Share on Facebook Share on Twitter Share on Google+ Share on Pinterest Share on Linkedin ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਜੇਲ੍ਹ ਭੇਜਿਆ ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨਾਲ ਕਥਿਤ ਛੇੜਛਾੜ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਅਪਮਾਨ-ਜਨਕ ਟਿੱਪਣੀਆਂ ਕਰਨਾ ਕਾਫ਼ੀ ਮਹਿੰਗਾ ਪੈ ਗਿਆ ਜਦੋਂ ਮੁਹਾਲੀ ਪੁਲੀਸ ਨੇ ਅਕਾਲੀ ਆਗੂ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਕੇ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਹਾਲੀ ਅਦਾਲਤ ਨੇ ਅਕਾਲੀ ਆਗੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਵਿਰਸਾ ਸਿੰਘ ਵਲਟੋਹਾ, ਡਾ. ਦਲਜੀਤ ਸਿੰਘ ਚੀਮਾ ਅਤੇ ਹੋਰਨਾਂ ਆਗੂਆਂ ਵੱਲੋਂ ਪਹਿਲਾਂ ਮੁਹਾਲੀ ਦੇ ਐੱਸਐੱਸਪੀ ਦਫ਼ਤਰ ਅਤੇ ਫਿਰ ਦੇਰ ਰਾਤ ਤੱਕ ਮਟੌਰ ਥਾਣੇ ਦੀ ਘੇਰਾਬੰਦੀ ਕਰਕੇ ਰੱਖੀ ਗਈ। ਅਕਾਲੀ ਆਗੂ ਅਤੇ ਵਰਕਰ ਮਟੌਰ ਥਾਣੇ ਦੇ ਅੰਦਰ ਹੀ ਧਰਨਾ ਲਗਾ ਕੇ ਬੈਠ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਦਬਾਅ ਨੂੰ ਦੇਖਦੇ ਹੋਏ ਮੁਹਾਲੀ ਪੁਲੀਸ ਵੱਲੋਂ ਕਰੀਬ ਅੱਧੀ ਰਾਤ ਨੂੰ ਬੰਟੀ ਰੋਮਾਣਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਵੀ ਪੁਲੀਸ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਅਕਾਲੀ ਆਗੂ ਨੂੰ ਸਮੇਂ ਸਿਰ ਸਬੰਧਤ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਕੀਤਾ ਗਿਆ? ਪ੍ਰੰਤੂ ਪੁਲੀਸ ਅਧਿਕਾਰੀਆਂ ਨੂੰ ਕੋਈ ਗੱਲ ਨਹੀਂ ਅੌੜੀ। ਬਾਅਦ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਕਾਲੀ ਆਗੂ ਬੰਟੀ ਰੋਮਾਣਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਅਕਾਲੀ ਆਗੂ ਵੱਲੋਂ ਆਪਣੇ ਟਵਿੱਟਰ ਅਕਾਉਂਟ ’ਤੇ ਟੈਂਪਰ ਕਰਕੇ ਅਪਲੋਡ ਕੀਤੇ ਕੰਵਰ ਗਰੇਵਾਲ ਗੀਤ ਦੀ ਵੀਡੀਓ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ਦਾ ਸੂਬਾ ਸਰਕਾਰ ਨੇ ਗੰਭੀਰ ਨੋਟਿਸ ਲੈਂਦਿਆਂ ਉਕਤ ਕਾਰਵਾਈ ਕੀਤੀ ਗਈ। ਇਸ ਸਬੰਧੀ ਮੁਹਾਲੀ ਦੇ ਸੈਕਟਰ-70 ਸਥਿਤ ਮਟੌਰ ਥਾਣੇ ਵਿੱਚ ਬੰਟੀ ਰੋਮਾਣਾ ਖ਼ਿਲਾਫ਼ ਧਾਰਾ 406,469,500, 43 ਅਤੇ 66 ਆਈਟੀ ਐਕਟ ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਹੈ। ਉਧਰ, ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅਕਾਲੀ ਦਲ ਝੂਠੇ ਪਰਚਿਆਂ ਤੋਂ ਡਰ ਕੇ ਘਰ ਬੈਠਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਸਮਾਂ ਨੇੜੇ ਆ ਰਿਹਾ ਹੈ, ਅੱਜ ਜਿਹੜੇ ਅਫ਼ਸਰ ਅੱਜ ਭਗਵੰਤ ਮਾਨ ਨੂੰ ਸਲੂਟ ਮਾਰ ਰਹੇ ਹਨ, ਉਹੀ ਉਨ੍ਹਾਂ ਨੂੰ ਫੜ ਕੇ ਹਵਾਲਾਤ ਵਿੱਚ ਦੇਣਗੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾ ਕੇ ਜੋ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਹਨ, ਉਸ ਦੇ ਹੁਕਮਰਾਨਾਂ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਕਾਲੀ ਆਗੂਆਂ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਜਜਮੈਂਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਖ਼ਿਲਾਫ਼ ਸੁਸਾਈਡ ਨੋਟ ਲਿਖ ਕੇ ਆਤਮ ਹੱਤਿਆ ਕਰਦਾ ਹੈ ਤਾਂ ਮੁੱਢਲੀ ਜਾਂਚ ਤੋਂ ਤੁਰੰਤ ਬਾਅਦ ਸਬੰਧਤ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਬਣਦਾ ਹੈ ਪਰ ਪੰਜਾਬ ਵਿੱਚ ਆਪਣਿਆਂ ਅਤੇ ਬੇਗਾਨਿਆਂ ਲਈ ਕਾਨੂੰਨ ਵੀ ਵੱਖੋ-ਵੱਖਰੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ’ਤੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਦਾ ਦੋਸ਼ ਲਾਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ