸੋਨੀ ਵਾਸੀ ਡੇਰਾਬੱਸੀ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਚਾਰ ਪਿਸਤੌਲਾਂ, ਜਿਨ੍ਹਾਂ ਵਿੱਚ ਦੋ ਆਧੁਨਿਕ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਵਿਦੇਸ਼ੀ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਅਤੇ ਦੋ ਦੇਸੀ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 25 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਦੇ ਦੋ ਮੋਟਰ ਸਾਈਕਲ ਵੀ ਜ਼ਬਤ ਕੀਤੇ ਹਨ। ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ, ਭਗੌੜੇ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ਼ ਲੱਕੀ ਪਟਿਆਲ ਦੇ ਇਸ਼ਾਰਿਆਂ ’ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਡੀਜੀਪੀ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ਼ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਮੁਹਾਲੀ ਪੁਲੀਸ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਦੌਰਾਨ ਢਕੋਲੀ ਵਿੱਚ ਪੁਰਾਣੇ ਅੰਬਾਲਾ-ਕਾਲਕਾ ਰੋਡ ’ਤੇ ਸਥਿਤ ਡੀਪੀਐਸ ਸਕੂਲ ਦੇ ਨੇੜੀਓਂ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੇ ਦੋ ਮੋਟਰਸਾਈਕਲਾਂ ’ਤੇ ਕਿਧਰੇ ਜਾ ਰਹੇ ਸਨ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗੈਂਗਸਟਰ ਲੱਕੀ ਪਟਿਆਲ ਵੱਲੋਂ ਪੰਜਾਬ, ਚੰਡੀਗੜ੍ਹ ਅਤੇ ਗੁਆਂਢੀ ਸੂਬਿਆਂ ਵਿੱਚ ਵਿਸ਼ੇਸ਼ ਟੀਚਿਆਂ ’ਤੇ ਹਮਲਾ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਮੁੱਢਲੀ ਤਫ਼ਤੀਸ਼ ਬਾਰੇ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਬੰਬੀਹਾ ਗੈਂਗ ਵੱਲੋਂ ਕੀਤੇ ਗਏ ਅਪਰਾਧਾਂ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਢਕੋਲੀ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…