ਮੁਹਾਲੀ ਪੁਲੀਸ ਦੀ ਵੱਡੀ ਪ੍ਰਾਪਤੀ: ਬੱਬਰ ਖ਼ਾਲਸਾ ਦੇ ਤਿੰਨ ਕਾਰਕੁਨ ਭਾਰੀ ਅਸਲੇ ਸਣੇ ਗ੍ਰਿਫ਼ਤਾਰ

ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਰਹੱਦੋਂ ਪਾਰ ਡਰੋਨ ਰਾਹੀਂ ਪਹੁੰਚਾਏ ਗਏ ਸੀ ਵਿਦੇਸ਼ ਹਥਿਆਰ

ਮੁਲਜ਼ਮਾਂ ਕੋਲੋਂ 6 ਪਿਸਤੌਲ ਤੇ 275 ਕਾਰਤੂਸ ਬਰਾਮਦ, ਰਿੰਦਾਂ ਦੇ ਇਸ਼ਾਰੇ ’ਤੇ ਕਰਦੇ ਸੀ ਵਾਰਦਾਤਾਂ

ਨਬਜ਼-ਏ-ਪੰਜਾਬ, ਮੁਹਾਲੀ, 28 ਅਕਤੂਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਵੱਲੋਂ ਫੜੇ ਗਏ ਮੁਲਜ਼ਮ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਲੁਕ ਕੇ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾਂ ਦੇ ਸਾਥੀ ਦੱਸੇ ਜਾ ਰਹੇ ਹਨ ਅਤੇ ਉਸ ਦੇ ਇਸ਼ਾਰੇ ’ਤੇ ਮਿੱਥ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ਕੀਲ ਅਹਿਮਦ ਉਰਫ਼ ਲਾਡੀ ਗੁੱਜਰ ਵਾਸੀ ਪਿੰਡ ਸੰਧਵਾਂ ਥਾਣਾ ਧਾਰੀਵਾਲ (ਗੁਰਦਾਸਪੁਰ), ਲਵਪ੍ਰੀਤ ਸਿੰਘ ਉਰਫ਼ ਲੰਬੂ ਉਰਫ਼ ਸੰਧੂ ਵਾਸੀ ਪਿੰਡ ਦਾਦੂ ਜੋਧ (ਫਤਿਹਗੜ੍ਹ ਚੂੜੀਆਂ), ਸਰੂਪ ਸਿੰਘ ਉਰਫ਼ ਰੂਪ ਉਰਫ਼ ਘੁੱਲਾ ਵਾਸੀ ਪਿੰਡ ਕੋਠਾ, ਥਾਣਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 6 ਪਿਸਤੌਲ ਅਤੇ 275 ਕਾਰਤੂਸ ਬਰਾਮਦ ਕੀਤੇ ਗਏ ਹਨ। ਜਦੋਂਕਿ ਇਨ੍ਹਾਂ ਦੇ ਇੱਕ ਸਾਥੀ ਨਿਰਵੈਰ ਸਿੰਘ ਉਰਫ਼ ਸਹਿਜਪ੍ਰੀਤ ਸਿੰਘ ਉਰਫ਼ ਸੰਨੀ ਵਾਸੀ ਪਿੰਡ ਕੋਠਾ, ਥਾਣਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਨੂੰ ਫਾਜ਼ਿਲਕਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਮੁਲਜ਼ਮ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ।
ਆਈਜੀ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਰਿੰਦਾਂ ਨਾਲ ਰਲ ਕੇ ਪੰਜਾਬ ਸਮੇਤ ਗੁਆਂਢੀ ਰਾਜਾਂ ਵਿੱਚ ਦੇਸ ਵਿਰੋਧੀ ਅੱਤਵਾਦੀ ਗਤੀਵਿਧੀਆਂ ਚਲਾ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਤਾਕ ਵਿੱਚ ਸਨ ਪੰ੍ਰਤੂ ਪੁਲੀਸ ਨੇ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਵਿਦੇਸ਼ੀ ਹਥਿਆਰ ਸਰਹੱਦੋਂ ਪਾਰ ਡਰੋਨ ਰਾਹੀਂ ਪੰਜਾਬ ਵਿੱਚ ਪਹੁੰਚਾਏ ਗਏ ਸਨ।
ਆਈਜੀ ਭੁੱਲਰ ਨੇ ਦੱਸਿਆ ਕਿ ਉਪਰੋਕਤ ਸਾਰੇ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ। ਉਨ੍ਹਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ, ਅਸਲਾ ਐਕਟ ਅਤੇ ਜਾਇਦਾਦਾਂ ਸਬੰਧੀ ਝਗੜਿਆਂ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਬਾਰੇ ਮੁਹਾਲੀ ਪੁਲੀਸ ਨੂੰ ਗੁਪਤਾ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ’ਤੇ ਐੱਸਐੱਸਪੀ ਸੰਦੀਪ ਗਰਗ ਦੀ ਨਿਗਰਾਨੀ ਹੇਠ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਪੁਲੀਸ ਅਨੁਸਾਰ ਮੁਲਜ਼ਮ ਪੰਜਾਬ ਦੇ ਇੱਕ ਵੱਡੇ ਸ਼ਹਿਰ ਵਿੱਚ ਕਿਸੇ ਨਾਮੀ ਸ਼ਖ਼ਸੀਅਤ ਨੂੰ ਮਾਰ ਮੁਕਾਉਣ ਦੀ ਯੋਜਨਾ ਘੜ ਰਹੇ ਸੀ। ਇਸ ਸਬੰਧੀ ਸਬੰਧਤ ਵਿਅਕਤੀ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਦੋਂ ਪੁਲੀਸ ਪੀੜਤ ਵਿਅਕਤੀ ਅਤੇ ਵੱਡੇ ਸ਼ਹਿਰ ਬਾਰੇ ਪੁੱਛਿਆ ਗਿਆ ਤਾਂ ਆਈਜੀ ਭੁੱਲਰ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਇਹ ਸੁਰੱਖਿਆ ਅਤੇ ਜਾਂਚ ਦਾ ਹਿੱਸਾ ਹੈ। ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਇਹ ਗੱਲ ਜਨਤਕ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ .9 ਐਮਐਮ ਦੇ ਤਿੰਨ ਪਿਸਤੌਲ, .30 ਬੋਰ ਦੇ ਤਿੰਨ ਪਿਸਤੌਲ, .9 ਬੋਰ ਦੇ 30 ਕਾਰਤੂਸ, .30 ਬੋਰ ਦੇ 195 ਕਾਰਤੂਸ, .32 ਬੋਰ ਦੇ 50 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਅੱਤਵਾਦੀ ਗਤੀਵਿਧੀਆਂ ਬਾਰੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…