ਐਸਟੀਐਫ਼ ਵੱਲੋਂ ਮੁਹਾਲੀ ’ਚੋਂ 30 ਗਰਾਮ ਹੈਰੋਇਨ ਤੇ ਹਥਿਆਰਾਂ ਸਣੇ ਚਾਰ ਗ੍ਰਿਫ਼ਤਾਰ

ਮੁਲਜ਼ਮ, ਫਿਰੋਜ਼ਪੁਰ ਤੋਂ ਸਸਤੇ ਭਾਅ ਹੈਰੋਇਨ ਲਿਆ ਕੇ ਮੁਹਾਲੀ ਤੇ ਖਰੜ ਖੇਤਰ ਵਿੱਚ ਕਰਦੇ ਸੀ ਸਪਲਾਈ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਪੰਜਾਬ ਪੁਲੀਸ ਦੀ ਨਸ਼ਿਆਂ ਖ਼ਿਲਾਫ਼ ਗਠਿਤ ਸਪੈਸ਼ਲ ਟਾਸਕ ਫੋਰਸ ਥਾਣਾ ਫੇਜ਼-4, ਮੁਹਾਲੀ ਦੀ ਵਿਸ਼ੇਸ਼ ਟੀਮ ਨੇ 4 ਵਿਅਕਤੀਆਂ ਨੂੰ ਇੱਕ ਦੇਸੀ ਪਿਸਤੌਲ, 2 ਜਿੰਦਾ ਕਾਰਤੂਸ, .32 ਬੋਰ ਦੇ 10 ਕਾਰਤੂਸ ਅਤੇ 30 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਇੱਕ ਮਾਰੂਤੀ ਕਾਰ ਵੀ ਕਬਜ਼ੇ ਵਿੱਚ ਲਈ ਹੈ। ਐਸਟੀਐਫ਼ ਦੇ ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਦੇਵ ਉਰਫ਼ ਸੁੱਖਾ ਵਾਸੀ ਪਿੰਡ ਮੰਗਲਪੁਰ (ਹਰਿਆਣਾ), ਤੇਜਿੰਦਰ ਸਿੰਘ ਉਰਫ਼ ਤੇਜ਼ੀ ਵਾਸੀ ਪਿੰਡ ਕੰਬਾਲੀ (ਬੱਸੀ ਪਠਾਣਾ), ਸਮਰ ਸਿੰਘ ਉਰਫ਼ ਸਮਰਾ ਵਾਸੀ ਪਿੰਡ ਮੁਸਤੇ ਕੇ (ਫਿਰੋਜ਼ਪੁਰ) ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਪਿੰਡ ਜਾਮਾ ਰੱਖਈਆ ਹਿਠਾਰ (ਫਿਰੋਜ਼ਪੁਰ) ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਹ ਸਾਰੇ ਇੱਕ ਮਾਰੂਤੀ ਕਾਰ ਵਿੱਚ ਸਵਾਰ ਹੋ ਕੇ ਮੁਹਾਲੀ ਖੇਤਰ ਵਿੱਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਆਏ ਹੋਏ ਹਨ। ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਵੀ ਹੈ।
ਡੀਐਸਪੀ ਨੇ ਦੱਸਿਆ ਕਿ ਐਸਆਈ ਹਾਕਮ ਸਿੰਘ ਦੀ ਅਗਵਾਈ ਹੇਠ ਐਸਟੀਐਫ਼ ਦੀ ਟੀਮ ਵੱਲੋਂ ਮਦਨਪੁਰ ਚੌਕ ਨੇੜੇ ਨਾਕਾਬੰਦੀ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ 30 ਗਰਾਮ ਹੈਰੋਇਨ, ਇੱਕ ਦੇਸੀ ਕੱਟਾ ਸਮੇਤ 2 ਦੇਸੀ ਜਿੰਦਾ ਕਾਰਤੂਸ ਅਤੇ .32 ਬੋਰ ਦੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਸੁਖਦੇਵ ਸੁੱਖਾ ਖ਼ਿਲਾਫ਼ ਪਹਿਲਾਂ ਵੀ ਸੀਆਈਏ ਨਿਰਵਾਣਾ (ਹਰਿਆਣਾ) ਅਤੇ ਥਾਣਾ ਸਦਰ ਨਿਰਵਾਣਾ ਵਿੱਚ 4 ਪਰਚੇ ਦਰਜ ਹਨ ਜਿਨ੍ਹਾਂ ਵਿੱਚ ਉਹ ਭਗੌੜਾ ਚੱਲ ਰਿਹਾ ਹੈ ਅਤੇ ਆਪਣੀ ਗ੍ਰਿਫ਼ਤਾਰੀ ਤੋਂ ਬਚਨ ਲਈ ਘਰੋਂ ਭੱਜਿਆ ਹੋਇਆ ਹੈ। ਉਹ ਪਿਛਲੇ 8 ਮਹੀਨੇ ਤੋਂ ਸੰਤੇ ਮਾਜਰਾ ਦੀ ਇੱਕ ਸੁਸਾਇਟੀ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਿਹਾ ਸੀ ਅਤੇ ਫਿਰੋਜ਼ਪੁਰ ਤੋਂ ਸਸਤੇ ਭਾਅ ਹੈਰੋਇਨ ਲਿਆ ਕੇ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਵੇਚਦਾ ਹੈ। ਮੁਲਜ਼ਮ ਤੇਜਿੰਦਰ ਸਿੰਘ ਵੀ ਸੁੱਖੇ ਨਾਲ ਰਹਿੰਦਾ ਹੈ ਅਤੇ ਜਦੋਂ ਵੀ ਬਾਹਰ ਹੈਰੋਇਨ ਦੀ ਸਪਲਾਈ ਦੇਣ ਜਾਂਦੇ ਹਨ ਤਾਂ ਇਹ ਗੱਡੀ ਚਲਾ ਕੇ ਲਿਜਾਂਦਾ ਸੀ।
ਐਸਟੀਐਫ਼ ਅਨੁਸਾਰ ਮੁਲਜ਼ਮ ਸਮਰ ਸਿੰਘ ਸਮਰਾ ਇੰਨ ਡਰਾਇਵ ਵਿੱਚ ਗੱਡੀ ਚਲਾਉਂਦਾ ਹੈ ਅਤੇ ਉਸ ਦੇ ਵਿਰੁੱਧ ਥਾਣਾ ਐਸਐਸਓਸੀ ਫਾਜ਼ਿਲਕਾ ਵਿੱਚ ਪਰਚਾ ਦਰਜ ਹੈ। ਜਿਸ ਵਿੱਚ ਉਸ ਨੂੰ ਸਾਥੀਆਂ ਸਮੇਤ 3 ਕਿੱਲੋ ਹੈਰੋਇਨ ਅਤੇ 250 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਹ ਕਰੀਬ 3 ਸਾਲ ਜੇਲ੍ਹ ਵਿੱਚ ਵੀ ਰਿਹਾ ਹੈ। ਉਸ ਦੇ ਖ਼ਿਲਾਫ਼ ਥਾਣਾ ਗੰਗਾਨਗਰ (ਰਾਜਸਥਾਨ) ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਹੈ।
ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਦਾ ਕੇਸ ਦਰਜ ਹੈ। ਉਸ ਕੋਲੋਂ 60 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਚਾਰੇ ਵਿਅਕਤੀ ਫਿਰੋਜ਼ਪੁਰ ਤੋਂ ਸਸਤੇ ਭਾਅ ’ਤੇ ਹੈਰੋਇਨ ਖ਼ਰੀਦ ਕੇ ਮੁਹਾਲੀ, ਖਰੜ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਵੇਚਦੇ ਹਨ। ਜਦੋਂ ਮੁਲਜ਼ਮ ਹੈਰੋਇਨ ਲੈ ਕੇ ਆਉਂਦੇ ਹਨ ਤਾਂ ਉਹ ਮੁਹਾਲੀ, ਬਲੌਂਗੀ, ਖਰੜ ਅਤੇ ਨਵਾਂ ਗਰਾਓਂ ਖੇਤਰ ਵਿੱਚ ਵੱਖੋ-ਵੱਖਰੇ ਟਕਾਣਿਆਂ ’ਤੇ ਠਹਿਰਦੇ ਹਨ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…